ਬਟਾਲਾ ਨਗਰ ਨਿਗਮ 'ਚ ਬੰਬ ਦੀ ਧਮਕੀ ਤੋਂ ਬਾਅਦ ਹਫੜਾ-ਦਫੜੀ, ਮੀਟਿੰਗ ਵਿਚਕਾਰ ਛੱਡ ਖਾਲੀ ਕਰਵਾਇਆ ਦਫ਼ਤਰ; ਪੁਲਿਸ ਤੇ ਡਾਗ ਸਕੁਐਡ ਵੱਲੋਂ ਜਾਂਚ ਜਾਰੀ
ਬਟਾਲਾ ਨਗਰ ਨਿਗਮ ਦਫ਼ਤਰ ਵਿਖੇ ਵਿਕਾਸ ਕਾਰਜਾਂ ਅਤੇ ਆਉਣ ਵਾਲੇ 15 ਅਗਸਤ ਸਮਾਗਮਾਂ ਦੀਆਂ ਤਿਆਰੀਆਂ ਨੂੰ ਲੈ ਕੇ ਅਧਿਕਾਰੀਆਂ ਦੀ ਅਹਿਮ ਮੀਟਿੰਗ ਚੱਲ ਰਹੀ ਸੀ। ਮੀਟਿੰਗ ਵਿੱਚ ਡੀਸੀ ਗੁਰਦਾਸਪੁਰ, ਏਡੀਸੀ, ਨਗਰ ਨਿਗਮ ਕਮਿਸ਼ਨਰ, ਮੇਅਰ ਭੁਪਿੰਦਰ ਸਿੰਘ ਬਾਜਵਾ ਅਤੇ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਸਮੇਤ ਹੋਰ ਅਧਿਕਾਰੀ ਮੌਜੂਦ ਸਨ।
Publish Date: Wed, 12 Aug 2026 03:20 PM (IST)
Updated Date: Wed, 12 Aug 2026 03:21 PM (IST)
ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ - ਬਟਾਲਾ ਨਗਰ ਨਿਗਮ ਦਫ਼ਤਰ ਵਿਖੇ ਵਿਕਾਸ ਕਾਰਜਾਂ ਅਤੇ ਆਉਣ ਵਾਲੇ 15 ਅਗਸਤ ਸਮਾਗਮਾਂ ਦੀਆਂ ਤਿਆਰੀਆਂ ਨੂੰ ਲੈ ਕੇ ਅਧਿਕਾਰੀਆਂ ਦੀ ਅਹਿਮ ਮੀਟਿੰਗ ਚੱਲ ਰਹੀ ਸੀ। ਮੀਟਿੰਗ ਵਿੱਚ ਡੀਸੀ ਗੁਰਦਾਸਪੁਰ, ਏਡੀਸੀ, ਨਗਰ ਨਿਗਮ ਕਮਿਸ਼ਨਰ, ਮੇਅਰ ਭੁਪਿੰਦਰ ਸਿੰਘ ਬਾਜਵਾ ਅਤੇ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਸਮੇਤ ਹੋਰ ਅਧਿਕਾਰੀ ਮੌਜੂਦ ਸਨ।
ਇਸੇ ਦੌਰਾਨ ਨਗਰ ਨਿਗਮ ਦਫ਼ਤਰ ਨੂੰ ਬੰਬ ਦੀ ਧਮਕੀ ਮਿਲਣ ਦੀ ਸੂਚਨਾ ਸਾਹਮਣੇ ਆਉਂਦੇ ਹੀ ਮੀਟਿੰਗ ਨੂੰ ਅੱਧ ਵਿਚਾਲੇ ਰੋਕ ਦਿੱਤਾ ਗਿਆ। ਧਮਕੀ ਦੀ ਜਾਣਕਾਰੀ ਮਿਲਦਿਆਂ ਹੀ ਨਗਰ ਨਿਗਮ ਦੇ ਸਮੂਹ ਸਟਾਫ ਅਤੇ ਮੌਕੇ ’ਤੇ ਮੌਜੂਦ ਹੋਰ ਲੋਕਾਂ ਨੂੰ ਤੁਰੰਤ ਦਫ਼ਤਰ ਤੋਂ ਬਾਹਰ ਕੱਢਿਆ ਗਿਆ ਅਤੇ ਨਗਰ ਨਿਗਮ ਦੀ ਇਮਾਰਤ ਨੂੰ ਖਾਲੀ ਕਰਵਾ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਬਟਾਲਾ ਦੇ ਐਸਐਚਓ ਗੁਰਇਕਬਾਲ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ। ਇਸ ਤੋਂ ਬਾਅਦ ਬੰਬ ਸਕੁਐਡ, ਡਾਗ ਸਕੁਐਡ ਅਤੇ ਐਂਟੀ-ਸੈਬੋਟਾਜ਼ ਟੀਮਾਂ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ। ਸੁਰੱਖਿਆ ਟੀਮਾਂ ਵੱਲੋਂ ਨਗਰ ਨਿਗਮ ਦਫ਼ਤਰ ਦੇ ਚੱਪੇ-ਚੱਪੇ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ।
ਜਾਣਕਾਰੀ ਦਿੰਦਿਆਂ ਐਸਐਚਓ ਸਿਟੀ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਬਟਾਲਾ ਨੂੰ ਮਿਲੀ ਧਮਕੀ ਦੇ ਮੱਦੇਨਜ਼ਰ ਡਾਗ ਸਕੁਐਡ ਦੀ ਟੀਮ ਨੂੰ ਬੁਲਾਇਆ ਗਿਆ ਹੈ ਅਤੇ ਸੁਰੱਖਿਆ ਦੇ ਮੱਦੇਨਜ਼ਰ ਪੂਰੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਨਗਰ ਨਿਗਮ ਨੂੰ ਕਥਿਤ ਤੌਰ ’ਤੇ ਇੱਕ ਧਮਕੀ ਭਰੀ ਈਮੇਲ ਮਿਲਣ ਦੀ ਗੱਲ ਸਾਹਮਣੇ ਆਈ ਹੈ। ਹਾਲਾਂਕਿ ਇਹ ਈਮੇਲ ਕਿਸ ਵੱਲੋਂ ਭੇਜੀ ਗਈ ਅਤੇ ਇਸ ਵਿੱਚ ਕੀ ਧਮਕੀ ਦਿੱਤੀ ਗਈ, ਇਸ ਸਬੰਧੀ ਅਜੇ ਵਿਸਥਾਰਪੂਰਵਕ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ।
ਧਮਕੀ ਦੀ ਸੂਚਨਾ ਮਿਲਣ ਤੋਂ ਬਾਅਦ ਅਧਿਕਾਰੀਆਂ ਨੇ ਸਾਵਧਾਨੀ ਵਜੋਂ ਤੁਰੰਤ ਦਫ਼ਤਰ ਖਾਲੀ ਕਰਵਾਇਆ। ਨਗਰ ਨਿਗਮ ਦੇ ਕਈ ਅਧਿਕਾਰੀ ਆਪਣੇ ਦਫ਼ਤਰਾਂ ਨੂੰ ਤਾਲੇ ਲਗਾ ਕੇ ਬਾਹਰ ਨਿਕਲਦੇ ਦੇਖੇ ਗਏ। ਇਸ ਘਟਨਾ ਕਾਰਨ ਪੂਰੇ ਨਗਰ ਨਿਗਮ ਕੰਪਲੈਕਸ ਵਿੱਚ ਕਾਫ਼ੀ ਸਮੇਂ ਤੱਕ ਹਫੜਾ-ਦਫੜੀ ਵਾਲਾ ਮਾਹੌਲ ਬਣਿਆ ਰਿਹਾ। 15 ਅਗਸਤ ਤੋਂ ਠੀਕ ਪਹਿਲਾਂ ਸਰਕਾਰੀ ਦਫ਼ਤਰ ਨੂੰ ਮਿਲੀ ਇਸ ਕਥਿਤ ਧਮਕੀ ਨੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ। ਪੁਲਿਸ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਧਮਕੀ ਦੀ ਪੁਸ਼ਟੀ ਅਤੇ ਸਰੋਤ ਸਬੰਧੀ ਅਧਿਕਾਰਤ ਜਾਣਕਾਰੀ ਦੀ ਉਡੀਕ ਹੈ।