ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤੇ ਖ਼ਿਲਾਫ਼ ਭੜਕੇ ਕਿਸਾਨ, ਬਟਾਲਾ ਦੀਆਂ ਸੜਕਾਂ 'ਤੇ ਉਤਰਿਆ ਹਜ਼ਾਰਾਂ ਮੋਟਰਸਾਈਕਲਾਂ ਦਾ ਸੈਲਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਦੇਸ਼ ਬਚਾਓ ਮੋਰਚੇ ਦੇ ਸੱਦੇ ਤਹਿਤ ਅੱਜ ਬਟਾਲਾ 'ਚ ਭਾਰਤ-ਅਮਰੀਕਾ ਕਰ ਮੁਕਤ ਵਪਾਰ (ਟਰੇਡ ਡੀਲ) ਦੇ ਵਿਰੋਧ 'ਚ ਹਜ਼ਾਰਾਂ ਕਿਸਾਨਾਂ ਨੇ ਵਿਸ਼ਾਲ ਮੋਟਰਸਾਈਕਲ ਮਾਰਚ ਕੱਢਿਆ। ਇਹ ਮਾਰਚ ਬਟਾਲਾ ਦੇ ਵੱਖ-ਵੱਖ ਖੇਤਰਾਂ 'ਚੋਂ ਲੰਘਿਆ, ਜਿਸ ਦੌਰਾਨ ਕਿਸਾਨਾਂ ਨੇ ਭਾਰਤ-ਅਮਰੀਕਾ ਕਰ ਮੁਕਤ ਵਪਾਰ ਰੱਦ ਕਰੋ, ਖੇਤੀ ਸੈਕਟਰ ਨੂੰ ਟਰੇਡ ਡੀਲ 'ਚੋਂ ਬਾਹਰ ਰੱਖੋ, ਕਿਸਾਨ-ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਗੂੰਜਦੇ ਨਾਅਰੇ ਲਗਾਏ।
Publish Date: Wed, 15 Jul 2026 03:04 PM (IST)
Updated Date: Wed, 15 Jul 2026 03:08 PM (IST)
ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਦੇਸ਼ ਬਚਾਓ ਮੋਰਚੇ ਦੇ ਸੱਦੇ ਤਹਿਤ ਅੱਜ ਬਟਾਲਾ 'ਚ ਭਾਰਤ-ਅਮਰੀਕਾ ਕਰ ਮੁਕਤ ਵਪਾਰ (ਟਰੇਡ ਡੀਲ) ਦੇ ਵਿਰੋਧ 'ਚ ਹਜ਼ਾਰਾਂ ਕਿਸਾਨਾਂ ਨੇ ਵਿਸ਼ਾਲ ਮੋਟਰਸਾਈਕਲ ਮਾਰਚ ਕੱਢਿਆ। ਇਹ ਮਾਰਚ ਬਟਾਲਾ ਦੇ ਵੱਖ-ਵੱਖ ਖੇਤਰਾਂ 'ਚੋਂ ਲੰਘਿਆ, ਜਿਸ ਦੌਰਾਨ ਕਿਸਾਨਾਂ ਨੇ ਭਾਰਤ-ਅਮਰੀਕਾ ਕਰ ਮੁਕਤ ਵਪਾਰ ਰੱਦ ਕਰੋ, ਖੇਤੀ ਸੈਕਟਰ ਨੂੰ ਟਰੇਡ ਡੀਲ 'ਚੋਂ ਬਾਹਰ ਰੱਖੋ, ਕਿਸਾਨ-ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਗੂੰਜਦੇ ਨਾਅਰੇ ਲਗਾਏ। ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਭਾਰਤ-ਅਮਰੀਕਾ ਟਰੇਡ ਡੀਲ ਨਾਲ ਦੇਸ਼ ਦੀ ਖੇਤੀ, ਕਿਸਾਨਾਂ ਦੀ ਆਮਦਨ ਅਤੇ ਖੁਰਾਕੀ ਸੁਰੱਖਿਆ ਨੂੰ ਗੰਭੀਰ ਖ਼ਤਰਾ ਪੈਦਾ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਖੇਤੀਬਾੜੀ ਸੈਕਟਰ ਨੂੰ ਇਸ ਸਮਝੌਤੇ 'ਚ ਸ਼ਾਮਲ ਕੀਤਾ ਗਿਆ ਤਾਂ ਵਿਦੇਸ਼ੀ ਕੰਪਨੀਆਂ ਦਾ ਦਬਦਬਾ ਵਧੇਗਾ ਅਤੇ ਦੇਸ਼ ਦੇ ਕਰੋੜਾਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਰੋਜ਼ੀ-ਰੋਟੀ ਪ੍ਰਭਾਵਿਤ ਹੋਵੇਗੀ।
ਇਸ ਲਈ ਕੇਂਦਰ ਸਰਕਾਰ ਨੂੰ ਖੇਤੀ ਸੈਕਟਰ ਨੂੰ ਟਰੇਡ ਡੀਲ 'ਚੋਂ ਪੂਰੀ ਤਰ੍ਹਾਂ ਬਾਹਰ ਰੱਖਣਾ ਚਾਹੀਦਾ ਹੈ। ਮਾਰਚ ਦੀ ਸਮਾਪਤੀ ਉਪਰੰਤ ਕਿਸਾਨਾਂ ਦੇ ਵਫ਼ਦ ਨੇ ਭਾਰਤ ਦੇ ਰਾਸ਼ਟਰਪਤੀ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ’ਤੇ ਐੱਸ.ਡੀ.ਐੱਮ ਦਫਤਰ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪੇ। ਮੰਗ ਪੱਤਰ 'ਚ ਭਾਰਤ-ਅਮਰੀਕਾ ਕਰ ਮੁਕਤ ਵਪਾਰ ਨੂੰ ਰੱਦ ਕਰਨ, ਖੇਤੀ ਸੈਕਟਰ ਨੂੰ ਟਰੇਡ ਡੀਲ ਤੋਂ ਬਾਹਰ ਰੱਖਣ ਅਤੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਠੋਸ ਨੀਤੀ ਬਣਾਉਣ ਦੀ ਮੰਗ ਕੀਤੀ ਗਈ।
ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਨਜ਼ਰ ਅੰਦਾਜ ਕੀਤਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਆਉਣ ਵਾਲੇ ਦਿਨਾਂ 'ਚ ਵੱਡੇ ਪੱਧਰ ’ਤੇ ਜਨ ਅੰਦੋਲਨ ਖੜ੍ਹਾ ਕੀਤਾ ਜਾਵੇਗਾ। ਇਸ ਮੌਕੇ ਜਿਲਾ ਪ੍ਰਧਾਨ ਹਰਭਜਨ ਸਿੰਘ ਵੈਰੋਨੰਗਲ, ਝਿਰਮਲ ਸਿੰਘ ਬੱਜੂਮਾਨ, ਰਛਪਾਲ ਸਿੰਘ ਚੀਮਾ, ਕੰਵਲਜੀਤ ਸਿੰਘ ਪੰਜਗਰਾਈਂਆ,ਹਰਦੀਪ ਸਿੰਘ ਮਹਿਤਾ, ਨਰਿੰਦਰ ਸਿੰਘ ਰੰਗੜ ਨੰਗਲ, ਲਖਵਿੰਦਰ ਸਿੰਘ ਅੰਮੋਨੰਗਲ, ਗੁਰਦੀਪ ਸਿੰਘ ਮਰੜ,ਜੋਗਾ ਸਿੰਘ, ਹਰਜੀਤ ਸਿੰਘ ਲੀਲ੍ਹ ਕਲਾ, ਰਾਮਜੀਤ ਸਿੰਘ,ਜਸਦੇਵ ਸਿੰਘ, ਗੁਰਪ੍ਰੀਤ ਸਿੰਘ, ਤਜਿੰਦਰ ਸਿੰਘ ਕੰਡਿਆਲ, ਮਨਜੀਤ ਸਿੰਘ ਨਾਗਰਾ, ਬਲਵਿੰਦਰ ਸਿੰਘ ਬਾਜਵਾ ਆਦਿ ਹਾਜ਼ਰ ਸਨ।