- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਕਸਰ ਦੇਖਿਆ ਜਾਂਦਾ ਹੈ ਕਿ ਜਿੱਥੇ ਆਮ ਲੋਕ ਅਤੇ ਹੋਰ ਸਰਕਾਰੀ ਮੁਲਾਜ਼ਮ ਦਿਨ-ਤਿਉਹਾਰ ਅਤੇ ਖ਼ਾਸ ਮੌਕਿਆਂ 'ਤੇ ਆਪਣੇ ਪਰਿਵਾਰ ਨਾਲ ਖੁਸ਼ੀਆਂ ਮਨਾਉਂਦੇ ਹਨ, ਉੱਥੇ ਪੰਜਾਬ ਪੁਲਿਸ ਦੇ ਜਵਾਨ ਅਤੇ ਅਧਿਕਾਰੀ ਇਨ੍ਹਾਂ ਦਿਨਾਂ ਦੌਰਾਨ ਵੀ ਆਪਣੀ ਡਿਊਟੀ 'ਤੇ ਤਨਦੇਹੀ ਨਾਲ ਤਾਇਨਾਤ ਰਹਿੰਦੇ ਹਨ। ਦਿਵਾਲੀ, ਹੋਲੀ, ਆਜ਼ਾਦੀ ਦਿਵਸ ਜਾਂ ਹੋਰ ਵੱਡੇ ਤਿਉਹਾਰਾਂ ਮੌਕੇ ਤਾਂ ਪੁਲਿਸ ਦੀਆਂ ਜ਼ਿੰਮੇਵਾਰੀਆਂ ਹੋਰ ਵੀ ਵੱਧ ਜਾਂਦੀਆਂ ਹਨ।

ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ : ਅਕਸਰ ਦੇਖਿਆ ਜਾਂਦਾ ਹੈ ਕਿ ਜਿੱਥੇ ਆਮ ਲੋਕ ਅਤੇ ਹੋਰ ਸਰਕਾਰੀ ਮੁਲਾਜ਼ਮ ਦਿਨ-ਤਿਉਹਾਰ ਅਤੇ ਖ਼ਾਸ ਮੌਕਿਆਂ 'ਤੇ ਆਪਣੇ ਪਰਿਵਾਰ ਨਾਲ ਖੁਸ਼ੀਆਂ ਮਨਾਉਂਦੇ ਹਨ, ਉੱਥੇ ਪੰਜਾਬ ਪੁਲਿਸ ਦੇ ਜਵਾਨ ਅਤੇ ਅਧਿਕਾਰੀ ਇਨ੍ਹਾਂ ਦਿਨਾਂ ਦੌਰਾਨ ਵੀ ਆਪਣੀ ਡਿਊਟੀ 'ਤੇ ਤਨਦੇਹੀ ਨਾਲ ਤਾਇਨਾਤ ਰਹਿੰਦੇ ਹਨ। ਦਿਵਾਲੀ, ਹੋਲੀ, ਆਜ਼ਾਦੀ ਦਿਵਸ ਜਾਂ ਹੋਰ ਵੱਡੇ ਤਿਉਹਾਰਾਂ ਮੌਕੇ ਤਾਂ ਪੁਲਿਸ ਦੀਆਂ ਜ਼ਿੰਮੇਵਾਰੀਆਂ ਹੋਰ ਵੀ ਵੱਧ ਜਾਂਦੀਆਂ ਹਨ।
ਅਜਿਹਾ ਹੀ ਇੱਕ ਭਾਵੁਕ ਮੰਜ਼ਰ ਬਟਾਲਾ ਦੇ ਥਾਣਾ ਸਿਵਲ ਲਾਈਨ ਵਿੱਚ ਵੇਖਣ ਨੂੰ ਮਿਲਿਆ, ਜਿੱਥੇ ਥਾਣਾ ਮੁਖੀ (SHO) ਇੰਸਪੈਕਟਰ ਗੁਰਮੀਤ ਸਿੰਘ ਆਪਣੇ ਜਨਮਦਿਨ ਵਾਲੇ ਦਿਨ ਵੀ ਡਿਊਟੀ ਵਿੱਚ ਰੁੱਝੇ ਰਹੇ। ਪਰਿਵਾਰ ਨੇ ਲੰਬੇ ਸਮੇਂ ਤੱਕ ਉਨ੍ਹਾਂ ਦੀ ਉਡੀਕ ਕੀਤੀ, ਪਰ ਜਦੋਂ ਉਹ ਘਰ ਨਾ ਪਹੁੰਚ ਸਕੇ ਤਾਂ ਉਨ੍ਹਾਂ ਦੇ ਬੱਚੇ ਕੇਕ ਲੈ ਕੇ ਸਿੱਧੇ ਥਾਣੇ ਪਹੁੰਚ ਗਏ ਅਤੇ ਉੱਥੇ ਹੀ ਆਪਣੇ ਪਿਤਾ ਦਾ ਜਨਮਦਿਨ ਮਨਾਇਆ।SHO ਗੁਰਮੀਤ ਸਿੰਘ ਦੇ ਬੇਟੇ ਨੇ ਕਿਹਾ ਕਿ, "ਸਾਡੇ ਪਿਤਾ ਬਹੁਤ ਹੀ ਇਮਾਨਦਾਰ ਅਤੇ ਫਰਜ਼ਨਿਸ਼ਠ ਪੁਲਿਸ ਅਫਸਰ ਹਨ। ਉਹ ਹਮੇਸ਼ਾ ਆਪਣੀ ਡਿਊਟੀ ਨੂੰ ਪਹਿਲ ਦਿੰਦੇ ਹਨ। ਅੱਜ ਵੀ ਪੂਰਾ ਪਰਿਵਾਰ ਘਰ ਵਿੱਚ ਉਨ੍ਹਾਂ ਦੀ ਉਡੀਕ ਕਰ ਰਿਹਾ ਸੀ, ਪਰ ਉਨ੍ਹਾਂ ਨੂੰ ਸਮਾਂ ਨਹੀਂ ਮਿਲਿਆ। ਇਸ ਲਈ ਅਸੀਂ ਹੀ ਕੇਕ ਲੈ ਕੇ ਥਾਣੇ ਆ ਗਏ ਤਾਂ ਜੋ ਉਨ੍ਹਾਂ ਨਾਲ ਇਹ ਖੁਸ਼ੀ ਸਾਂਝੀ ਕਰ ਸਕੀਏ।"
ਉਨ੍ਹਾਂ ਦੱਸਿਆ ਕਿ ਪਰਿਵਾਰ ਦੇ ਸਾਰੇ ਮੈਂਬਰ ਥਾਣੇ ਨਹੀਂ ਆ ਸਕੇ, ਪਰ ਜੋ ਆਏ ਉਨ੍ਹਾਂ ਨੇ ਆਪਣੇ ਪਿਤਾ ਨਾਲ ਕੇਕ ਕੱਟ ਕੇ ਜਨਮਦਿਨ ਮਨਾਇਆ। ਉਨ੍ਹਾਂ ਇਹ ਵੀ ਕਿਹਾ ਕਿ ਥਾਣਾ ਸਿਵਲ ਲਾਈਨ ਦੇ ਸਮੂਹ ਪੁਲਿਸ ਮੁਲਾਜ਼ਮਾਂ ਨੇ ਵੀ ਆਪਣੇ ਪੱਧਰ 'ਤੇ SHO ਗੁਰਮੀਤ ਸਿੰਘ ਦਾ ਜਨਮਦਿਨ ਮਨਾਇਆ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ।
ਬੇਟੇ ਨੇ ਭਾਵੁਕ ਹੁੰਦਿਆਂ ਕਿਹਾ, "ਪੰਜਾਬ ਪੁਲਿਸ ਸਿਰਫ਼ ਇੱਕ ਵਿਭਾਗ ਨਹੀਂ, ਸਗੋਂ ਇੱਕ ਪਰਿਵਾਰ ਹੈ। ਜਿਵੇਂ ਇੱਕ-ਇੱਕ ਲੱਕੜੀ ਮਿਲ ਕੇ ਮਜ਼ਬੂਤ ਗੱਠਰ ਬਣਦੀ ਹੈ, ਓਸੇ ਤਰ੍ਹਾਂ ਹਰ ਪੁਲਿਸ ਮੁਲਾਜ਼ਮ ਮਿਲ ਕੇ ਲੋਕਾਂ ਦੀ ਸੁਰੱਖਿਆ ਲਈ ਕੰਮ ਕਰਦਾ ਹੈ। ਜਦੋਂ ਅਸੀਂ ਆਪਣੇ ਘਰਾਂ ਵਿੱਚ ਸੁੱਖ ਨਾਲ ਸੌਂਦੇ ਹਾਂ ਤਾਂ ਉਸ ਵੇਲੇ ਪੰਜਾਬ ਪੁਲਿਸ ਸਾਡੀ ਸੁਰੱਖਿਆ ਲਈ ਜਾਗ ਰਹੀ ਹੁੰਦੀ ਹੈ।"
ਉਨ੍ਹਾਂ ਅੱਗੇ ਕਿਹਾ ਕਿ "ਸਾਨੂੰ ਆਪਣੇ ਪਿਤਾ 'ਤੇ ਮਾਣ ਹੈ। ਉਹ ਸਮਾਜ ਲਈ ਇੱਕ ਮਿਸਾਲ ਹਨ। ਉਹ ਆਪਣੀ ਡਿਊਟੀ ਤੋਂ ਕਦੇ ਵੀ ਕੁਤਾਹੀ ਨਹੀਂ ਕਰਦੇ, ਭਾਵੇਂ ਇਸ ਲਈ ਉਨ੍ਹਾਂ ਨੂੰ ਆਪਣੇ ਪਰਿਵਾਰ ਤੋਂ ਦੂਰ ਰਹਿਣਾ ਪਵੇ। ਅੱਜ ਅਸੀਂ ਥਾਣੇ ਵਿੱਚ ਕੇਕ ਕੱਟ ਕੇ ਜਨਮਦਿਨ ਮਨਾਇਆ, ਪਰ ਇਸ ਗੱਲ ਦੀ ਸਭ ਤੋਂ ਵੱਧ ਖੁਸ਼ੀ ਹੈ ਕਿ ਸਾਡੇ ਪਿਤਾ ਆਪਣੇ ਫਰਜ਼ ਨੂੰ ਸਭ ਤੋਂ ਉੱਪਰ ਰੱਖਦੇ ਹਨ।"
ਇਹ ਘਟਨਾ ਇੱਕ ਵਾਰ ਫਿਰ ਦਰਸਾਉਂਦੀ ਹੈ ਕਿ ਪੰਜਾਬ ਪੁਲਿਸ ਦੇ ਜਵਾਨ ਅਤੇ ਅਧਿਕਾਰੀ ਆਪਣੀਆਂ ਨਿੱਜੀ ਖੁਸ਼ੀਆਂ ਤੋਂ ਪਹਿਲਾਂ ਲੋਕਾਂ ਦੀ ਸੁਰੱਖਿਆ ਨੂੰ ਤਰਜੀਹ ਦਿੰਦੇ ਹਨ ਅਤੇ ਹਰ ਹਾਲਤ ਵਿੱਚ ਆਪਣੀ ਡਿਊਟੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਂਦੇ ਹਨ।