- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਮੌਕੇ ਮਨਵਰ ਅਹਿਮਦ ਅਸਲਮ ਨੇ ਕਿਹਾ ਕਿ ਉਨ੍ਹਾਂ ਦੀਆਂ ਧੀਆਂ ਦੀ ਕਾਮਯਾਬੀ ਦਾ ਸਿਹਰਾ ਉਨ੍ਹਾਂ ਦੀ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਲਗਨ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਾਪਿਆਂ ਦਾ ਫ਼ਰਜ਼ ਸਿਰਫ਼ ਬੱਚਿਆਂ ਨੂੰ ਪੜ੍ਹਾਉਣਾ ਹੀ ਨਹੀਂ, ਸਗੋਂ ਉਨ੍ਹਾਂ ਨੂੰ ਚੰਗੇ ਸੰਸਕਾਰ, ਸਹੀ ਮਾਰਗਦਰਸ਼ਨ ਅਤੇ ਹਰ ਮੁਸ਼ਕਲ ਵੇਲੇ ਹੌਸਲਾ ਦੇਣਾ ਵੀ ਹੈ।

ਤਾਰਿਕ ਅਹਿਮਦ, ਕਾਦੀਆਂ: ਕਾਦੀਆਂ ਦੇ ਵਸਨੀਕ ਮਨਵਰ ਅਹਿਮਦ ਅਸਲਮ ਅਤੇ ਉਨ੍ਹਾਂ ਦੀ ਪਤਨੀ ਅਮਤੁਲ ਬਾਸਿਤ ਚੀਮਾ ਲਈ ਇਹ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਉਨ੍ਹਾਂ ਦੀਆਂ ਤਿੰਨਾਂ ਧੀਆਂ ਨੇ ਆਪਣੀ ਮਿਹਨਤ, ਲਗਨ ਅਤੇ ਕਾਬਲੀਅਤ ਦੇ ਸਦਕਾ ਯੂਨਾਈਟਡ ਕਿੰਗਡਮ (ਯੂਕੇ) ਵਿੱਚ ਉੱਚ ਸਿੱਖਿਆ ਹਾਸਲ ਕਰਕੇ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਸਫ਼ਲਤਾਵਾਂ ਪ੍ਰਾਪਤ ਕੀਤੀਆਂ ਹਨ। ਉਨ੍ਹਾਂ ਦੀਆਂ ਉਪਲਬਧੀਆਂ ਨੇ ਨਾ ਸਿਰਫ਼ ਪਰਿਵਾਰ ਦਾ, ਸਗੋਂ ਇਤਿਹਾਸਕ ਸ਼ਹਿਰ ਕਾਦੀਆ ਦਾ ਨਾਮ ਵੀ ਅੰਤਰਰਾਸ਼ਟਰੀ ਪੱਧਰ 'ਤੇ ਰੌਸ਼ਨ ਕੀਤਾ ਹੈ।
ਮਨਵਰ ਅਹਿਮਦ ਅਸਲਮ ਨੇ ਆਪਣੀਆਂ ਧੀਆਂ ਨੂੰ ਬਚਪਨ ਤੋਂ ਹੀ ਉੱਚ ਸਿੱਖਿਆ, ਚੰਗੇ ਸੰਸਕਾਰ ਅਤੇ ਅੱਗੇ ਵੱਧਣ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਨੇ ਧੀਆਂ ਨੂੰ ਉੱਚ ਸਿੱਖਿਆ ਲਈ ਲੰਡਨ ਭੇਜਿਆ, ਜਿੱਥੇ ਤਿੰਨਾਂ ਨੇ ਆਪਣੀ ਯੋਗਤਾ ਸਾਬਤ ਕਰਦਿਆਂ ਆਪਣੇ-ਆਪਣੇ ਖੇਤਰ ਵਿੱਚ ਵਿਸ਼ੇਸ਼ ਸਥਾਨ ਬਣਾਇਆ।
ਪਰਿਵਾਰ ਦੀ ਵੱਡੀ ਧੀ ਅਨੀਲਾ ਮਨਵਰ ਨੇ ਡਾਕਟਰ ਆਫ ਫਾਰਮੇਸੀ (PharmD) ਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਯੂਕੇ ਵਿੱਚ ਫਾਰਮਾਸਿਸਟ ਵਜੋਂ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ ਹਨ। ਉਹ ਆਪਣੀ ਪੇਸ਼ੇਵਰ ਯੋਗਤਾ ਨਾਲ ਸਿਹਤ ਸੇਵਾਵਾਂ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ, ਜਿਸ 'ਤੇ ਪਰਿਵਾਰ ਅਤੇ ਕਾਦੀਆਂ ਦੇ ਲੋਕਾਂ ਨੂੰ ਮਾਣ ਹੈ।
ਦੂਜੀ ਧੀ ਅਨਮ ਮਨਵਰ ਨੇ ਐੱਮ.ਬੀ.ਬੀ.ਐੱਸ. ਦੀ ਡਿਗਰੀ ਹਾਸਲ ਕਰਕੇ ਯੂਕੇ ਵਿੱਚ ਡਾਕਟਰ ਵਜੋਂ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ ਹਨ। ਉਹ ਮਰੀਜ਼ਾਂ ਨੂੰ ਬਿਹਤਰ ਇਲਾਜ ਅਤੇ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੀ ਹੈ। ਪਰਿਵਾਰ ਅਨੁਸਾਰ ਉਹ ਕਾਦੀਆਂ ਦੀ ਪਹਿਲੀ ਧੀ ਹੈ ਜਿਸ ਨੇ ਯੂਕੇ ਵਿੱਚ ਡਾਕਟਰ ਬਣਨ ਦਾ ਮਾਣ ਹਾਸਲ ਕੀਤਾ ਹੈ।
ਸਭ ਤੋਂ ਛੋਟੀ ਧੀ ਮਾਹਮ ਮਨਵਰ ਯੂਕੇ ਪੁਲਿਸ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੀ ਹੈ। ਉਹ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਬਣਾਉਣ ਅਤੇ ਲੋਕਾਂ ਦੀ ਸੁਰੱਖਿਆ ਲਈ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾ ਰਹੀ ਹੈ।
ਇਸ ਮੌਕੇ ਮਨਵਰ ਅਹਿਮਦ ਅਸਲਮ ਨੇ ਕਿਹਾ ਕਿ ਉਨ੍ਹਾਂ ਦੀਆਂ ਧੀਆਂ ਦੀ ਕਾਮਯਾਬੀ ਦਾ ਸਿਹਰਾ ਉਨ੍ਹਾਂ ਦੀ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਲਗਨ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਾਪਿਆਂ ਦਾ ਫ਼ਰਜ਼ ਸਿਰਫ਼ ਬੱਚਿਆਂ ਨੂੰ ਪੜ੍ਹਾਉਣਾ ਹੀ ਨਹੀਂ, ਸਗੋਂ ਉਨ੍ਹਾਂ ਨੂੰ ਚੰਗੇ ਸੰਸਕਾਰ, ਸਹੀ ਮਾਰਗਦਰਸ਼ਨ ਅਤੇ ਹਰ ਮੁਸ਼ਕਲ ਵੇਲੇ ਹੌਸਲਾ ਦੇਣਾ ਵੀ ਹੈ।
ਉਨ੍ਹਾਂ ਨੇ ਆਪਣੀ ਪਤਨੀ ਅਮਤੁਲ ਬਾਸਿਤ ਚੀਮਾ ਦੀ ਭੂਮਿਕਾ ਦੀ ਵੀ ਭਰਪੂਰ ਸਰਾਹਨਾ ਕਰਦਿਆਂ ਕਿਹਾ ਕਿ ਧੀਆਂ ਦੀ ਪਰਵਰਿਸ਼, ਸਿੱਖਿਆ ਅਤੇ ਉਨ੍ਹਾਂ ਨੂੰ ਹਰ ਪੜਾਅ 'ਤੇ ਹੌਸਲਾ ਦੇਣ ਵਿੱਚ ਉਨ੍ਹਾਂ ਦਾ ਸਭ ਤੋਂ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਦੀ ਮਿਹਨਤ ਅਤੇ ਸਮਰਪਣ ਕਾਰਨ ਹੀ ਅੱਜ ਤਿੰਨਾਂ ਧੀਆਂ ਆਪਣੇ-ਆਪਣੇ ਖੇਤਰ ਵਿੱਚ ਸਫ਼ਲਤਾ ਦੇ ਨਵੇਂ ਮਾਪਦੰਡ ਸਥਾਪਤ ਕਰ ਰਹੀਆਂ ਹਨ।
ਮਨਵਰ ਅਹਿਮਦ ਅਸਲਮ ਨੇ ਕਿਹਾ ਕਿ ਧੀਆਂ ਕਿਸੇ ਵੀ ਪੱਖੋਂ ਪੁੱਤਰਾਂ ਨਾਲੋਂ ਘੱਟ ਨਹੀਂ ਹਨ। ਜੇਕਰ ਉਨ੍ਹਾਂ ਨੂੰ ਚੰਗੀ ਸਿੱਖਿਆ, ਉਚਿਤ ਮਾਹੌਲ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਮੌਕੇ ਦਿੱਤੇ ਜਾਣ ਤਾਂ ਉਹ ਦੁਨੀਆ ਦੇ ਹਰ ਖੇਤਰ ਵਿੱਚ ਆਪਣੀ ਯੋਗਤਾ ਦਾ ਲੋਹਾ ਮਨਵਾ ਸਕਦੀਆਂ ਹਨ। ਉਨ੍ਹਾਂ ਨੇ ਸਮਾਜ ਨੂੰ ਅਪੀਲ ਕੀਤੀ ਕਿ ਧੀਆਂ ਦੀ ਸਿੱਖਿਆ ਅਤੇ ਸਸ਼ਕਤੀਕਰਨ ਨੂੰ ਹੋਰ ਉਤਸ਼ਾਹਿਤ ਕੀਤਾ ਜਾਵੇ, ਕਿਉਂਕਿ ਪੜ੍ਹੀ-ਲਿਖੀ ਧੀ ਨਾ ਸਿਰਫ਼ ਆਪਣੇ ਪਰਿਵਾਰ, ਸਗੋਂ ਪੂਰੇ ਸਮਾਜ ਅਤੇ ਦੇਸ਼ ਦਾ ਮਾਣ ਵਧਾਉਂਦੀ ਹੈ।
ਕਾਦੀਆ ਦੇ ਵਸਨੀਕਾਂ ਅਤੇ ਇਲਾਕੇ ਦੇ ਹੋਰ ਲੋਕਾਂ ਨੇ ਵੀ ਮਨਵਰ ਅਹਿਮਦ ਅਸਲਮ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਸ ਵਿਸ਼ੇਸ਼ ਪ੍ਰਾਪਤੀ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਉਪਲਬਧੀ ਹੋਰ ਮਾਪਿਆਂ ਅਤੇ ਨੌਜਵਾਨਾਂ ਲਈ ਪ੍ਰੇਰਣਾਦਾਇਕ ਹੈ। ਤਿੰਨਾਂ ਧੀਆਂ ਦੀਆਂ ਇਹ ਕਾਮਯਾਬੀਆਂ ਇਸ ਗੱਲ ਦਾ ਸਬੂਤ ਹਨ ਕਿ ਮਿਹਨਤ, ਲਗਨ, ਸਹੀ ਮਾਰਗਦਰਸ਼ਨ ਅਤੇ ਪਰਿਵਾਰ ਦੇ ਸਹਿਯੋਗ ਨਾਲ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ।