Batala News : ਕਿਸਾਨ ਆਗੂ ਰਿਹਾਅ ਹੋਣ ’ਤੇ ਕਿਸਾਨਾਂ ਨੇ ਰੇਲ ਪਟੜੀ ਤੋਂ ਚੁੱਕਿਆ ਧਰਨਾ
ਪਿੰਡ ਮਾਹਲਾਂ ’ਚ ਧਰਨੇ ’ਤੇ ਬੈਠੇ ਕਿਸਾਨਾਂ ਨੂੰ ਪੁਲਿਸ ਵੱਲੋਂ ਹਿਰਾਸਤ ’ਚ ਲਏ ਜਾਣ ਤੇ ਗੁੱਸੇ 'ਚ ਆਏ ਕਿਸਾਨਾਂ ਵੱਲੋਂ ਅੰਮ੍ਰਿਤਸਰ ਪਠਾਨਕੋਟ ਰੇਲ ਪਟੜੀ ਨੇੜੇ ਘਸੀਟਪੁਰ ਵਿਖੇ ਮੰਗਲਵਾਰ ਨੂੰ ਧਰਨਾ ਦੇ ਦਿੱਤਾ ਗਿਆ ਸੀ ਅਤੇ ਰੇਲ ਪਟੜੀ ’ਤੇ ਚੱਕਾ ਜਾਮ ਕਾਰਨ ਰੇਲ ਸੇਵਾ ਪ੍ਰਭਾਵਿਤ ਹੋ ਗਈ ਸੀ।
Publish Date: Wed, 25 Mar 2026 07:28 PM (IST)
Updated Date: Wed, 25 Mar 2026 07:29 PM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ, ਬਟਾਲਾ : ਪਿੰਡ ਮਾਹਲਾਂ ’ਚ ਧਰਨੇ ’ਤੇ ਬੈਠੇ ਕਿਸਾਨਾਂ ਨੂੰ ਪੁਲਿਸ ਵੱਲੋਂ ਹਿਰਾਸਤ ’ਚ ਲਏ ਜਾਣ ਤੇ ਗੁੱਸੇ 'ਚ ਆਏ ਕਿਸਾਨਾਂ ਵੱਲੋਂ ਅੰਮ੍ਰਿਤਸਰ ਪਠਾਨਕੋਟ ਰੇਲ ਪਟੜੀ ਨੇੜੇ ਘਸੀਟਪੁਰ ਵਿਖੇ ਮੰਗਲਵਾਰ ਨੂੰ ਧਰਨਾ ਦੇ ਦਿੱਤਾ ਗਿਆ ਸੀ ਅਤੇ ਰੇਲ ਪਟੜੀ ’ਤੇ ਚੱਕਾ ਜਾਮ ਕਾਰਨ ਰੇਲ ਸੇਵਾ ਪ੍ਰਭਾਵਿਤ ਹੋ ਗਈ ਸੀ। ਉਧਰ ਗ੍ਰਿਫ਼ਤਾਰ ਕੀਤੇ ਗਏ ਕਿਸਾਨ ਆਗੂ ਰਿਹਾਅ ਹੋਣ ਤੋਂ ਬਾਅਦ ਕਰੀਬ 11 ਘੰਟਿਆਂ ਬਾਅਦ ਕਿਸਾਨਾਂ ਨੇ ਧਰਨਾ ਚੁੱਕਿਆ। ਕਿਸਾਨ ਆਗੂਆਂ ਸੁਵਿੰਦਰ ਸਿੰਘ ਚੁਤਾਲਾ, ਹਰਵਿੰਦਰ ਸਿੰਘ ਮਸਾਣੀਆਂ ਤੇ ਲਖਵਿੰਦਰ ਸਿੰਘ ਵਰਿਆਮ ਨੰਗਲ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀਆਂ ਮੰਗਾਂ ਮੰਨਣ ਦੇ ਭਰੋਸੇ ਤੋਂ ਬਾਅਦ ਰੇਲ ਪਟੜੀ ਨੂੰ ਖਾਲੀ ਕੀਤਾ ਗਿਆ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਐੱਸਡੀਐੱਮ ਬਟਾਲਾ ਅਤੇ ਪੁਲਿਸ ਦੇ ਹੋਰ ਅਧਿਕਾਰੀਆਂ ਵੱਲੋਂ ਮਿਲੇ ਭਰੋਸੇ ਤੋਂ ਬਾਅਦ ਕਿਸਾਨਾਂ ਨਾਲ ਗੱਲਬਾਤ ਕਰਨ ਉਪਰੰਤ ਧਰਨਾ ਖ਼ਤਮ ਕੀਤਾ ਗਿਆ ਹੈ। ਡੀਐੱਸਪੀ ਫਤਹਿਗੜ੍ਹ ਚੂੜੀਆਂ ਰਾਜੇਸ਼ ਕੱਕੜ ਨੇ ਪ੍ਰਸ਼ਾਸਨ ਵੱਲੋਂ ਦੱਸਿਆ ਕਿ ਪਿੰਡ ਮਾਹਲਾ ਅੰਮ੍ਰਿਤਸਰ ’ਚ ਧਰਨੇ ’ਤੇ ਬੈਠੇ ਕਿਸਾਨ ਜੋ ਹਿਰਾਸਤ ’ਚ ਲਏ ਗਏ ਸਨ, ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਡੀਐੱਸਪੀ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਕਿਸਾਨਾਂ ਦੀਆਂ ਐਕਵਾਇਰ ਕੀਤੀਆਂ ਜ਼ਮੀਨਾਂ ਦੇ ਭੁਗਤਾਨ ਸਬੰਧੀ ਜੋ ਪਰੇਸ਼ਾਨੀ ਆ ਰਹੀ ਹੈ ਅਤੇ ਕਿਸਾਨਾਂ ਦੀਆਂ ਹੋਰ ਮੰਗਾਂ ਦੇ ਸਬੰਧ ’ਚ ਡੀਸੀ ਗੁਰਦਾਸਪੁਰ ਨਾਲ 30 ਮਾਰਚ ਨੂੰ ਮੀਟਿੰਗ ਰੱਖੀ ਗਈ ਹੈ। ਉਨ੍ਹਾਂ ਕਿਸਾਨ ਆਗੂਆਂ ਨੂੰ ਭਰੋਸਾ ਦਿੱਤਾ ਕਿ ਪ੍ਰਸ਼ਾਸਨ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਪੂਰੀ ਤਰ੍ਹਾਂ ਸੰਜੀਦਗੀ ਨਾਲ ਵਿਚਾਰ ਕਰ ਰਿਹਾ ਹੈ। ਪ੍ਰਸ਼ਾਸਨ ਵੱਲੋਂ ਮਿਲੇ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਰਾਤ ਕਰੀਬ 11 ਵਜੇ ਧਰਨਾ ਖ਼ਤਮ ਕੀਤਾ।