ਬਟਾਲਾ ਦੇ ASI ਗੁਰਦਿਆਲ ਸਿੰਘ ਨੇ ਨਹਿਰ 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਵੀਡੀਓ ਬਣਾ ਕੇ ਲਾਏ ਗੰਭੀਰ ਦੋਸ਼
ਬਟਾਲਾ ਦੇ ਰਹਿਣ ਵਾਲੇ ਏ.ਐੱਸ.ਆਈ ਨੇ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਮੱਖੂ ਦੀ ਨਹਿਰ ’ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜੀਵਨ ਲੀਲਾ ਸਮਾਪਤ ਕਰਨ ਤੋਂ ਪਹਿਲਾਂ ਏ.ਐੱਸ.ਆਈ ਵਲੋਂ ਇਕ ਵੀਡੀਓ ਵੀ ਬਣਾਈ ਗਈ, ਜਿਸ ’ਚ ਉਸ ਨੇ ਆਪਣੀ ਮੌਤ ਦਾ ਕਾਰਨ ਕੁਝ ਵਿਅਕਤੀਆ ਵਲੋਂ ਉਸਨੂੰ ਪੈਸਿਆਂ ਲਈ ਤੰਗ ਪ੍ਰੇਸ਼ਾਨ ਕਰਨਾ ਦੱਸਿਆ ਹੈ।
Publish Date: Thu, 23 Jul 2026 04:21 PM (IST)
Updated Date: Thu, 23 Jul 2026 04:24 PM (IST)
ਸ਼ਾਮ ਤਿਵਾੜੀ, ਬਟਾਲਾ, ਪੰਜਾਬੀ ਜਾਗਰਣ। ਬਟਾਲਾ ਦੇ ਰਹਿਣ ਵਾਲੇ ਏ.ਐੱਸ.ਆਈ ਨੇ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਮੱਖੂ ਦੀ ਨਹਿਰ ’ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜੀਵਨ ਲੀਲਾ ਸਮਾਪਤ ਕਰਨ ਤੋਂ ਪਹਿਲਾਂ ਏ.ਐੱਸ.ਆਈ ਵਲੋਂ ਇਕ ਵੀਡੀਓ ਵੀ ਬਣਾਈ ਗਈ, ਜਿਸ ’ਚ ਉਸ ਨੇ ਆਪਣੀ ਮੌਤ ਦਾ ਕਾਰਨ ਕੁਝ ਵਿਅਕਤੀਆ ਵਲੋਂ ਉਸਨੂੰ ਪੈਸਿਆਂ ਲਈ ਤੰਗ ਪ੍ਰੇਸ਼ਾਨ ਕਰਨਾ ਦੱਸਿਆ ਹੈ।
ਜਾਣਕਾਰੀ ਅਨੁਸਾਰ ਏ.ਐੱਸ.ਆਈ ਗੁਰਦਿਆਲ ਸਿੰਘ ਪੁੱਤਰ ਲਾਲ ਵਾਸੀ ਮੁਰਗੀ ਮੁਹੱਲਾ ਬਟਾਲਾ ਜੋ ਕਿ ਇਸ ਸਮੇਂ ਮੱਖੂ 112 ਹੈਲਪ ਲਾਈਨ ਜ਼ਿਲਾ ਫਿਰੋਜ਼ਪੁਰ ਵਿਖੇ ਡਿਊਟੀ ਕਰ ਰਹੇ ਸਨ। ਏ.ਐੱਸ.ਆਈ ਗੁਰਦਿਆਲ ਸਿੰਘ ਨੇ ਜੀਵਨ ਲੀਲਾ ਸਮਾਪਤ ਕਰਨ ਤੋਂ ਪਹਿਲਾਂ ਬਣਾਈ ਗਈ ਵੀਡੀਓ ’ਚ ਦੱਸਿਆ ਕਿ ਉਨ੍ਹਾਂ ਦੀ ਪਤਨੀ ਸੁਰਜੀਤ ਕੌਰ ਨੇ ਪਿਛਲੇ ਦਿਨੀਂ ਵਾਰਡ ਨੰ. 11 ਬਟਾਲਾ ਤੋਂ ਭਾਜਪਾ ਵਲੋਂ ਨਗਰ ਨਿਗਮ ਚੋਣ ਲੜੀ ਸੀ ਪਰ ਉਨ੍ਹਾਂ ਦੇ ਵਿਰੁੱਧ ਖੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਭਰਾ ਨੇ ਉਨ੍ਹਾਂ ਦੀ ਇਕ ਔਰਤ ਨਾਲ ਇਕ ਆਡੀਓ ਯੂ ਟਿਊਬ ’ਤੇ ਵਾਇਰਲ ਕਰ ਦਿੱਤੀ ਸੀ, ਜਿਸ ਨਾਲ ਉਨ੍ਹਾਂ ਨੂੰ ਕਾਫੀ ਧੱਕਾ ਲੱਗਾ ਸੀ ਅਤੇ ਉਨ੍ਹਾਂ ਦੀ ਕਾਫੀ ਬਦਨਾਮੀ ਵੀ ਹੋਈ ਸੀ।
ਉਨ੍ਹਾਂ ਕਿਹਾ ਕਿ ਹੁਣ ਇਕ ਪੱਤਰਕਾਰ ਵਲੋਂ ਉਨ੍ਹਾਂ ਦੇ ਵਿਰੁੱਧ ਇਕ ਔਰਤ ਕੋਲੋਂ ਪੁਲਸ ਨੂੰ ਗਲਤ ਦਰਖ਼ਾਸਤ ਦਿੱਤੀ ਹੈ ਅਤੇ ਉਹ ਉਕਤ ਦਰਖ਼ਾਸਤ ਵਾਪਸ ਲੈਣ ਲਈ ਉਨ੍ਹਾਂ ਤੋਂ ਪੈਸਿਆਂ ਦੀ ਮੰਗ ਕਰ ਰਹੇ ਹਨ। ਏ.ਐੱਸ.ਆਈ ਗੁਰਦਿਆਲ ਸਿੰਘ ਨੇ ਦੱਸਿਆ ਕਿ ਅੱਜ ਉਨ੍ਹਾਂ ਨੇ ਉਕਤ ਵਿਅਕਤੀਆਂ ਤੋਂ ਦੁੱਖੀ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਫੈਸਲਾ ਕੀਤਾ ਹੈ।
ਏ.ਐੱਸ.ਆਈ ਗੁਰਦਿਆਲ ਸਿੰਘ ਨੇ ਆਪਣੀ ਮੌਤ ਦਾ ਜ਼ਿੰਮੇਵਾਰ ਇਕ ਔਰਤ ਸਮੇਤ 7 ਵਿਅਕਤੀਆਂ ਨੂੰ ਦੱਸਿਆ ਹੈ। ਏ.ਐੱਸ.ਆਈ ਗੁਰਦਿਆਲ ਸਿੰਘ ਵਲੋਂ ਉਕਤ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਤੋਂ ਬਾਅਦ ਨਹਿਰ ’ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਪਰ ਅਜੇ ਤੱਕ ਉਨ੍ਹਾਂ ਦੀ ਲਾਸ਼ ਪੁਲਸ ਨੂੰ ਬਰਾਮਦ ਨਹੀਂ ਹੋਈ।
ਇਸ ਸੰਬੰਧੀ ਜਾਣਕਾਰੀ ਹੋਰ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਏ.ਐੱਸ.ਆਈ ਗੁਰਦਿਆਲ ਸਿੰਘ ਦੇ ਭਰਾ ਰਛਪਾਲ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਏ.ਐੱਸ.ਆਈ ਗੁਰਦਿਆਲ ਸਿੰਘ ਆਪਣੀ ਡਿਊਟੀ ਤੋਂ ਘਰ ਵਾਪਸ ਆਏ ਸਨ। ਉਨ੍ਹਾਂ ਕਿਹਾ ਕਿ ਸ਼ਾਮ ਸਮੇਂ ਏ.ਐੱਸ.ਆਈ ਗੁਰਦਿਆਲ ਸਿੰਘ ਨੇ ਆਪਣੀ ਪਤਨੀ ਨੂੰ ਕਿਹਾ ਕਿ ਉਨ੍ਹਾਂ ਨੂੰ ਪੁਲਸ ਅਧਿਕਾਰੀਆਂ ਨੇ ਵਾਪਸ ਡਿਊਟੀ ’ਤੇ ਬੁਲਾ ਲਿਆ ਹੈ ਜਿਸ ਤੋਂ ਬਾਅਦ ਉਹ ਮੁਹੱਲੇ ਦੇ ਹੀ ਇਕ ਟੈਕਸੀ ਡਰਾਈਵਰ ਨੂੰ ਨਾਲ ਲੈ ਕੇ ਵਾਪਸ ਆਪਣੀ ਡਿਊਟੀ ’ਤੇ ਮੱਖੂ ਚੱਲੇ ਗਏ। ਉਨ੍ਹਾਂ ਕਿਹਾ ਕਿ ਰਸਤੇ ’ਚ ਹੀ ਏ.ਐੱਸ.ਆਈ ਗੁਰਦਿਆਲ ਸਿੰਘ ਨੇ ਟੈਕਸੀ ਡਰਾਈਵਰ ਨੂੰ ਬਾਥਰੂਮ ਕਰਨ ਦਾ ਕਹਿ ਕੇ ਗੱਡੀ ਨਹਿਰ ਕਿਨਾਰੇ ਰੁਕਵਾਈ ਅਤੇ ਦੇਖਦੇ ਹੀ ਦੇਖਦੇ ਉਨ੍ਹਾਂ ਨੇ ਨਹਿਰ ’ਚ ਛਾਲ ਮਾਰ ਦਿੱਤੀ।
ਓਧਰ ਦੂਜੇ ਪਾਸੇ ਜਿਸ ਔਰਤ ਦਾ ਏ.ਐੱਸ.ਆਈ ਗੁਰਦਿਆਲ ਸਿੰਘ ਵਲੋਂ ਵੀਡੀਓ ’ਚ ਜ਼ਿਕਰ ਕੀਤਾ ਗਿਆ ਹੈ, ਉਸ ਵਲੋਂ ਬੀਤੇ ਦਿਨ 22 ਜੁਲਾਈ ਨੂੰ ਏ.ਐੱਸ.ਆਈ ਗੁਰਦਿਆਲ ਸਿੰਘ ਦੇ ਵਿਰੁੱਧ ਥਾਣਾ ਸਿਵਲ ਲਾਈਨ ਬਟਾਲਾ ‘ਚ ਕੇਸ ਦਰਜ ਕਰਵਾਇਆ ਗਿਆ ਸੀ।
ਉਕਤ ਮਾਮਲੇ ਸੰਬੰਧੀ ਜਦ ਥਾਣਾ ਮੱਖੂ ਦੇ ਐੱਸ.ਐੱਚ.ਓ ਜਤਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵਲੋਂ ਦੱਸਿਆ ਗਿਆ ਕਿ ਏ.ਐੱਸ.ਆਈ ਗੁਰਦਿਆਲ ਸਿੰਘ ਵਲੋਂ ਵੀਡੀਓ ’ਚ ਜਿਨ੍ਹਾਂ ਵਿਅਕਤੀਆਂ ਦੇ ਨਾਮ ਲਏ ਗਏ ਹਨ, ਉਨ੍ਹਾਂ ਵਿਰੁੱਧ ਥਾਣਾ ਮੱਖੂ ਵਿਖੇ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਏ.ਐੱਸ.ਆਈ ਦੀ ਲਾਸ਼ ਦੀ ਭਾਲ ਜਾਰੀ ਹੈ।