ਟਲਿਆ ਵੱਡਾ ਹਾਦਸਾ! ਸੀਵਰੇਜ ਲਾਈਨ ਵਿਛਾਉਣ ਦੌਰਾਨ ਗੈਸ ਪਾਈਪ ਲਾਈਨ ਹੋਈ ਲੀਕ; ਇਲਾਕੇ 'ਚ ਮਚੀ ਹਾਹਾਕਾਰ ਬਟਾਲਾ ਦੇ ਅੰਮ੍ਰਿਤਸਰ ਰੋਡ ਸਥਿਤ ਐਚਡੀਐਫਸੀ ਬੈਂਕ ਨੇੜੇ ਸ਼ਨੀਵਾਰ ਨੂੰ ਉਸ ਸਮੇਂ ਵੱਡਾ ਹਾਦਸਾ ਹੋਣ ਤੋਂ ਟਲ ਗਿਆ, ਜਦੋਂ ਸੀਵਰੇਜ ਲਾਈਨ ਵਿਛਾਉਣ ਲਈ ਕੀਤੀ ਜਾ ਰਹੀ ਖੁਦਾਈ ਦੌਰਾਨ ਗੁਜਰਾਤ ਗੈਸ ਦੀ ਪਾਈਪਲਾਈਨ ਨੂੰ ਨੁਕਸਾਨ ਪਹੁੰਚਣ ਕਾਰਨ ਗੈਸ ਲੀਕ ਹੋ ਗਈ। ਗੈਸ ਦਾ ਰਿਸਾਅ ਹੁੰਦੇ ਹੀ ਇਲਾਕੇ ਵਿੱਚ ਹੜਕੰਪ ਮਚ ਗਿਆ ਅਤੇ ਨੇੜਲੇ ਦੁਕਾਨਦਾਰਾਂ, ਦਫ਼ਤਰਾਂ ਦੇ ਕਰਮਚਾਰੀਆਂ ਅਤੇ ਰਾਹਗੀਰਾਂ ਨੇ ਸੁਰੱਖਿਆ ਦੇ ਮੱਦੇਨਜ਼ਰ ਤੁਰੰਤ ਥਾਂ ਖਾਲੀ ਕਰ ਦਿੱਤੀ। ਜਾਣਕਾਰੀ ਅਨੁਸਾਰ ਇੱਕ ਫੈਕਟਰੀ ਵੱਲੋਂ ਸੀਵਰੇਜ ਲਾਈਨ ਵਿਛਾਉਣ ਦਾ ਕੰਮ ਕੀਤਾ ਜਾ ਰਿਹਾ ਸੀ। ਖੁਦਾਈ ਦੌਰਾਨ ਕਥਿਤ ਤੌਰ ’ਤੇ ਗੈਸ ਪਾਈਪਲਾਈਨ ਟੁੱਟ ਗਈ, ਜਿਸ ਨਾਲ ਗੈਸ ਦਾ ਰਿਸਾਅ ਸ਼ੁਰੂ
Publish Date: Sat, 11 Jul 2026 04:01 PM (IST)
Updated Date: Sat, 11 Jul 2026 04:04 PM (IST)
ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ - ਬਟਾਲਾ ਦੇ ਅੰਮ੍ਰਿਤਸਰ ਰੋਡ ਸਥਿਤ ਐਚਡੀਐਫਸੀ ਬੈਂਕ ਨੇੜੇ ਸ਼ਨੀਵਾਰ ਨੂੰ ਉਸ ਸਮੇਂ ਵੱਡਾ ਹਾਦਸਾ ਹੋਣ ਤੋਂ ਟਲ ਗਿਆ, ਜਦੋਂ ਸੀਵਰੇਜ ਲਾਈਨ ਵਿਛਾਉਣ ਲਈ ਕੀਤੀ ਜਾ ਰਹੀ ਖੁਦਾਈ ਦੌਰਾਨ ਗੁਜਰਾਤ ਗੈਸ ਦੀ ਪਾਈਪਲਾਈਨ ਨੂੰ ਨੁਕਸਾਨ ਪਹੁੰਚਣ ਕਾਰਨ ਗੈਸ ਲੀਕ ਹੋ ਗਈ। ਗੈਸ ਦਾ ਰਿਸਾਅ ਹੁੰਦੇ ਹੀ ਇਲਾਕੇ ਵਿੱਚ ਹੜਕੰਪ ਮਚ ਗਿਆ ਅਤੇ ਨੇੜਲੇ ਦੁਕਾਨਦਾਰਾਂ, ਦਫ਼ਤਰਾਂ ਦੇ ਕਰਮਚਾਰੀਆਂ ਅਤੇ ਰਾਹਗੀਰਾਂ ਨੇ ਸੁਰੱਖਿਆ ਦੇ ਮੱਦੇਨਜ਼ਰ ਤੁਰੰਤ ਥਾਂ ਖਾਲੀ ਕਰ ਦਿੱਤੀ। ਜਾਣਕਾਰੀ ਅਨੁਸਾਰ ਇੱਕ ਫੈਕਟਰੀ ਵੱਲੋਂ ਸੀਵਰੇਜ ਲਾਈਨ ਵਿਛਾਉਣ ਦਾ ਕੰਮ ਕੀਤਾ ਜਾ ਰਿਹਾ ਸੀ। ਖੁਦਾਈ ਦੌਰਾਨ ਕਥਿਤ ਤੌਰ ’ਤੇ ਗੈਸ ਪਾਈਪਲਾਈਨ ਟੁੱਟ ਗਈ, ਜਿਸ ਨਾਲ ਗੈਸ ਦਾ ਰਿਸਾਅ ਸ਼ੁਰੂ ਹੋ ਗਿਆ। ਖੁਸ਼ਕਿਸਮਤੀ ਨਾਲ ਸਮੇਂ ਸਿਰ ਘਟਨਾ ਦੀ ਸੂਚਨਾ ਸੰਬੰਧਿਤ ਵਿਭਾਗਾਂ ਨੂੰ ਮਿਲ ਗਈ, ਜਿਸ ਕਾਰਨ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਗੁਜਰਾਤ ਗੈਸ ਕੰਪਨੀ ਦੇ ਅਧਿਕਾਰੀ ਸ਼ਿਵਮ ਸ਼ਰਮਾ ਸੁਪਰਵਾਈਜਰ, ਫਾਇਰ ਬ੍ਰਿਗੇਡ ਦੀ ਟੀਮ ਅਤੇ ਥਾਣਾ ਸਿਟੀ ਦੇ ਐੱਸ.ਐੱਚ.ਓ ਗੁਰਇਕਬਾਲ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਸੁਰੱਖਿਆ ਦੇ ਮੱਦੇਨਜ਼ਰ ਇਲਾਕੇ ਨੂੰ ਘੇਰ ਕੇ ਗੈਸ ਸਪਲਾਈ ਤੁਰੰਤ ਬੰਦ ਕੀਤੀ ਗਈ ਅਤੇ ਲੀਕ ਨੂੰ ਕਾਬੂ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਗੁਜਰਾਤ ਗੈਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਘਟਨਾ ਖੁਦਾਈ ਦੌਰਾਨ ਵਰਤੀ ਗਈ ਲਾਪਰਵਾਹੀ ਕਾਰਨ ਵਾਪਰੀ ਜਾਪਦੀ ਹੈ। ਉਨ੍ਹਾਂ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਜ਼ਿੰਮੇਵਾਰ ਵਿਅਕਤੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਬਟਾਲਾ ਵਿੱਚ ਗੈਸ ਪਾਈਪਲਾਈਨ ਲੀਕ ਹੋਣ ਦੀ ਘਟਨਾ ਸਾਹਮਣੇ ਆਈ ਹੋਵੇ। ਇਸ ਤੋਂ ਪਹਿਲਾਂ ਉਮਰਪੁਰਾ ਇਲਾਕੇ ਵਿੱਚ ਵੀ ਗੈਸ ਲੀਕ ਹੋਣ ਕਾਰਨ ਗੰਭੀਰ ਹਾਦਸਾ ਵਾਪਰਿਆ ਸੀ, ਜਿਸ ਵਿੱਚ ਇੱਕ ਵਿਅਕਤੀ ਝੁਲਸ ਗਿਆ ਸੀ, ਜਦਕਿ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ ਸੀ। ਇਸ ਦੇ ਬਾਵਜੂਦ ਅਜਿਹੀਆਂ ਘਟਨਾਵਾਂ ਦੀ ਦੁਹਰਾਈ ਸੁਰੱਖਿਆ ਪ੍ਰਬੰਧਾਂ ਅਤੇ ਖੁਦਾਈ ਕਾਰਜਾਂ ਦੌਰਾਨ ਵਰਤੀ ਜਾ ਰਹੀ ਲਾਪਰਵਾਹੀ ’ਤੇ ਗੰਭੀਰ ਸਵਾਲ ਖੜ੍ਹੇ ਕਰ ਰਹੀ ਹੈ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ, ਨਗਰ ਨਿਗਮ ਅਤੇ ਗੁਜਰਾਤ ਗੈਸ ਕੰਪਨੀ ਤੋਂ ਮੰਗ ਕੀਤੀ ਹੈ ਕਿ ਗੈਸ ਪਾਈਪਲਾਈਨਾਂ ਨੇੜੇ ਹੋਣ ਵਾਲੇ ਹਰ ਖੁਦਾਈ ਕਾਰਜ ਦੀ ਸਖ਼ਤ ਨਿਗਰਾਨੀ ਯਕੀਨੀ ਬਣਾਈ ਜਾਵੇ ਅਤੇ ਲਾਪਰਵਾਹੀ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ ਵਿੱਚ ਕਿਸੇ ਵੀ ਵੱਡੇ ਜਾਨੀ ਜਾਂ ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ।