'ਤੁਹਾਨੂੰ ਭਗਤ ਨਹੀਂ ਬਣਨਾ...', ਭਾਰਤੀ ਰੇਲਵੇ ਦੀ ਤਾਰੀਫ਼ ਕਰਨ 'ਤੇ ਟ੍ਰੋਲ ਕਰਨ ਵਾਲਿਆਂ ਨੂੰ ਸੋਨਮ ਵਾਂਗਚੁਕ ਦਾ ਕਰਾਰਾ ਜਵਾਬ ਭੁੱਖ ਹੜਤਾਲ ਖ਼ਤਮ ਕਰਨ ਤੋਂ ਬਾਅਦ ਆਪਣੀ ਪਹਿਲੀ ਵੀਡੀਓ ਵਿੱਚ ਉਨ੍ਹਾਂ ਸਰਕਾਰ ਨੂੰ ਉਸਦੇ ਲਿਖਤੀ ਵਾਅਦੇ ਯਾਦ ਕਰਵਾਏ। ਹੜਤਾਲ ਤੋੜਦੇ ਸਮੇਂ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਭਰੋਸਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਰਕਾਰ ਆਪਣੇ ਲਿਖਤੀ ਵਾਅਦੇ ਪੂਰੇ ਕਰੇ।
Publish Date: Sat, 01 Aug 2026 03:23 PM (IST)
Updated Date: Sat, 01 Aug 2026 03:26 PM (IST)
ਡਿਜੀਟਲ ਡੈਸਕ, ਜੰਮੂ। ਦਿੱਲੀ ’ਚ ਭੁੱਖ ਹੜਤਾਲ ਤੋਂ ਬਾਅਦ ਹੁਣ ਵਾਤਾਵਰਣ ਵਿਗਿਆਨੀ ਅਤੇ ਸਿੱਖਿਆ ਸ਼ਾਸਤਰੀ ਸੋਨਮ ਵਾਂਗਚੁਕ ਲਦਾਖ ਵਿੱਚ ਆਪਣੇ ਪਿੰਡ ਪਹੁੰਚ ਗਏ ਹਨ। ਉਨ੍ਹਾਂ ਆਪਣੇ ਪਿੰਡ ਤੋਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ। ਸੋਨਮ ਨੇ ਆਪਣੇ ਪਿੰਡ ਵਿੱਚ ਸਿੰਧੂ ਨਦੀ ਦੇ ਕੰਢੇ ਉੱਗਦੇ ਸੂਰਜ ਦੇ ਵਿਚਕਾਰ ਦੇਸ਼ ਵਾਸੀਆਂ ਅਤੇ ਸਰਕਾਰ ਦੇ ਨਾਮ ਇੱਕ ਵੱਡਾ ਸੁਨੇਹਾ ਦਿੱਤਾ ਹੈ।
ਭੁੱਖ ਹੜਤਾਲ ਖ਼ਤਮ ਕਰਨ ਤੋਂ ਬਾਅਦ ਆਪਣੀ ਪਹਿਲੀ ਵੀਡੀਓ ਵਿੱਚ ਉਨ੍ਹਾਂ ਸਰਕਾਰ ਨੂੰ ਉਸਦੇ ਲਿਖਤੀ ਵਾਅਦੇ ਯਾਦ ਕਰਵਾਏ। ਹੜਤਾਲ ਤੋੜਦੇ ਸਮੇਂ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਭਰੋਸਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਰਕਾਰ ਆਪਣੇ ਲਿਖਤੀ ਵਾਅਦੇ ਪੂਰੇ ਕਰੇ।
ਅੰਦੋਲਨ ’ਚ ਸ਼ਾਮਲ ਬੇਕਸੂਰ ਪ੍ਰਦਰਸ਼ਨਕਾਰੀਆਂ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਨਾ ਕੀਤੀ ਜਾਵੇ। ਇਸ ਦੇ ਨਾਲ ਹੀ ਜਿਨ੍ਹਾਂ ਵਿਦਿਆਰਥੀਆਂ ਨੇ ਮਾਨਸਿਕ ਦਬਾਅ ਹੇਠ ਆ ਕੇ ਖ਼ੁਦਕੁਸ਼ੀ ਕੀਤੀ, ਉਨ੍ਹਾਂ ਦੇ ਪਰਿਵਾਰਾਂ ਨੂੰ ਤੁਰੰਤ ਬਣਦਾ ਮੁਆਵਜ਼ਾ ਮਿਲੇ। ਸੋਨਮ ਨੇ ਕਿਹਾ ਕਿ ਜਿਹੜੀਆਂ ਚੀਜ਼ਾਂ ਸਮੇਂ ਸਿਰ ਪੂਰੀਆਂ ਹੁੰਦੀਆਂ ਹਨ, ਉਹੀ ਸਮਾਜ ’ਚ ਵਿਸ਼ਵਾਸ ਪੈਦਾ ਕਰਦੀਆਂ ਹਨ। ਵਾਅਦੇ ਪੂਰੇ ਕਰਨ ਦਾ ਇਹੀ ਸਹੀ ਸਮਾਂ ਹੈ।
ਰੇਲ ਯਾਤਰਾ ਨੂੰ ਲੈ ਕੇ ਦਿੱਤਾ ਬਿਆਨ ਆਪਣੀ ਕਸ਼ਮੀਰ ਯਾਤਰਾ ਦੌਰਾਨ ਭਾਰਤੀ ਰੇਲਵੇ ਦੀ ਤਾਰੀਫ਼ ਕਰਨ 'ਤੇ ਹੋਈ ਆਲੋਚਨਾ ਦਾ ਕਰਾਰਾ ਜਵਾਬ ਦਿੰਦਿਆਂ ਉਨ੍ਹਾਂ ਲੋਕਾਂ ਦੀ ਸੋਚ 'ਤੇ ਸਵਾਲ ਖੜ੍ਹੇ ਕੀਤੇ। ਸੋਨਮ ਵਾਂਗਚੁਕ ਨੇ ਕਿਹਾ ਕਿ ਕੱਲ੍ਹ ਜਦੋਂ ਮੈਂ ਭਾਰਤੀ ਰੇਲਵੇ ਦੀ ਤਾਰੀਫ਼ ਕੀਤੀ ਤਾਂ ਕੁਝ ਲੋਕ ਇਸ ਲਈ ਨਾਰਾਜ਼ ਹੋ ਗਏ ਕਿ ਮੈਂ ਸਰਕਾਰ ਦੀ ਤਾਰੀਫ਼ ਕਰ ਰਿਹਾ ਹਾਂ।
ਕੀ ਸਾਡੀ ਸੋਚ ਇੰਨੀ ਤੰਗ ਹੋ ਗਈ ਹੈ ਕਿ ਅਸੀਂ ਆਪਣੇ ਦੇਸ਼ ਦੇ ਸਾਧਨਾਂ 'ਤੇ ਮਾਣ ਨਾ ਕਰੀਏ। ਸੋਨਮ ਨੇ ਕਿਹਾ ਕਿ ਭਾਰਤੀ ਰੇਲਵੇ ਹੋਵੇ ਜਾਂ ਇਸਰੋ (ISRO), ਇਹ ਕਿਸੇ ਇੱਕ ਰਾਜਨੀਤਿਕ ਪਾਰਟੀ ਦੀ ਨਹੀਂ, ਸਗੋਂ ਭਾਰਤ ਦੀ ਸੇਵਾ ਅਤੇ ਸਾਡੇ ਦੇਸ਼ ਦੇ ਪ੍ਰਤਿਭਾਵਾਨ ਇੰਜੀਨੀਅਰਾਂ ਦਾ ਸੁਭਾਗ ਅਤੇ ਸਵੈ-ਮਾਣ ਹਨ।
ਸਹੀ ਨੂੰ ਸਹੀ ਅਤੇ ਗ਼ਲਤ ਨੂੰ ਗ਼ਲਤ ਕਹੋ: ਸੋਨਮ ਦੇਸ਼ ਦੇ ਨਾਗਰਿਕਾਂ ਅਤੇ ਰਾਜਨੀਤਿਕ ਪਾਰਟੀਆਂ (ਪੱਖ-ਵਿਰੋਧ) ਨੂੰ ਇੱਕਜੁੱਟ ਹੋਣ ਦਾ ਸੱਦਾ ਦਿੰਦਿਆਂ ਉਨ੍ਹਾਂ ਕਿਹਾ ਕਿ ਰਾਜਨੀਤੀ ਤੋਂ ਉੱਪਰ ਉੱਠੋ। ਭਾਵੇਂ ਸੱਤਾ ਧਿਰ ਹੋਵੇ ਜਾਂ ਵਿਰੋਧੀ ਧਿਰ, ਭਾਰਤ ਦਾ ਨਿਰਮਾਣ ਅਸੀਂ ਸਾਰਿਆਂ ਨੇ ਮਿਲ ਕੇ ਹੀ ਕਰਨਾ ਹੈ। ਕਿਸੇ ਦੇ ਅੰਧੇ ਭਗਤ ਨਾ ਬਣੋ। ਜੇਕਰ ਦੇਸ਼ ’ਚ ਕੁਝ ਗ਼ਲਤ ਹੋ ਰਿਹਾ ਹੈ ਤਾਂ ਉਸ ਨੂੰ ਗ਼ਲਤ ਕਹੋ, ਅਤੇ ਜੇਕਰ ਕੁਝ ਸਹੀ ਹੋ ਰਿਹਾ ਹੈ ਤਾਂ ਬਿਨਾਂ ਕਿਸੇ ਝਿਝਕ ਦੇ ਉਸ ਦੀ ਤਾਰੀਫ਼ ਕਰੋ।