‘ਸ਼ੁੱਧੀਕਰਨ’ ਦੇ ਨਾਂ ’ਤੇ ਔਰਤ ਨਾਲ ਹੈਵਾਨੀਅਤ, ਪ੍ਰੇਮੀ ਨੂੰ ਦਰੱਖਤ ਨਾਲ ਬੰਨ੍ਹਿਆ; ਪਤੀ ਸਮੇਤ 9 ਗ੍ਰਿਫ਼ਤਾਰ ਮਹਿਲਾ ਤੇ ਉਸਦੇ ਸਾਥੀ ਨੂੰ ਉਸਦੇ ਪਤੀ ਤੇ ਰਿਸ਼ਤੇਦਾਰਾਂ ਨੇ ਕਥਿਤ ਤੌਰ ’ਤੇ ਇਨ੍ਹਾਂ ਘਟਨਾਵਾਂ ਦਾ ਸਾਹਮਣਾ ਕਰਨ ਲਈ ਮਜਬੂਰ ਕੀਤਾ। ਮੁਲਜ਼ਮਾਂ ਨੇ ਇਨ੍ਹਾਂ ਹਰਕਤਾਂ ਦੀ ਮੋਬਾਈਲ ਫੋਨ ’ਤੇ ਰਿਕਾਰਡਿੰਗ ਵੀ ਕੀਤੀ ਤੇ ਵੀਡੀਓ ਸੋਸ਼ਲ ਮੀਡੀਆ ’ਤੇ ਫੈਲਾ ਦਿੱਤੇ।
Publish Date: Wed, 07 Oct 2026 02:50 PM (IST)
Updated Date: Wed, 07 Oct 2026 02:53 PM (IST)
ਡਿਜੀਟਲ ਡੈਸਕ, ਰਾਜਕੋਟ : ਸੁਰੇਂਦਰਨਗਰ ’ਚ ਬਰਬਰਤਾ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ‘ਸ਼ੁੱਧੀਕਰਨ’ ਦੇ ਨਾਂ ’ਤੇ ਆਪਣੇ ਪ੍ਰੇਮੀ ਨਾਲ ਭੱਜੀ ਇੱਕ ਵਿਆਹੁਤਾ ਮਹਿਲਾ ਨਾਲ ਸਮੂਹਿਕ ਜਬਰ-ਜਨਾਹ ਦੀ ਘਟਨਾ ਨੇ ਸਨਸਨੀ ਫੈਲਾ ਦਿੱਤੀ ਹੈ। ਪੁਲਿਸ ਨੇ ਇਸ ਮਾਮਲੇ ’ਚ ਦੋ ਮਹਿਲਾਵਾਂ ਸਮੇਤ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਦੋਸ਼ ਹੈ ਕਿ 4 ਅਕਤੂਬਰ ਨੂੰ ਮਹਿਲਾ ਤੇ ਉਸਦੇ ਸਾਥੀ ਨੂੰ ਉਸਦੇ ਪਤੀ ਤੇ ਰਿਸ਼ਤੇਦਾਰਾਂ ਨੇ ਕਥਿਤ ਤੌਰ ’ਤੇ ਇਸ ਭਿਆਨਕ ਸਥਿਤੀ ਦਾ ਸਾਹਮਣਾ ਕਰਨ ਲਈ ਮਜਬੂਰ ਕੀਤਾ। ਮੁਲਜ਼ਮਾਂ ਨੇ ਇਨ੍ਹਾਂ ਹਰਕਤਾਂ ਨੂੰ ਮੋਬਾਈਲ ਫੋਨ ’ਤੇ ਰਿਕਾਰਡ ਵੀ ਕੀਤਾ ਤੇ ਵੀਡੀਓ ਸੋਸ਼ਲ ਮੀਡੀਆ ’ਤੇ ਫੈਲਾ ਦਿੱਤੇ। ਵਾਇਰਲ ਵੀਡੀਓ ਦੇਖਣ ਤੋਂ ਬਾਅਦ ਪੁਲਿਸ ਨੇ ਮਹਿਲਾ ਦਾ ਪਤਾ ਲਗਾਇਆ ਤੇ ਉਸਦੇ ਪਤੀ ਤੇ ਰਿਸ਼ਤੇਦਾਰਾਂ ਸਮੇਤ 9 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਕੀ ਹੈ ਮਾਮਲਾ? ਸ਼ਿਕਾਇਤ ਮੁਤਾਬਕ, ਮਹਿਲਾ ਦਾ ਵਿਆਹ ਵਾਪੀ ਦੇ ਇੱਕ ਵਿਅਕਤੀ ਨਾਲ ਹੋਇਆ ਸੀ। ਉਹ ਆਪਣੇ ਪਤੀ ਨੂੰ ਛੱਡ ਕੇ ਚੋਟਿਲਾ ਚਲੀ ਗਈ ਸੀ, ਜਿੱਥੇ ਉਹ ਲਗਭਗ ਤਿੰਨ ਮਹੀਨੇ ਆਪਣੇ ਸਾਥੀ ਨਾਲ ਰਹੀ। ਬਾਅਦ ’ਚ ਉਸਦੇ ਪਰਿਵਾਰ ਨੇ ਉਸਨੂੰ ਲੱਭ ਲਿਆ, ਵਾਪੀ ਲੈ ਆਏ ਤੇ ਕਥਿਤ ਤੌਰ ’ਤੇ ਇੱਕ ਘਰ ’ਚ ਕੈਦ ਕਰ ਦਿੱਤਾ। ਉਹ ਉੱਥੋਂ ਭੱਜ ਨਿਕਲੀ ਤੇ ਪੰਜ ਦਿਨ ਪਹਿਲਾਂ ਚੋਟਿਲਾ ਵਾਪਸ ਆ ਗਈ।
ਸ਼ੁੱਧੀਕਰਨ ਦੇ ਨਾਂ ’ਤੇ ਕਥਿਤ ਘਿਨੌਣੀ ਹਰਕਤ ਜਦੋਂ ਉਸਦੇ ਪਤੀ ਨੂੰ ਪਤਾ ਲੱਗਾ ਕਿ ਉਹ ਆਪਣੇ ਸਾਥੀ ਨਾਲ ਵਾਪਸ ਆ ਗਈ ਹੈ ਤਾਂ ਉਸਨੇ ਕਥਿਤ ਤੌਰ ’ਤੇ ਆਪਣੇ ਰਿਸ਼ਤੇਦਾਰਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਰਿਸ਼ਤੇਦਾਰਾਂ ਨੇ ਉਸ ਜੋੜੇ ਨੂੰ ਲੱਭਿਆ, ਉਨ੍ਹਾਂ ਨੂੰ ਸੁਰੇਂਦਰਨਗਰ ਦੇ ਇੱਕ ਘਰ ’ਚ ਲੈ ਗਏ ਤੇ ਕਥਿਤ ‘ਸ਼ੁੱਧੀਕਰਨ’ ਦੀ ਰਸਮ ਦੇ ਨਾਂ ’ਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ।
ਪੁਲਿਸ ਨੂੰ ਕਿਵੇਂ ਮਿਲੀ ਮਾਮਲੇ ਦੀ ਜਾਣਕਾਰੀ? ਸੁਰੇਂਦਰਨਗਰ ਦੇ ਡੀਐਸਪੀ ਪ੍ਰੇਮਸੁਖ ਡੇਲੂ ਨੇ ਦੱਸਿਆ ਕਿ ਪੁਲਿਸ ਨੂੰ ਇਸ ਘਟਨਾ ਬਾਰੇ ਉਸ ਵੇਲੇ ਪਤਾ ਲੱਗਾ ਜਦੋਂ ਇੱਕ ਭਾਈਚਾਰੇ ਦੇ ਆਗੂ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਤੇ ਕੁੱਟਮਾਰ ਦੇ ਵੀਡੀਓ ਸੋਸ਼ਲ ਮੀਡੀਆ ’ਤੇ ਸਾਹਮਣੇ ਆਏ।
ਡੇਲੂ ਨੇ ਦੱਸਿਆ, “ਮੈਨੂੰ ਭਾਈਚਾਰੇ ਦੇ ਇੱਕ ਆਗੂ ਦਾ ਫੋਨ ਆਇਆ, ਜਿਸ ’ਚ ਇੱਕ ਮਹਿਲਾ ਨਾਲ ਹੋਈ ਬਰਬਰਤਾ ਬਾਰੇ ਜਾਣਕਾਰੀ ਦਿੱਤੀ ਗਈ। ਸਾਨੂੰ ਕਈ ਵੀਡੀਓ ਵੀ ਮਿਲੇ। ਮਹਿਲਾ ਦਾ ਪਤਾ ਲਗਾਉਣ ਲਈ ਪੁਲਿਸ ਦੀਆਂ ਕਈ ਟੀਮਾਂ ਤਾਇਨਾਤ ਕੀਤੀਆਂ ਗਈਆਂ।”
ਪੁਲਿਸ ਟੀਮਾਂ ਨੇ ਇਲਾਕੇ ਦੇ ਘਰਾਂ ਦੀ ਤਲਾਸ਼ੀ ਲਈ ਤੇ ਮਹਿਲਾ ਨੂੰ ਇੱਕ ਘਰ ’ਚੋਂ ਲੱਭ ਲਿਆ। ਡੇਲੂ ਨੇ ਦੱਸਿਆ, “ਪੁਲਿਸ ਨੂੰ ਦੇਖਦੇ ਹੀ ਉਹ ਰੋਣ ਲੱਗ ਪਈ। ਅਸੀਂ ਵੀਡੀਓ ’ਚ ਦਿਖਾਈ ਦੇ ਰਹੀ ਮਹਿਲਾ ਨਾਲ ਉਸਦਾ ਚਿਹਰਾ ਮਿਲਾਇਆ ਤੇ ਉਸਨੂੰ ਥਾਣੇ ਲੈ ਆਏ। ਕਾਊਂਸਲਿੰਗ ਤੋਂ ਬਾਅਦ ਉਸਨੇ ਆਪਣੇ ਨਾਲ ਵਾਪਰੀ ਘਟਨਾ ਬਾਰੇ ਦੱਸਿਆ।”
ਮਹਿਲਾ ਨਾਲ ਜਬਰ-ਜਨਾਹ ਕਰਨ ਲਈ ਕੀਤਾ ਗਿਆ ਮਜਬੂਰ ਸ਼ਿਕਾਇਤ ਮੁਤਾਬਕ, ਮੁਲਜ਼ਮ ਜੋੜੇ ਨੂੰ ਸੁਰੇਂਦਰਨਗਰ ਲੈ ਗਏ ਤੇ ਕਿਹਾ ਕਿ ਉਹ ‘ਸ਼ੁੱਧੀਕਰਨ’ ਦੀ ਰਸਮ ਕਰਨ ਜਾ ਰਹੇ ਹਨ। ਕਥਿਤ ਤੌਰ ’ਤੇ ਉਨ੍ਹਾਂ ਨੇ ਲਾਠੀਆਂ ਨਾਲ ਦੋਵਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਤੋਂ ਬਾਅਦ ਵਿਅਕਤੀ ਨੂੰ ਰੱਸੀ ਨਾਲ ਇੱਕ ਦਰੱਖਤ ਨਾਲ ਬੰਨ੍ਹ ਦਿੱਤਾ ਗਿਆ, ਜਦਕਿ ਮਹਿਲਾ ਨੂੰ ਇੱਕ ਕਮਰੇ ’ਚ ਬੰਦ ਕਰ ਦਿੱਤਾ ਗਿਆ।
ਦੋਸ਼ ਹੈ ਕਿ ਬਾਅਦ ’ਚ ਮੁਲਜ਼ਮਾਂ ਨੇ ਮਹਿਲਾ ਨਾਲ ਜਬਰ-ਜਨਾਹ ਕੀਤਾ ਤੇ ਦੋਵਾਂ ਨੂੰ ਹੋਰ ਵੀ ਅਪਮਾਨਿਤ ਕੀਤਾ। ਪੁਲਿਸ ਮੁਤਾਬਕ, ਇਸ ਪੂਰੀ ਘਟਨਾ ਨੂੰ ਮੋਬਾਈਲ ਫੋਨ ’ਤੇ ਰਿਕਾਰਡ ਕੀਤਾ ਗਿਆ ਤੇ ਵੀਡੀਓ ਸੋਸ਼ਲ ਮੀਡੀਆ ’ਤੇ ਫੈਲਾਏ ਗਏ। ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਵੀਡੀਓ ਕਿਸਨੇ ਰਿਕਾਰਡ ਕੀਤੇ ਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਕਿਸਨੇ ਫੈਲਾਇਆ।