ਪਤੀ ਦਾ ਕਤਲ ਕਰ ਲਾਸ਼ ਗਟਰ ’ਚ ਸੁੱਟਣ ਵਾਲੀ ਪਤਨੀ ਤੇ ਉਸ ਦੇ ਪ੍ਰੇਮੀ ਨੂੰ ਉਮਰਕੈਦ; 52 ਹਜ਼ਾਰ ਰੁਪਏ ਲਾਇਆ ਜੁਰਮਾਨਾ ਪਤੀ ਦਾ ਕਤਲ ਕਰਕੇ ਲਾਸ਼ ਗਟਰ ’ਚ ਸੁੱਟਣ ਦੇ ਮਾਮਲੇ ’ਚ ਇੱਕ ਔਰਤ ਤੇ ਉਸ ਦੇ ਪ੍ਰੇਮੀ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਨੇ ਦੋਸ਼ੀਆਂ ’ਤੇ 52 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ।
Publish Date: Tue, 29 Sep 2026 02:27 PM (IST)
Updated Date: Tue, 29 Sep 2026 02:29 PM (IST)
ਜਾਗਰਣ ਸੰਵਾਦਦਾਤਾ, ਪੰਚਕੂਲਾ : ਪਤੀ ਦਾ ਕਤਲ ਕਰਕੇ ਲਾਸ਼ ਗਟਰ ’ਚ ਸੁੱਟਣ ਦੇ ਮਾਮਲੇ ’ਚ ਔਰਤ ਤੇ ਉਸ ਦੇ ਪ੍ਰੇਮੀ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਸਾਢੇ ਚਾਰ ਸਾਲ ਪੁਰਾਣੇ ਇਸ ਮਾਮਲੇ ’ਚ ਮੰਗਲਵਾਰ ਨੂੰ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਵਿਕਰਮਜੀਤ ਅਰੋੜਾ ਦੀ ਅਦਾਲਤ ਨੇ ਫੈਸਲਾ ਸੁਣਾਇਆ। ਦੋਸ਼ੀ ਅਨੀਤਾ ਦੇਵੀ ਤੇ ਉਸ ਦੇ ਪ੍ਰੇਮੀ ਸੰਜੇ ਕੁਮਾਰ ’ਤੇ 52 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਦੋਵਾਂ ਨੂੰ ਸ਼ੁੱਕਰਵਾਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਸੁਣਵਾਈ ਦੌਰਾਨ ਸਰਕਾਰੀ ਵਕੀਲ ਪ੍ਰਦੀਪ ਸ਼ਰਮਾ ਨੇ ਕਾਫ਼ੀ ਸਬੂਤ ਪੇਸ਼ ਕੀਤੇ। ਉਨ੍ਹਾਂ ਦਲੀਲ ਦਿੱਤੀ ਕਿ ਦੋਸ਼ੀਆਂ ਨੇ ਗੰਭੀਰ ਅਪਰਾਧ ਨੂੰ ਅੰਜਾਮ ਦਿੱਤਾ ਹੈ, ਇਸ ਲਈ ਦੋਵੇਂ ਕਿਸੇ ਰਹਿਮ ਦੇ ਹੱਕਦਾਰ ਨਹੀਂ ਹਨ। ਉਨ੍ਹਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ।
ਇਸ ਮਾਮਲੇ ’ਚ 3 ਫਰਵਰੀ 2022 ਨੂੰ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਮ੍ਰਿਤਕ ਸਿਆਰਾਮ ਸਾਹ ਮੂਲ ਰੂਪ ’ਚ ਬਿਹਾਰ ਦੇ ਜ਼ਿਲ੍ਹਾ ਮੁਜ਼ੱਫਰਪੁਰ ਦੇ ਡਾਕਘਰ ਪ੍ਰਤਾਪਨਗਰ ਦੇ ਪਿੰਡ ਖਲੀਲਪੁਰ ਦਾ ਰਹਿਣ ਵਾਲਾ ਸੀ। ਉਹ ਆਪਣੀ ਪਤਨੀ ਨਾਲ ਪੰਚਕੂਲਾ ਦੇ ਸੈਕਟਰ-26 ਸਥਿਤ ਮਦਨਪੁਰ ’ਚ ਕਿਰਾਏ ਦੇ ਮਕਾਨ ’ਚ ਰਹਿੰਦਾ ਸੀ ਤੇ ਮਿਸਤਰੀ ਦਾ ਕੰਮ ਕਰਦਾ ਸੀ।
ਸੰਜੇ ਕੁਮਾਰ ਮੂਲ ਰੂਪ ’ਚ ਉੱਤਰ ਪ੍ਰਦੇਸ਼ ਦੇ ਗੋਰਖਪੁਰ ਦੇ ਕੁਸ਼ੀਨਗਰ ਦਾ ਰਹਿਣ ਵਾਲਾ ਹੈ। ਉਹ ਵੀ ਮਦਨਪੁਰ ’ਚ ਅਨੀਤਾ ਦੇ ਗੁਆਂਢ ’ਚ ਕਿਰਾਏ ਦੇ ਮਕਾਨ ’ਚ ਰਹਿੰਦਾ ਸੀ। ਦੋਵਾਂ ਨੇ ਮਿਲ ਕੇ ਫਰਵਰੀ 2022 ’ਚ ਸਿਆਰਾਮ ਸਾਹ ਦਾ ਕਤਲ ਕੀਤਾ ਸੀ ਤੇ ਲਾਸ਼ ਗਟਰ ’ਚ ਸੁੱਟ ਦਿੱਤੀ ਸੀ। ਦੋਵਾਂ ਖ਼ਿਲਾਫ਼ ਮ੍ਰਿਤਕ ਸਿਆਰਾਮ ਸਾਹ ਦੇ ਭਰਾ ਰਾਮ ਸਾਹ ਦੀ ਸ਼ਿਕਾਇਤ ’ਤੇ 3 ਫਰਵਰੀ 2022 ਨੂੰ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਭਰਾ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਸੀ ਕੇਸ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਰਾਮ ਸਾਹ ਨੇ ਦੱਸਿਆ ਸੀ ਕਿ ਉਹ ਪੰਜ ਭਰਾ ਹਨ। ਉਹ ਮਜ਼ਦੂਰੀ ਕਰਦਾ ਹੈ। ਉਸ ਦਾ ਵੱਡਾ ਭਰਾ ਪਿੰਡ ’ਚ ਮਾਤਾ-ਪਿਤਾ ਨਾਲ ਰਹਿੰਦਾ ਹੈ, ਜਦਕਿ ਤਿੰਨ ਭਰਾ ਚੰਡੀਗੜ੍ਹ ਦੇ ਸੈਕਟਰ-52 ਕਜਹੇੜੀ ’ਚ ਉਸ ਦੇ ਨਾਲ ਰਹਿੰਦੇ ਹਨ। ਉਸ ਦਾ ਭਰਾ ਸਿਆਰਾਮ ਸਾਹ ਆਪਣੀ ਪਤਨੀ ਨਾਲ ਪਿੰਡ ਮਦਨਪੁਰ, ਸੈਕਟਰ-26, ਪੰਚਕੂਲਾ ’ਚ ਰਹਿੰਦਾ ਸੀ। ਘਟਨਾ ਵਾਲੇ ਦਿਨ ਰਾਮ ਸਾਹ ਦੇ ਠੇਕੇਦਾਰ ਨੇ ਮੋਬਾਈਲ ਫੋਨ ’ਤੇ ਇੱਕ ਮ੍ਰਿਤ ਵਿਅਕਤੀ ਦੀ ਤਸਵੀਰ ਦਿਖਾਈ। ਉਹ ਤਸਵੀਰ ਉਸ ਦੇ ਭਰਾ ਸਿਆਰਾਮ ਸਾਹ ਦੀ ਸੀ। ਇਸ ਤੋਂ ਬਾਅਦ ਉਹ ਆਪਣੇ ਭਰਾ ਦੇ ਨਾਲ ਮਦਨਪੁਰ ਸਥਿਤ ਉਸ ਦੇ ਘਰ ਪਹੁੰਚਿਆ।
ਸ਼ਿਕਾਇਤ ’ਚ ਦੋਸ਼ ਲਗਾਇਆ ਗਿਆ ਸੀ ਕਿ ਸੰਜੇ ਕੁਮਾਰ ਤੇ ਉਸ ਦੀ ਭਾਬੀ ਅਨੀਤਾ ਦੇਵੀ ਵਿਚਕਾਰ ਨਾਜਾਇਜ਼ ਸਬੰਧ ਸਨ। ਕੁਝ ਦਿਨ ਪਹਿਲਾਂ ਜਦੋਂ ਉਸ ਦੇ ਭਰਾ ਸਿਆਰਾਮ ਨੂੰ ਇਸ ਬਾਰੇ ਪਤਾ ਲੱਗਾ ਤਾਂ ਸੰਜੇ ਕੁਮਾਰ ਨਾਲ ਉਸ ਦਾ ਝਗੜਾ ਹੋਇਆ ਸੀ। ਇਸ ਝਗੜੇ ਤੋਂ ਬਾਅਦ ਅਨੀਤਾ ਤੇ ਸੰਜੇ ਨੇ ਮਿਲ ਕੇ ਉਸ ਦੇ ਭਰਾ ਸਿਆਰਾਮ ਸਾਹ ਦਾ ਕਤਲ ਕਰ ਦਿੱਤਾ। ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਨੇ ਦੋਵਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।