'ਦਿੱਲੀ ਨੂੰ ਜੇਲ੍ਹ ’ਚ ਕਿਉਂ ਬਦਲ ਦਿੱਤਾ?', ਰਾਹੁਲ ਗਾਂਧੀ ਦਾ ਸਰਕਾਰ 'ਤੇ ਨਿਸ਼ਾਨਾ
ਰਾਹੁਲ ਗਾਂਧੀ ਨੇ ਦਿੱਲੀ ਨੂੰ 'ਜੇਲ੍ਹ' ’ਚ ਬਦਲਣ ਦਾ ਦੋਸ਼ ਲਗਾਉਂਦਿਆਂ ਕੇਂਦਰ ਸਰਕਾਰ 'ਤੇ ਹਮਲਾ ਬੋਲਿਆ ਹੈ। ਇੰਡੀਆ ਗਠਜੋੜ ਦੇ ਆਗੂ ਅੱਜ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਖ਼ਿਲਾਫ਼ ਸੁਪਰੀਮ ਕੋਰਟ ਤੱਕ ਮਾਰਚ ਕਰਨਗੇ।
Publish Date: Mon, 12 Oct 2026 01:44 PM (IST)
Updated Date: Mon, 12 Oct 2026 01:45 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਦਿੱਲੀ ’ਚ ਅੱਜ ਯਾਨੀ ਸੋਮਵਾਰ ਨੂੰ ਇੰਡੀਆ ਗਠਜੋੜ ਦੇ ਆਗੂ ਸੁਪਰੀਮ ਕੋਰਟ ਤੱਕ ਮਾਰਚ ਕਰਨਗੇ। ਇਹ ਮਾਰਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਖ਼ਿਲਾਫ਼ ਕੱਢਿਆ ਜਾਣਾ ਹੈ। ਇਸ ਤੋਂ ਪਹਿਲਾਂ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ ਹੈ। ਰਾਹੁਲ ਗਾਂਧੀ ਨੇ ਕਿਹਾ, “ਦਿੱਲੀ ’ਚ ਪਿਛਲੇ ਕਈ ਦਿਨਾਂ ਤੋਂ ਵੋਟਾਂ ਦੀ ਚੋਰੀ ਦੇ ਖ਼ਿਲਾਫ਼ ਪ੍ਰਦਰਸ਼ਨ ਹੋ ਰਹੇ ਹਨ। ਸਵਾਲ ਇਹ ਹੈ ਕਿ ਦਿੱਲੀ ਨੂੰ ਜੇਲ੍ਹ ’ਚ ਕਿਉਂ ਬਦਲ ਦਿੱਤਾ ਗਿਆ ਹੈ? ਲੋਕਾਂ ਨੂੰ ਸ਼ਹਿਰ ’ਚ ਆਉਣ ਤੋਂ ਰੋਕਿਆ ਜਾ ਰਿਹਾ ਹੈ। ਟਰੇਨਾਂ ਤੇ ਬੱਸਾਂ ’ਚ ਲੋਕਾਂ ਨੂੰ ਰੋਕਿਆ ਜਾ ਰਿਹਾ ਹੈ। ਹਰ ਪਾਸੇ ਪੁਲਿਸ ਤਾਇਨਾਤ ਹੈ ਤੇ ਦਿੱਲੀ ਨੂੰ ਇੱਕ ਕਿਲ੍ਹੇ ’ਚ ਬਦਲ ਦਿੱਤਾ ਗਿਆ ਹੈ।”
ਸਰਕਾਰ ਬਹੁਤ ਵੱਡੀ ਗ਼ਲਤੀ ਕਰ ਰਹੀ ਹੈ
ਰਾਹੁਲ ਗਾਂਧੀ ਨੇ ਅੱਗੇ ਕਿਹਾ, “ਅਸੀਂ ਚਾਹੁੰਦੇ ਹਾਂ ਕਿ ਸੜਕਾਂ 'ਤੇ 20 ਹਜ਼ਾਰ ਤੋਂ 30 ਹਜ਼ਾਰ ਪੁਲਿਸ ਮੁਲਾਜ਼ਮ ਤਾਇਨਾਤ ਹੋਣ। ਸਰਕਾਰ ਬਹੁਤ ਵੱਡੀ ਗ਼ਲਤੀ ਕਰ ਰਹੀ ਹੈ, ਕਿਉਂਕਿ ਅਸੀਂ ਦੇਸ਼ ਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਿਆਨੇਸ਼ ਕੁਮਾਰ ਦੀ ਸੁਰੱਖਿਆ ਯਕੀਨੀ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਨੂੰ ਜਿੰਨੀ ਜ਼ਿਆਦਾ ਸੁਰੱਖਿਆ ਮਿਲੇਗੀ, ਅਸੀਂ ਆਖ਼ਰਕਾਰ ਉਨ੍ਹਾਂ ਦੇ ਕੰਟਰੋਲਰ ਤੱਕ ਓਨੀ ਹੀ ਆਸਾਨੀ ਨਾਲ ਪਹੁੰਚ ਸਕਾਂਗੇ।”
ਉਨ੍ਹਾਂ ਕਿਹਾ, “ਸਾਨੂੰ ਅਜਿਹੀਆਂ ਖ਼ਬਰਾਂ ਮਿਲ ਰਹੀਆਂ ਹਨ ਕਿ ਪੁਲਿਸ ਮੁਲਾਜ਼ਮ ਪਰੇਸ਼ਾਨ ਹਨ, ਕਿਉਂਕਿ ਉਨ੍ਹਾਂ ਨੂੰ ਨੌਜਵਾਨਾਂ ਦੀ ਕੁੱਟਮਾਰ ਕਰਨ ਦੇ ਹੁਕਮ ਦਿੱਤੇ ਜਾ ਰਹੇ ਹਨ, ਜਦਕਿ ਆਰਐੱਸਐੱਸ ਦੇ ਮੈਂਬਰਾਂ ਨੂੰ ਖੁੱਲ੍ਹੀ ਛੋਟ ਦੇਣ ਦੇ ਨਿਰਦੇਸ਼ ਦਿੱਤੇ ਜਾ ਰਹੇ ਹਨ।”
ਗਿਆਨੇਸ਼ ਕੁਮਾਰ ਅਸਤੀਫ਼ਾ ਕਿਉਂ ਨਹੀਂ ਦੇ ਰਹੇ?
ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਅਜਿਹਾ ਇਸ ਲਈ ਹੋ ਰਿਹਾ ਹੈ, ਕਿਉਂਕਿ ਅਸੀਂ ਉਹੀ ਸਵਾਲ ਉਠਾ ਰਹੇ ਹਾਂ ਜੋ ਦੋ ਚੋਣ ਕਮਿਸ਼ਨਰਾਂ ਨੇ ਪੁੱਛੇ ਸਨ। ਗਿਆਨੇਸ਼ ਕੁਮਾਰ ਅਸਤੀਫ਼ਾ ਕਿਉਂ ਨਹੀਂ ਦੇ ਰਹੇ? ਉਨ੍ਹਾਂ ਕਿਹਾ, “ਗਿਆਨੇਸ਼ ਕੁਮਾਰ, ਤੁਹਾਡੀ ਨੀਂਦ ਉੱਡ ਗਈ ਹੈ। ਅਸੀਂ ਤੁਹਾਨੂੰ ਬਖ਼ਸ਼ਾਂਗੇ ਨਹੀਂ। ਸਾਨੂੰ ਤੁਹਾਡੇ ਅਤੀਤ ਤੇ ਤੁਹਾਡੇ ਭ੍ਰਿਸ਼ਟਾਚਾਰ ਬਾਰੇ ਪਤਾ ਹੈ ਤੇ ਅਸੀਂ ਇੰਤਜ਼ਾਰ ਕਰ ਰਹੇ ਹਾਂ।”
ਅੱਜ ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ ਕਰਨਗੇ
ਰਾਹੁਲ ਗਾਂਧੀ ਨੇ ਕਿਹਾ, “ਕਾਂਗਰਸ ਪ੍ਰਧਾਨ ਤੇ ਮੈਂ ਭਾਰਤ ਦੇ ਮੁੱਖ ਨਿਆਂਧੀਸ਼ (CJI) ਨੂੰ ਪੱਤਰ ਲਿਖ ਕੇ ਭਾਰਤੀ ਲੋਕਤੰਤਰ ਦੀ ਹੱਤਿਆ ਤੇ ਚੋਣਾਂ ਦੀ ਨਿਰਪੱਖਤਾ ਨੂੰ ਲੈ ਕੇ ਆਪਣੀ ਡੂੰਘੀ ਚਿੰਤਾ ਜ਼ਾਹਰ ਕੀਤੀ ਸੀ। CJI ਨੇ ਸਾਨੂੰ ਜਵਾਬ ਦਿੱਤਾ ਤੇ ਪਟੀਸ਼ਨ ਦਾਇਰ ਕਰਨ ਦਾ ਨਿਰਦੇਸ਼ ਦਿੱਤਾ। ਅੱਜ ਇੰਡੀਆ ਗਠਜੋੜ ਦੇ ਆਗੂ ਤੇ ਮੈਂ ਇਕੱਠੇ ਸੁਪਰੀਮ ਕੋਰਟ ਜਾਵਾਂਗੇ ਤੇ ਇਹ ਪਟੀਸ਼ਨ ਦਾਇਰ ਕਰਾਂਗੇ।”
ਅਸੀਂ ਜੋ ਕਰ ਰਹੇ ਹਾਂ, ਉਹ ਸਹੀ ਹੈ...
ਰਾਹੁਲ ਗਾਂਧੀ ਨੇ ਕਿਹਾ ਕਿ 50 ਫ਼ੀਸਦੀ ਪੁਲਿਸ ਮੁਲਾਜ਼ਮ ਸਾਨੂੰ ਕਹਿ ਰਹੇ ਹਨ ਕਿ ਅਸੀਂ ਜੋ ਕਰ ਰਹੇ ਹਾਂ, ਉਹ ਸਹੀ ਹੈ ਤੇ ਸਾਨੂੰ ਇਸ ਨੂੰ ਜਾਰੀ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ, “ਪੁਲਿਸ, ਆਈਟੀਬੀਪੀ, ਸੀਆਰਪੀਐੱਫ ਤੇ ਭਾਰਤ ਦੇ ਲੋਕ ਇੱਕ ਪਾਸੇ ਹਨ, ਜਦਕਿ ਦੂਜੇ ਪਾਸੇ ਨਰਿੰਦਰ ਮੋਦੀ, ਅਮਿਤ ਸ਼ਾਹ, ਅਜੀਤ ਡੋਭਾਲ, ਗਿਆਨੇਸ਼ ਕੁਮਾਰ ਤੇ ਚੋਣ ਕਮਿਸ਼ਨ ਦੇ 4-5 ਮੈਂਬਰ ਹਨ, ਜੋ ‘ਵੋਟ ਚੋਰੀ’ ਤੇ ਦੇਸ਼ ਨੂੰ ਆਪਣੇ ਕਬਜ਼ੇ ’ਚ ਲੈਣ ’ਚ ਮਦਦ ਕਰ ਰਹੇ ਹਨ। ਅਸੀਂ ਇਸ ਫ਼ਰਕ ਨੂੰ ਹੋਰ ਵਧਾ ਰਹੇ ਹਾਂ।”