ਕਿਉਂ ISRO ਛੱਡ ਰਹੇ ਹਨ ਤਜ਼ਰਬੇਕਾਰ ਵਿਗਿਆਨੀ? ਇੱਕ ਸਾਲ ’ਚ 100 ਤੋਂ ਵੱਧ ਦਾ ਅਸਤੀਫ਼ਾ, ਸਰਕਾਰ ਨੇ ਸਖ਼ਤ ਕੀਤੇ ਨਿਯਮ ਭਾਰਤ ਦੇ ਪੁਲਾੜ ਵਿਭਾਗ (DoS) ਵਿੱਚ ਇਸ ਸਮੇਂ ਵੱਡੀ ਉਥਲ-ਪੁਥਲ ਮਚੀ ਹੋਈ ਹੈ। ਇਸਰੋ (ISRO) ਦੇ ਕਈ ਸੀਨੀਅਰ ਵਿਗਿਆਨੀ ਅਤੇ ਤਕਨੀਕੀ ਮਾਹਰ ਅਸਤੀਫ਼ਾ ਦੇ ਰਹੇ ਹਨ ਅਤੇ ਪ੍ਰਾਈਵੇਟ ਸਪੇਸ ਕੰਪਨੀਆਂ ਵੱਲ ਜਾ ਰਹੇ ਹਨ। ਇੱਕ ਤੋਂ ਬਾਅਦ ਇੱਕ, ਪਿਛਲੇ ਇੱਕ ਸਾਲ ਵਿੱਚ ਕਰੀਬ 100 ਤੋਂ 120 ਵਿਗਿਆਨੀਆਂ ਨੇ ਅਸਤੀਫ਼ੇ ਦਿੱਤੇ ਹਨ।
Publish Date: Thu, 16 Jul 2026 10:44 AM (IST)
Updated Date: Thu, 16 Jul 2026 10:46 AM (IST)
ਡਿਜੀਟਲ ਡੈਸਕ, ਬੇਂਗਲੁਰੂ। ਭਾਰਤ ਦੇ ਪੁਲਾੜ ਵਿਭਾਗ (DoS) ਵਿੱਚ ਇਸ ਸਮੇਂ ਵੱਡੀ ਉਥਲ-ਪੁਥਲ ਮਚੀ ਹੋਈ ਹੈ। ਇਸਰੋ (ISRO) ਦੇ ਕਈ ਸੀਨੀਅਰ ਵਿਗਿਆਨੀ ਅਤੇ ਤਕਨੀਕੀ ਮਾਹਰ ਅਸਤੀਫ਼ਾ ਦੇ ਰਹੇ ਹਨ ਅਤੇ ਪ੍ਰਾਈਵੇਟ ਸਪੇਸ ਕੰਪਨੀਆਂ ਵੱਲ ਜਾ ਰਹੇ ਹਨ। ਇੱਕ ਤੋਂ ਬਾਅਦ ਇੱਕ, ਪਿਛਲੇ ਇੱਕ ਸਾਲ ਵਿੱਚ ਕਰੀਬ 100 ਤੋਂ 120 ਵਿਗਿਆਨੀਆਂ ਨੇ ਅਸਤੀਫ਼ੇ ਦਿੱਤੇ ਹਨ।
ਇਸਰੋ ਤੋਂ ਵਿਗਿਆਨੀਆਂ ਦੇ ਇਸ ਤਰ੍ਹਾਂ ਦੇ ਅਸਤੀਫ਼ਿਆਂ ਨੂੰ ਰੋਕਣ ਲਈ ਭਾਰਤ ਸਰਕਾਰ ਨੇ ਬੇਹੱਦ ਸਖ਼ਤ ਕਦਮ ਚੁੱਕਿਆ ਹੈ। ਪੁਲਾੜ ਵਿਭਾਗ ਨੇ ਇੱਕ ਨਵਾਂ ਨਿਰਦੇਸ਼ ਜਾਰੀ ਕੀਤਾ ਹੈ, ਜਿਸ ਦੇ ਤਹਿਤ ਹੁਣ ਅਜਿਹੇ ਕਿਸੇ ਵੀ ਮਾਮਲੇ ਨੂੰ ਕੇਂਦਰ ਪੱਧਰ 'ਤੇ ਸਿੱਧੀ ਮਨਜ਼ੂਰੀ ਨਹੀਂ ਮਿਲੇਗੀ, ਬਲਕਿ ਅੰਤਿਮ ਮਨਜ਼ੂਰੀ ਲਈ ਹੈੱਡਕੁਆਰਟਰ ਭੇਜਿਆ ਜਾਵੇਗਾ।
ਦਰਅਸਲ, ਹਾਲ ਹੀ ਵਿੱਚ ਅਸਤੀਫ਼ਾ ਦੇਣ ਵਾਲਿਆਂ ਵਿੱਚ ਗਗਨਯਾਨ ਅਤੇ ਚੰਦਰਯਾਨ-3 ਵਰਗੇ ਵੱਡੇ ਪ੍ਰੋਜੈਕਟਾਂ ਦੇ ਕਈ ਪ੍ਰੋਜੈਕਟ ਡਾਇਰੈਕਟਰ ਅਤੇ ਮੈਨੇਜਰ ਵੀ ਸ਼ਾਮਲ ਹਨ। ਇਸ ਨੂੰ ਲੈ ਕੇ ਸਰਕਾਰ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਅਚਾਨਕ ਕੰਮ ਛੱਡਣ ਨਾਲ ਰਾਸ਼ਟਰੀ ਪੱਧਰ ਦੇ ਪ੍ਰੋਜੈਕਟਾਂ 'ਤੇ ਬੁਰਾ ਅਸਰ ਪੈ ਰਿਹਾ ਹੈ।
ਜਿਸ ਦੇ ਚਲਦਿਆਂ ਸਰਕਾਰ ਨੇ ਵਿਗਿਆਨੀਆਂ ਦੇ ਅਸਤੀਫ਼ੇ ਅਤੇ ਸਵੈ-ਇੱਛੁਕ ਸੇਵਾਮੁਕਤੀ (VRS) ਦੇ ਨਿਯਮਾਂ ਨੂੰ ਬੇਹੱਦ ਸਖ਼ਤ ਬਣਾ ਦਿੱਤਾ ਹੈ। ਹਾਲਾਂਕਿ, ਇਸਰੋ ਦੇ ਇੱਕ ਉੱਚ ਅਧਿਕਾਰੀ ਵੀ. ਨਾਰਾਇਣਨ ਨੇ ਇਸ ਨੂੰ ਇੱਕ ਆਮ ਪ੍ਰਸ਼ਾਸਨਿਕ ਪ੍ਰਕਿਰਿਆ ਦੱਸਦਿਆਂ ਕਿਹਾ ਹੈ ਕਿ ਇਸ ਨਾਲ ਪ੍ਰੋਜੈਕਟਾਂ ਨੂੰ ਅਚਾਨਕ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇਗਾ।
ISRO ਵਿੱਚ ਵਿਗਿਆਨੀਆਂ ਦੇ ਅਸਤੀਫ਼ੇ 'ਤੇ ਰੋਕ
ਵਿਗਿਆਨੀਆਂ ਦੇ ਅਸਤੀਫ਼ੇ ਰੋਕਣ ਲਈ 14 ਜੁਲਾਈ ਨੂੰ ਇੱਕ ਨਵਾਂ ਅੰਦਰੂਨੀ ਫ਼ਰਮਾਨ ਜਾਰੀ ਕੀਤਾ ਗਿਆ ਹੈ। ਇੰਟਰਨਲ ਮੈਮੋਰੰਡਮ ’ਚ ਕਿਹਾ ਗਿਆ ਹੈ ਕਿ ਹਾਈ-ਪ੍ਰੋਫਾਈਲ ਪ੍ਰੋਜੈਕਟਾਂ ਨਾਲ ਜੁੜੇ 'ਗਰੁੱਪ A' ਦੇ ਸਾਇੰਟਿਫਿਕ ਅਤੇ ਟੈਕਨੀਕਲ ਸਟਾਫ਼ ਦੇ ਸਵੈ-ਇੱਛੁਕ ਸੇਵਾਮੁਕਤੀ (VRS) ਜਾਂ ਅਸਤੀਫ਼ੇ ਦੇ ਬੇਨਤੀ ਪੱਤਰਾਂ ਨੂੰ ਹੁਣ ਰੂਟੀਨ ਦੇ ਤੌਰ 'ਤੇ ਆਸਾਨੀ ਨਾਲ ਸਵੀਕਾਰ ਨਹੀਂ ਕੀਤਾ ਜਾਵੇਗਾ।
ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਹਾਲ ਦੇ ਦਿਨਾਂ ਵਿੱਚ ਨੌਕਰੀ ਛੱਡਣ ਵਾਲੇ ਵਿਗਿਆਨੀਆਂ ਦੀ ਗਿਣਤੀ ਵਿੱਚ ਆਈ ਤੇਜ਼ੀ ਕਾਰਨ ਰਾਸ਼ਟਰੀ ਮਹੱਤਵ ਦੇ ਬੇਹੱਦ ਮਹੱਤਵਪੂਰਨ ਪ੍ਰੋਜੈਕਟਾਂ 'ਤੇ ਗੰਭੀਰ ਅਸਰ ਪਿਆ ਹੈ।
ਇਸ ਨੂੰ ਲੈ ਕੇ ਸਰਕਾਰ ਨੇ ਨਿਰਦੇਸ਼ਕਾਂ (ਡਾਇਰੈਕਟਰਾਂ) ਨੂੰ ਸਖ਼ਤ ਨਿਰਦੇਸ਼ ਦਿੱਤੇ ਹਨ ਕਿ ਜਦੋਂ ਤੱਕ ਸਬੰਧਤ ਸਪੇਸ ਮਿਸ਼ਨ ਪੂਰੀ ਤਰ੍ਹਾਂ ਸੰਪੰਨ ਨਹੀਂ ਹੋ ਜਾਂਦੇ, ਉਦੋਂ ਤੱਕ ਉਹ ਆਪਣੀ ਤਰਫ਼ੋਂ ਅਜਿਹੀ ਕਿਸੇ ਵੀ ਬੇਨਤੀ ਨੂੰ ਮਨਜ਼ੂਰੀ ਨਾ ਦੇਣ। ਉਹ ਅਸਤੀਫ਼ੇ ਜਾਂ ਵੀਆਰਐਸ (VRS) ਦੇ ਹਰ ਮਾਮਲੇ ਨੂੰ ਆਪਣੀਆਂ ਢੁਕਵੀਆਂ ਸਿਫ਼ਾਰਸ਼ਾਂ ਦੇ ਨਾਲ ਅੰਤਿਮ ਫ਼ੈਸਲੇ ਲਈ ਸਿੱਧਾ ਮੁੱਖ ਦਫ਼ਤਰ ਨੂੰ ਫਾਰਵਰਡ ਕਰਨ।
ਕਿੰਨੇ ਵਿਗਿਆਨੀਆਂ ਨੇ ਛੱਡੀ ਨੌਕਰੀ? ਭਾਰਤੀ ਪੁਲਾੜ ਵਿਭਾਗ (DoS) ਨੇ ਇਹ ਨਹੀਂ ਦੱਸਿਆ ਹੈ ਕਿ ਕਿੰਨੇ ਵਿਗਿਆਨੀਆਂ ਨੇ ਨੌਕਰੀ ਛੱਡੀ ਹੈ, ਪਰ ਕਈ ਸੂਤਰਾਂ ਦਾ ਕਹਿਣਾ ਹੈ ਕਿ ਪਿਛਲੇ ਇੱਕ ਸਾਲ ਵਿੱਚ 100-120 ਲੋਕਾਂ ਨੇ ਨੌਕਰੀ ਛੱਡੀ ਹੈ। ਅਸਤੀਫ਼ਾ ਦੇਣ ਵਾਲਿਆਂ ਵਿੱਚ ਵਿਕਰਮ ਸਾਰਾਬਾਈ ਸਪੇਸ ਸੈਂਟਰ ਦੇ LVM-3 ਪ੍ਰੋਜੈਕਟ ਡਾਇਰੈਕਟਰ ਵਿਕਟਰ ਜੋਸਫ਼, ਯੂ.ਆਰ. ਰਾਓ ਸੈਟੇਲਾਈਟ ਸੈਂਟਰ ਦੇ SpaDeX ਪ੍ਰੋਜੈਕਟ ਡਾਇਰੈਕਟਰ ਅਤੇ ਚੰਦਰਯਾਨ-3 ਦੇ ਪ੍ਰੋਜੈਕਟ ਮੈਨੇਜਰ ਆਦਿਤਿਆ ਰੱਲਾਪੱਲੀ ਸ਼ਾਮਲ ਹਨ।
ਹਾਲਾਂਕਿ, ਨੌਕਰੀ ਛੱਡਣ ਵਾਲਿਆਂ ਦੀ ਗਿਣਤੀ ISRO ਦੇ 14,600 ਤੋਂ ਵੱਧ ਕਰਮਚਾਰੀਆਂ ਦੀ ਕੁੱਲ ਗਿਣਤੀ ਦਾ ਇੱਕ ਛੋਟਾ ਜਿਹਾ ਹਿੱਸਾ ਹੈ ਪਰ ਇਸ ਨਾਲ ਇਸਦੇ ਕੁਝ ਸਭ ਤੋਂ ਅਹਿਮ ਸੈਂਟਰਾਂ 'ਤੇ ਅਸਰ ਪਿਆ ਹੈ। 1,339 ਕਰਮਚਾਰੀਆਂ ਵਾਲੇ ਯੂ.ਆਰ. ਰਾਓ ਸੈਟੇਲਾਈਟ ਸੈਂਟਰ ਵਿੱਚੋਂ 80 ਲੋਕਾਂ ਨੇ ਨੌਕਰੀ ਛੱਡੀ ਹੈ, ਜਦੋਂ ਕਿ ਪਿਛਲੇ ਵਿੱਤੀ ਸਾਲ ਦੇ ਅੰਤ ਤੱਕ ISRO ਦੇ ਸਭ ਤੋਂ ਵੱਡੇ ਸੈਂਟਰ (4,577 ਕਰਮਚਾਰੀਆਂ ਵਾਲੇ) ਵਿਕਰਮ ਸਾਰਾਬਾਈ ਸਪੇਸ ਸੈਂਟਰ ਤੋਂ ਘੱਟੋ-ਘੱਟ 20 ਵਿਗਿਆਨੀਆਂ ਨੇ ਅਸਤੀਫ਼ਾ ਦਿੱਤਾ ਹੈ।
ਕਿਉਂ ਇਸਰੋ ਛੱਡ ਰਹੇ ਹਨ ਸਾਇੰਟਿਸਟ? ਦੱਸ ਦੇਈਏ ਕਿ ਭਾਰਤ ਦਾ ਪ੍ਰਾਈਵੇਟ ਸਪੇਸ ਸੈਕਟਰ ਇਸ ਸਮੇਂ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਅਜਿਹੇ ਵਿੱਚ ਤਜ਼ਰਬੇਕਾਰ ਵਿਗਿਆਨੀਆਂ ਦੀ ਮੰਗ ਵਧ ਗਈ ਹੈ। ਪ੍ਰਾਈਵੇਟ ਕੰਪਨੀਆਂ ਮੂੰਹ ਮੰਗਿਆ ਪੈਸਾ ਦੇ ਰਹੀਆਂ ਹਨ। ਇਹੀ ਵਜ੍ਹਾ ਹੈ ਕਿ ਇਸਰੋ ਦੇ ਪ੍ਰਤਿਭਾਸ਼ਾਲੀ ਸਾਇੰਟਿਸਟ ਪ੍ਰਾਈਵੇਟ ਸੈਕਟਰ ਵੱਲ ਭੱਜ ਰਹੇ ਹਨ।