ਕੌਣ ਹੈ ਨੇਹਾ ਪਚੀਸੀਆ? ਏਅਰ ਹੋਸਟੇਸ ਤੋਂ ਸਿਟੀ SP ਬਣ ਕੇ ਪੇਸ਼ ਕੀਤੀ ਸੀ ਮਿਸਾਲ, ਹੁਣ CM ਨੇ ਕਰ ਦਿੱਤਾ ਸਸਪੈਂਡ ਮੱਧ ਪ੍ਰਦੇਸ਼ 'ਚ ਇਨ੍ਹੀਂ ਦਿਨੀਂ ਪੁਲਿਸ ਅਧਿਕਾਰੀ ਨੇਹਾ ਪਚੀਸੀਆ ਚਰਚਾ ਦਾ ਕੇਂਦਰ ਬਣੀ ਹੋਈ ਹੈ। ਕਦੇ ਏਅਰ ਹੋਸਟੇਸ ਰਹੀ ਨੇਹਾ ਉੱਤੇ ਕਤਲ ਦੇ ਮੁਲਜ਼ਮ ਦੇ ਪਰਿਵਾਰ ਤੋਂ 15 ਲੱਖ ਰੁਪਏ ਮੰਗਣ ਅਤੇ ਮੁਲਜ਼ਮ ਦੇ ਪਿਤਾ ਦੀ ਜ਼ਮੀਨ ਨੂੰ ਇਸਦੀ ਅਸਲ ਕੀਮਤ ਨਾਲੋਂ ਬਹੁਤ ਘੱਟ ਦਾਅ ‘ਤੇ ਆਪਣੇ ਇੱਕ ਸਹਿਯੋਗੀ ਦੇ ਨਾਮ ਟਰਾਂਸਫਰ ਕਰਵਾਉਣ ਦਾ ਦੋਸ਼ ਹੈ। ਮੁੱਖ ਮੰਤਰੀ ਮੋਹਨ ਯਾਦਵ ਨੇ ਉਸ ਨੂੰ ਸਸਪੈਂਡ ਕਰ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਆਓ ਜਾਣਦੇ ਹਾਂ ਨੇਹਾ ਪਚੀਸੀਆ ਬਾਰੇ...
Publish Date: Sun, 23 Aug 2026 10:49 AM (IST)
Updated Date: Sun, 23 Aug 2026 10:51 AM (IST)
ਡਿਜੀਟਲ ਡੈਸਕ, ਕਟਨੀ - ਮੱਧ ਪ੍ਰਦੇਸ਼ 'ਚ ਇਨ੍ਹੀਂ ਦਿਨੀਂ ਪੁਲਿਸ ਅਧਿਕਾਰੀ ਨੇਹਾ ਪਚੀਸੀਆ ਚਰਚਾ ਦਾ ਕੇਂਦਰ ਬਣੀ ਹੋਈ ਹੈ। ਕਦੇ ਏਅਰ ਹੋਸਟੇਸ ਰਹੀ ਨੇਹਾ ਉੱਤੇ ਕਤਲ ਦੇ ਮੁਲਜ਼ਮ ਦੇ ਪਰਿਵਾਰ ਤੋਂ 15 ਲੱਖ ਰੁਪਏ ਮੰਗਣ ਅਤੇ ਮੁਲਜ਼ਮ ਦੇ ਪਿਤਾ ਦੀ ਜ਼ਮੀਨ ਨੂੰ ਇਸਦੀ ਅਸਲ ਕੀਮਤ ਨਾਲੋਂ ਬਹੁਤ ਘੱਟ ਦਾਅ ‘ਤੇ ਆਪਣੇ ਇੱਕ ਸਹਿਯੋਗੀ ਦੇ ਨਾਮ ਟਰਾਂਸਫਰ ਕਰਵਾਉਣ ਦਾ ਦੋਸ਼ ਹੈ। ਮੁੱਖ ਮੰਤਰੀ ਮੋਹਨ ਯਾਦਵ ਨੇ ਉਸ ਨੂੰ ਸਸਪੈਂਡ ਕਰ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਆਓ ਜਾਣਦੇ ਹਾਂ ਨੇਹਾ ਪਚੀਸੀਆ ਬਾਰੇ...
ਕੌਣ ਹੈ ਨੇਹਾ ਪਚੀਸੀਆ? ਨੇਹਾ ਪਚੀਸੀਆ ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ ਦੀ ਪਚੌਰ ਤਹਿਸੀਲ ਦੀ ਰਹਿਣ ਵਾਲੀ ਹੈ। ਪੁਲਿਸ ਸੇਵਾ 'ਚ ਆਉਣ ਤੋਂ ਪਹਿਲਾਂ ਉਸ ਨੇ ਏਅਰ ਇੰਡੀਆ 'ਚ ਏਅਰ ਹੋਸਟੇਸ ਵਜੋਂ ਕੰਮ ਕੀਤਾ। 12ਵੀਂ ਜਮਾਤ ਪੂਰੀ ਕਰਨ ਤੋਂ ਬਾਅਦ ਉਸ ਨੇ ਐਵੀਏਸ਼ਨ ਦੀ ਪੜ੍ਹਾਈ ਕੀਤੀ ਅਤੇ ਏਅਰਲਾਈਨ ਸੈਕਟਰ 'ਚ ਕਦਮ ਰੱਖਿਆ।
ਬਾਅਦ 'ਚ ਪਚੀਸੀਆ ਨੇ ਸਰਕਾਰੀ ਨੌਕਰੀ 'ਚ ਜਾਣ ਦਾ ਫੈਸਲਾ ਕੀਤਾ। ਉਸ ਨੇ 2012 'ਚ MPPSC ਪ੍ਰੀਖਿਆ ਦਿੱਤੀ ਅਤੇ 2016 'ਚ ਇਸ ਦਾ ਫਾਈਨਲ ਨਤੀਜਾ ਆਇਆ। ਉਸ ਨੇ ਰਾਜ 'ਚ 20ਵੀਂ ਰੈਂਕ ਹਾਸਲ ਕੀਤੀ ਅਤੇ ਡੀ.ਐੱਸ.ਪੀ. ਵਜੋਂ ਪੁਲਿਸ ਸੇਵਾ ਜੁਆਇਨ ਕੀਤੀ।
ਉਸ ਦੀ ਪਹਿਲੀ ਪੋਸਟਿੰਗ ਗੁਨਾ 'ਚ ਸੀ.ਐੱਸ.ਪੀ. ਵਜੋਂ ਹੋਈ ਸੀ। ਬਾਅਦ 'ਚ ਉਸ ਨੇ ਭੋਪਾਲ 'ਚ ਪੁਲਿਸ ਹੈੱਡਕੁਆਰਟਰ 'ਚ ਕੰਮ ਕੀਤਾ ਅਤੇ ਖੰਡਵਾ 'ਚ ਵੀ ਤਾਇਨਾਤ ਰਹੀ। ਮਈ 2025 'ਚ ਉਸ ਦਾ ਤਬਾਦਲਾ ਕਟਨੀ ਕਰ ਦਿੱਤਾ ਗਿਆ ਅਤੇ ਉਸ ਨੂੰ ਸ਼ਹਿਰ ਦਾ ਸੀ.ਐੱਸ.ਪੀ. ਨਿਯੁਕਤ ਕੀਤਾ ਗਿਆ।
ਗੁਨਾ 'ਚ ਸਿਟੀ ਸੁਪਰਡੈਂਟ ਆਫ਼ ਪੁਲਿਸ (CSP) ਵਜੋਂ ਆਪਣੇ ਕਾਰਜਕਾਲ ਦੌਰਾਨ ਉਸ ਨੂੰ ਤਿੰਨ ਪੁਲਿਸ ਸਟੇਸ਼ਨਾਂ 'ਚ ਔਰਤਾਂ ਲਈ ਮੋਬਾਈਲ ਪੁਲਿਸ ਸਟੇਸ਼ਨ ਸ਼ੁਰੂ ਕਰਨ ਦਾ ਸਿਹਰਾ ਜਾਂਦਾ ਹੈ। ਇਸ ਦਾ ਮਕਸਦ ਔਰਤਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਕੁਝ ਵਿਵਾਦਾਂ ਨੂੰ ਸੁਲਝਾਉਣ ਦੀ ਸਹੂਲਤ ਦੇਣਾ ਸੀ।
ਕੀ ਦੋਸ਼ ਲੱਗੇ ਹਨ?
ਇਹ ਮਾਮਲਾ ਮੁੱਖ ਤੌਰ ‘ਤੇ ਜ਼ਮੀਨ ਦੇ ਇੱਕ ਵਿਵਾਦਤ ਸੌਦੇ ਨਾਲ ਜੁੜਿਆ ਹੈ। ਦੋਸ਼ਾਂ ਮੁਤਾਬਕ, ਲਗਭਗ 80 ਲੱਖ ਰੁਪਏ ਦੀ ਕੀਮਤ ਵਾਲੀ ਜ਼ਮੀਨ ਇੱਕ ਏਜੰਟ ਰਾਹੀਂ ਸਿਰਫ਼ 18 ਲੱਖ ਰੁਪਏ 'ਚ ਖਰੀਦੀ ਗਈ ਸੀ। ਦੱਸਿਆ ਜਾਂਦਾ ਹੈ ਕਿ ਇਹ ਜ਼ਮੀਨ ਕਤਲ ਦੇ ਇੱਕ ਮਾਮਲੇ 'ਚ ਦੋਸ਼ੀ ਵਿਅਕਤੀ ਨਾਲ ਜੁੜੀ ਹੋਈ ਸੀ।
ਆਈ.ਜੀ. ਜਬਲਪੁਰ ਵੱਲੋਂ ਕਰਵਾਈ ਗਈ ਜਾਂਚ 'ਚ ਸਾਹਮਣੇ ਆਇਆ ਹੈ ਕਿ ਸੀ.ਐੱਸ.ਪੀ. ਨੇ ਪੀੜਤ ਰਮੇਸ਼ ਲੋਧੀ (ਨਿਵਾਸੀ ਕਨ੍ਹਵਾਰਾ) ਨੂੰ ਰੰਗਨਾਥ ਨਗਰ ਥਾਣਾ 'ਚ ਰੱਖਣ ਦੇ ਨਾਲ ਹੀ ਦੋ ਦਿਨ ਤੱਕ ਆਪਣੇ ਸਰਕਾਰੀ ਆਵਾਸ 'ਚ ਬੰਧਕ ਬਣਾ ਕੇ ਰੱਖਿਆ।
ਰਜਿਸਟਰੀ ਵਾਲੇ ਦਿਨ ਪੀੜਤ ਭੱਜ ਨਾ ਜਾਵੇ ਜਾਂ ਕਿਸੇ ਨੂੰ ਸ਼ਿਕਾਇਤ ਨਾ ਕਰ ਦੇਵੇ, ਇਸ ਨੂੰ ਲੈ ਕੇ ਉਸ ਨੂੰ ਆਪਣੀ ਸਰਕਾਰੀ ਗੱਡੀ 'ਚ ਬਿਠਾ ਕੇ ਰਜਿਸਟਰੀ ਦਫ਼ਤਰ ਲਿਜਾਇਆ ਗਿਆ ਸੀ। ਜ਼ਮੀਨ ਗੁਆਉਣ ਤੋਂ ਬਾਅਦ ਜਦੋਂ ਪੀੜਤ ਨੇ ਸੀ.ਐੱਮ. ਹੈਲਪਲਾਈਨ 'ਚ ਸ਼ਿਕਾਇਤ ਕੀਤੀ ਅਤੇ ਪਟਵਾਰੀ ਕੋਲ ਨਾਮਾਂਤਰਣ ਰੋਕਣ ਦੀ ਅਰਜ਼ੀ ਦਿੱਤੀ, ਤਾਂ ਸੀ.ਐੱਸ.ਪੀ. ਨੇ ਰਮੇਸ਼ ਉੱਤੇ ਦਰਜ ਇੱਕ ਕਤਲ ਦੇ ਕੇਸ ਦਾ ਫਾਇਦਾ ਉਠਾਉਂਦੇ ਹੋਏ ਧਮਕੀ ਦਿੱਤੀ ਕਿ ਜੇਕਰ ਉਹ ਜੇਲ੍ਹ ਤੋਂ ਬਚਣਾ ਚਾਹੁੰਦਾ ਹੈ, ਤਾਂ ਉਸ ਨੂੰ 75 ਲੱਖ ਰੁਪਏ ਅਤੇ ਦੇਣ ਹੋਣਗੇ।
ਸੀ.ਐੱਸ.ਪੀ. ਨੇ ਦਾਅਵਾ ਕੀਤਾ ਸੀ ਕਿ ਰਕਮ ਮਿਲਣ ‘ਤੇ ਉਹ ਕੋਰਟ 'ਚ ਬਿਆਨ ਬਦਲਵਾ ਕੇ ਉਸ ਨੂੰ ਬਰੀ ਕਰਵਾ ਦੇਵੇਗੀ। ਪੈਸੇ ਦੇਣ ਤੋਂ ਇਨਕਾਰ ਕਰਨ ‘ਤੇ ਸੀ.ਐੱਸ.ਪੀ. ਨੇ ਰਮੇਸ਼ ਅਤੇ ਉਸ ਦੇ ਜਵਾਈ ਨੂੰ ਮੁਕੱਦਮੇ 'ਚ ਸ਼ਾਮਲ ਕਰਕੇ ਜੇਲ੍ਹ ਭਿਜਵਾ ਦਿੱਤਾ।
ਇੱਕ ਟਰਾਂਸਪੋਰਟਰ ਨੇ ਪਚੀਸੀਆ ਉੱਤੇ ਜ਼ਬਰਦਸਤੀ ਵਸੂਲੀ ਦੇ ਦੋਸ਼ ਵੀ ਲਗਾਏ ਸਨ। ਬਾਅਦ 'ਚ ਕੁਥਲਾ ਪੁਲਿਸ ਸਟੇਸ਼ਨ 'ਚ ਪਚੀਸੀਆ, ਮਾਰੂਫ਼ ਅਹਿਮਦ ਅਤੇ ਖਿਤਿਜ ਰਾਜ ਦੇ ਖਿਲਾਫ ਐੱਫ.ਆਈ.ਆਰ. (FIR) ਦਰਜ ਕੀਤੀ ਗਈ।
ਇਨ੍ਹਾਂ ਦੋਸ਼ਾਂ 'ਚ ਧੋਖਾਧੜੀ ਅਤੇ ਕਤਲ ਦੇ ਮਾਮਲੇ ਨਾਲ ਜੁੜੇ ਅਪਰਾਧਿਕ ਸਾਜ਼ਿਸ਼ ਦੇ ਦਾਅਵੇ ਵੀ ਸ਼ਾਮਲ ਹਨ। ਪਚੀਸੀਆ ਨੇ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ, ਪਰ ਉਸ ਨੂੰ ਕੋਈ ਰਾਹਤ ਨਹੀਂ ਮਿਲੀ।
ਸੀ.ਐੱਮ. ਮੋਹਨ ਯਾਦਵ ਨੇ ਕੀਤਾ ਸਸਪੈਂਡ
ਐੱਫ.ਆਈ.ਆਰ. ਦਰਜ ਹੋਣ ਤੋਂ ਬਾਅਦ ਇਹ ਮਾਮਲਾ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਦੇ ਸਿੱਧੇ ਧਿਆਨ 'ਚ ਆਇਆ। ਸੀ.ਐੱਮ. ਨੇ ਮੁੱਖ ਸਕੱਤਰ ਨੂੰ ਕਟਨੀ ਸੀ.ਐੱਸ.ਪੀ. ਦੇ ਖਿਲਾਫ ਤੁਰੰਤ ਕਾਰਵਾਈ ਕਰਨ ਅਤੇ ਵਿਸਤ੍ਰਿਤ ਜਾਂਚ ਦੇ ਹੁਕਮ ਦਿੱਤੇ।
ਸ਼ੁੱਕਰਵਾਰ ਸਵੇਰੇ ਪੁਲਿਸ ਦੀ ਇੱਕ ਟੀਮ ਸੀ.ਐੱਸ.ਪੀ. ਦਫ਼ਤਰ ਪਹੁੰਚੀ। ਉਨ੍ਹਾਂ ਦੇ ਕਮਰੇ ਅਤੇ ਸਟਾਫ਼ ਰੂਮ ਨੂੰ ਸੀਲ ਕਰ ਦਿੱਤਾ ਗਿਆ। ਹੁਣ ਅਧਿਕਾਰੀ ਉਨ੍ਹਾਂ ਦਸਤਾਵੇਜ਼ਾਂ ਅਤੇ ਦੂਜੀਆਂ ਚੀਜ਼ਾਂ ਦੀ ਜਾਂਚ ਕਰਨਗੇ ਜਿਨ੍ਹਾਂ ਦਾ ਇਸ ਮਾਮਲੇ ਨਾਲ ਸੰਬੰਧ ਹੋ ਸਕਦਾ ਹੈ। ਇਹ ਮਾਮਲਾ ਹੁਣ ਕਟਨੀ ਪੁਲਿਸ ਵਿਭਾਗ 'ਚ ਇੱਕ ਵੱਡਾ ਮੁੱਦਾ ਬਣ ਗਿਆ ਹੈ। ਪੁਲਿਸ ਦੀ ਜਾਂਚ ਅਤੇ ਇਕੱਠੇ ਕੀਤੇ ਗਏ ਦਸਤਾਵੇਜ਼ਾਂ ਤੋਂ ਇਹ ਤੈਅ ਹੋਵੇਗਾ ਕਿ ਜ਼ਮੀਨ ਦੇ ਵਿਵਾਦਤ ਸੌਦੇ 'ਚ ਅਸਲ 'ਚ ਕੀ ਹੋਇਆ ਸੀ ਅਤੇ ਕੀ ਮੁਲਜ਼ਮ ਉੱਤੇ ਲੱਗੇ ਦੋਸ਼ ਸਾਬਤ ਹੁੰਦੇ ਹਨ ਜਾਂ ਨਹੀਂ।