ਜੰਮੂ-ਕਸ਼ਮੀਰ 'ਚ ਕਦੋਂ ਥੰਮ੍ਹੇਗਾ ਆਫ਼ਤ ਦਾ ਮੀਂਹ? ਚਾਰ ਦਿਨਾਂ 'ਚ 31 ਮੌਤਾਂ, ਪੰਜਵੇਂ ਦਿਨ ਵੀ ਰੋਕੀ ਗਈ ਅਮਰਨਾਥ ਤੇ ਵੈਸ਼ਨੋ ਦੇਵੀ ਯਾਤਰਾ ਜੰਮੂ-ਕਸ਼ਮੀਰ 'ਚ ਚਾਰ ਦਿਨਾਂ ਤੋਂ ਹੋ ਰਹੀ ਬਾਰਿਸ਼ ਕਾਰਨ ਜ਼ਿਆਦਾਤਰ ਜ਼ਿਲ੍ਹਿਆਂ 'ਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਚਨਾਬ ਨਦੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ ਅਤੇ ਤਵੀ ਸਮੇਤ ਹੋਰ ਨਦੀਆਂ-ਨਾਲੇ ਵੀ ਉਫ਼ਾਨ 'ਤੇ ਹਨ। ਨਦੀਆਂ ਦੇ ਕੰਢੇ ਵੱਸੇ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਗਿਆ ਹੈ।
Publish Date: Thu, 23 Jul 2026 10:33 AM (IST)
Updated Date: Thu, 23 Jul 2026 10:41 AM (IST)
ਜਾਗਰਣ ਟੀਮ, ਜੰਮੂ। ਜੰਮੂ-ਕਸ਼ਮੀਰ 'ਚ ਚਾਰ ਦਿਨਾਂ ਤੋਂ ਹੋ ਰਹੀ ਬਾਰਿਸ਼ ਕਾਰਨ ਜ਼ਿਆਦਾਤਰ ਜ਼ਿਲ੍ਹਿਆਂ 'ਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਚਨਾਬ ਨਦੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ ਅਤੇ ਤਵੀ ਸਮੇਤ ਹੋਰ ਨਦੀਆਂ-ਨਾਲੇ ਵੀ ਉਫ਼ਾਨ 'ਤੇ ਹਨ। ਨਦੀਆਂ ਦੇ ਕੰਢੇ ਵੱਸੇ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਗਿਆ ਹੈ।
ਇਸ ਦੌਰਾਨ, ਢਿਗਾਂ ਡਿੱਗਣ ਅਤੇ ਪੱਥਰ ਖਿਸਕਣ ਕਾਰਨ ਪਰੇਸ਼ਾਨੀ ਹੋਰ ਵਧ ਗਈ ਹੈ। ਰਾਮਬਨ ਜ਼ਿਲ੍ਹੇ ’ਚ ਇੱਕ ਯਾਤਰੀ ਟੈਂਪੂ ਵਾਹਨ 'ਤੇ ਵਿਸ਼ਾਲ ਚੱਟਾਨ ਡਿੱਗਣ ਨਾਲ ਇੱਕ ਜੋੜੇ (ਪਤੀ-ਪਤਨੀ) ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖ਼ਮੀ ਹੋ ਗਏ। ਸੁੰਦਰਬਨੀ ’ਚ ਅਗਲੀ ਚੌਕੀ 'ਤੇ ਤਾਇਨਾਤ ਪੰਜਾਬ ਦਾ ਰਹਿਣ ਵਾਲਾ ਜਵਾਨ ਵੀ ਮਲਬੇ ਹੇਠ ਦੱਬ ਗਿਆ। ਉੱਥੇ ਹੀ ਬਾਂਡੀਪੋਰਾ 'ਚ ਹੜ੍ਹ 'ਚ ਰੁੜ੍ਹੇ ਇੱਕ ਬੱਚੇ ਦੀ ਲਾਸ਼ ਬਰਾਮਦ ਹੋਈ ਹੈ।
ਚਾਰ ਦਿਨਾਂ 'ਚ 31 ਮੌਤਾਂ ਇਸ ਦੇ ਨਾਲ ਹੀ ਚਾਰ ਦਿਨਾਂ ’ਚ ਮਰਨ ਵਾਲਿਆਂ ਦੀ ਗਿਣਤੀ 31 ਹੋ ਗਈ ਹੈ। ਸੁੰਦਰਬਨੀ ਦੇ ਮਹਾਦੇਵ ਗੈਪ ਇਲਾਕੇ ’ਚ ਅਗਲੀ ਚੌਕੀ 'ਤੇ ਤਾਇਨਾਤ ਰਾਈਫ਼ਲਮੈਨ ਸੁਖਪ੍ਰੀਤ ਸਿੰਘ 21 ਅਤੇ 22 ਜੁਲਾਈ ਦੀ ਰਾਤ ਨੂੰ ਪਹਾੜੀ ਤੋਂ ਮਲਬਾ ਖਿਸਕਣ ਕਾਰਨ ਉਸ ਦੀ ਲਪੇਟ 'ਚ ਆ ਗਏ। ਫ਼ੌਜ ਨੇ ਮੁਹਿੰਮ ਚਲਾ ਕੇ ਜਵਾਨ ਨੂੰ ਮਲਬੇ 'ਚੋਂ ਬਾਹਰ ਕੱਢਿਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।
ਇਸ ਦੌਰਾਨ, ਰਾਜੌਰੀ ਦੇ ਦੌਰੇ 'ਤੇ ਗਏ ਉਪ-ਮੁੱਖ ਮੰਤਰੀ ਸੁਰਿੰਦਰ ਚੌਧਰੀ ਦਾ ਕਾਫ਼ਲਾ ਜੰਮੂ-ਰਾਜੌਰੀ ਰਾਸ਼ਟਰੀ ਰਾਜਮਾਰਗ 'ਤੇ ਲੈਂਡਸਲਾਇਡ ਦੀ ਲਪੇਟ 'ਚ ਆਉਣੋਂ ਵਾਲ-ਵਾਲ ਬਚ ਗਿਆ।
ਇਸੇ ਤਰ੍ਹਾਂ ਜੰਮੂ-ਪੁੰਛ ਹਾਈਵੇਅ 'ਤੇ ਸੁਰਨਕੋਟ ਨੇੜੇ ਸੰਸਦ ਮੈਂਬਰ ਮੀਆਂ ਅਲਤਾਫ਼ ਅਹਿਮਦ ਦਾ ਸਰਕਾਰੀ ਵਾਹਨ ਵੀ ਲੈਂਡਸਲਾਇਡ ਦੌਰਾਨ ਮਿੱਟੀ 'ਚ ਫਸ ਗਿਆ। ਇਸ ਤੋਂ ਬਾਅਦ ਸੰਸਦ ਮੈਂਬਰ ਪੈਦਲ ਹੀ ਪ੍ਰਭਾਵਿਤਾਂ ਨੂੰ ਮਿਲਣ ਲਈ ਨਿਕਲ ਪਏ। ਉੱਥੇ ਹੀ, ਊਧਮਪੁਰ ਤੋਂ ਰਾਮਬਨ ਵਿਚਕਾਰ ਕਈ ਥਾਵਾਂ 'ਤੇ ਢਿਗਾਂ ਡਿੱਗਣ ਕਾਰਨ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਬੰਦ ਹੈ।
ਪੰਜਵੇਂ ਦਿਨ ਵੀ ਮੁਲਤਵੀ ਰਹੀ ਯਾਤਰਾ ਮੌਸਮ ਵਿਭਾਗ ਅਨੁਸਾਰ, ਵੀਰਵਾਰ ਦੁਪਹਿਰ ਤੋਂ ਬਾਅਦ ਮੌਸਮ ਵਿੱਚ ਸੁਧਾਰ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ, ਸ਼੍ਰੀ ਅਮਰਨਾਥ ਯਾਤਰਾ, ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਅਤੇ ਸ਼ਿਵਖੋੜੀ ਦੀ ਯਾਤਰਾ ਪੰਜਵੇਂ ਦਿਨ ਵੀ ਮੁਲਤਵੀ ਰਹੀ। ਕਟੜਾ ਵਿੱਚ ਬੈਟਰੀ ਕਾਰ ਮਾਰਗ 'ਤੇ ਢਿਗਾਂ ਡਿੱਗਣ ਅਤੇ ਪੱਥਰ ਖਿਸਕਣ ਦੀ ਖ਼ਬਰ ਹੈ।
ਕਟੜਾ ਦੇ ਏਸ਼ੀਆ ਚੌਂਕ ਤੋਂ ਬਲਾਨੀ ਚੈੱਕ ਪੋਸਟ ਮਾਰਗ ਨੂੰ ਵੀ ਆਰਜ਼ੀ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। ਊਧਮਪੁਰ, ਡੋਡਾ, ਕਿਸ਼ਤਵਾੜ, ਰਿਆਸੀ ਅਤੇ ਰਾਮਬਨ ਵਿੱਚ ਲੈਂਡਸਲਾਇਡ ਕਾਰਨ ਸੈਂਕੜੇ ਸੰਪਰਕ ਮਾਰਗ ਬੰਦ ਹਨ। ਕਠੂਆ ਵਿੱਚ ਬਾਰਿਸ਼ ਕਾਰਨ ਬਿਜਲੀ ਦੇ 56 ਖੰਭੇ ਨੁਕਸਾਨੇ ਗਏ, ਜਦੋਂ ਕਿ 17 ਟ੍ਰਾਂਸਫਾਰਮਰ ਖ਼ਰਾਬ ਹੋ ਗਏ।