- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਧਾਨ ਮੰਤਰੀ ਮੋਦੀ ਦੇ ਦੂਰਦਰਸ਼ੀ ਅਗਵਾਈ ’ਚ ਮੁਲਕ ਨੇ ਬ੍ਰਿਕਸ ਮੁਖੀ ਦੇ ਤੌਰ ’ਤੇ ਲਚਕੀਲੇਪਨ, ਨਵੀਨਤਾ, ਸਹਿਯੋਗ ਤੇ ਨਿਰੰਤਰਤਾ ਨੂੰ ਆਪਣੀਆਂ ਮੁੱਖ ਤਰਜੀਹਾਂ ਵਜੋਂ ਜ਼ਾਹਰ ਕੀਤਾ।

ਨਵੀਂ ਦਿੱਲੀ, ਆਈਏਐੱਨਐੱਸ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਨਵੀਂ ਦਿੱਲੀ ’ਚ ਭਾਰਤ ਦੀ ਪ੍ਰਧਾਨਗੀ ’ਚ ਹੋਏ 18ਵੇਂ ਬ੍ਰਿਕਸ ਸਿਖਰ ਸੰਮੇਲਨ ਦੇ ਨਤੀਜਿਆਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਇਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਦੇਸ਼ ਲਈ ਵੱਡੀ ਕੂਟਨੀਤਕ ਪ੍ਰਾਪਤੀ ਦੱਸਿਆ। ਉਨ੍ਹਾਂ ਕਿਹਾ ਕਿ ਜਦੋਂ ਭਾਰਤ ਅਗਵਾਈ ਕਰਦਾ ਹੈ, ਤਾਂ ਦੁਨੀਆ ਸੁਣਦੀ ਹੈ।
ਰਾਜਨਾਥ ਸਿੰਘ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘ਪ੍ਰਧਾਨ ਮੰਤਰੀ ਮੋਦੀ ਦੇ ਦੂਰਦਰਸ਼ੀ ਅਗਵਾਈ ’ਚ ਮੁਲਕ ਨੇ ਬ੍ਰਿਕਸ ਮੁਖੀ ਦੇ ਤੌਰ ’ਤੇ ਲਚਕੀਲੇਪਨ, ਨਵੀਨਤਾ, ਸਹਿਯੋਗ ਤੇ ਨਿਰੰਤਰਤਾ ਨੂੰ ਆਪਣੀਆਂ ਮੁੱਖ ਤਰਜੀਹਾਂ ਵਜੋਂ ਜ਼ਾਹਰ ਕੀਤਾ। ਇਨ੍ਹਾਂ ਤਰਜੀਹਾਂ ਤੋਂ ਪ੍ਰੇਰਿਤ ਹੋ ਕੇ ਭਾਰਤ ਨੇ ਬ੍ਰਿਕਸ ਸਹਿਯੋਗ ਨੂੰ ਸਿੱਧਾ ਆਮ ਲੋਕਾਂ ਨਾਲ ਜੋੜਣ ’ਤੇ ਖ਼ਾਸ ਜ਼ੋਰ ਦਿੱਤਾ। ਇਹ ਸਮਾਵੇਸ਼ੀ ਤੇ ਮਨੁੱਖ-ਕੇਂਦਰਤ ਨਜ਼ਰੀਆ ਨਵੀਂ ਦਿੱਲੀ ’ਚ ਬ੍ਰਿਕਸ ਸੰਮੇਲਨ ਦੀ ਪਛਾਣ ਬਣ ਗਿਆ।
ਬ੍ਰਿਕਸ-2026 ਦੇ ਨਵੀਂ ਦਿੱਲੀ ਐਲਾਨਨਾਮੇ ’ਤੇ ਦਸਤਖ਼ਤ ਕਰਨ ਬਾਰੇ ਰਾਜਨਾਥ ਨੇ ਇਸ ਨੂੰ ਵੱਡੀ ਪ੍ਰਾਪਤੀ ਦੱਸਿਆ ਅਤੇ ਕਿਹਾ ਕਿ ਇਹ ਸਿਰਫ ਦਸਤਾਵੇਜ਼ ਨਹੀਂ ਹੈ, ਸਗੋਂ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ’ਚ ਭਾਰਤ ਦੇ ਵਧਦੇ ਆਲਮੀ ਅਸਰ ਨੂੰ ਬਿਆਨ ਕਰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਨੇ ਗਲੋਬਲ ਸਾਊਥ ਨੂੰ ਹਾਸ਼ੀਏ ’ਤੇ ਨਹੀਂ, ਸਗੋਂ ਕੇਂਦਰ ’ਚ ਰੱਖਿਆ ਤੇ ਇਕ ਹੋਰ ਸਮਾਵੇਸ਼ੀ, ਨੁਮਾਇੰਦਗੀ ਪੱਖੀ ਅਤੇ ਸੰਤੁਲਤ ਆਲਮੀ ਇੰਤਜ਼ਾਮ ਦੀ ਵਕਾਲਤ ਕੀਤੀ। ਵਸੁਧੈਵ ਕੁਟੁੰਬਕਮ (ਸਾਰਾ ਜਹਾਨ, ਇੱਕੋ ਪਰਿਵਾਰ) ਦੀ ਸੱਭਿਆਚਾਰਕ ਸੋਚ ’ਚ ਰਚੇ-ਵਸੇ ਭਾਰਤ ਨੇ ਇਕ ਵਾਰ ਫਿਰ ਦਿਖਾਇਆ ਹੈ ਕਿ ਅਗਵਾਈ ਦਾ ਅਰਥ ਸਭ ਤੋਂ ਤੇਜ਼ ਆਵਾਜ਼ ਹੋਣਾ ਨਹੀਂ, ਸਗੋਂ ਸਭ ਤੋਂ ਮਜ਼ਬੂਤ ਆਮ ਸਹਿਮਤੀ ਬਣਾਉਣਾ ਹੈ। ਜਦੋਂ ਭਾਰਤ ਅਗਵਾਈ ਕਰਦਾ ਹੈ, ਤਾਂ ਦੁਨੀਆ ਸੁਣਦੀ ਹੈ। ਰਾਜਨਾਥ ਨੇ ਕਿਹਾ ਕਿ ਮੈਂ ਬ੍ਰਿਕਸ ਸੰਮੇਲਨ ਦੀ ਸ਼ਾਨਦਾਰ ਸਫਲਤਾ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਵਧਾਈ ਦਿੰਦਾ ਹਾਂ। ਇਸ ਦੀ ਸਫਲਤਾ ਨੇ ਅਸਲ ’ਚ ਵਿਸ਼ਵ ਮੰਚ ’ਤੇ ਇਕ ਅਮਿਟ ਛਾਪ ਛੱਡੀ ਹੈ।