ਬੀਤੇ ਦਿਨ ਸ਼ਨੀਵਾਰ ਨੂੰ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਹਨੇਰੀ ਦੇ ਨਾਲ-ਨਾਲ ਮੀਂਹ ਨੇ ਭਿਆਨਕ ਗਰਮੀ ਤੋਂ ਰਾਹਤ ਦੇਣ ਦਾ ਕੰਮ ਕੀਤਾ। ਦਿੱਲੀ-ਐਨਸੀਆਰ (NCR) ਅਤੇ ਉੱਤਰ ਪ੍ਰਦੇਸ਼-ਉੱਤਰਾਖੰਡ ਤੋਂ ਲੈ ਕੇ ਮੱਧ ਪ੍ਰਦੇਸ਼ ਅਤੇ ਰਾਜਸਥਾਨ ਤੱਕ ਤੇਜ਼ ਹਵਾਵਾਂ ਦੇ ਨਾਲ ਮੀਂਹ ਪਿਆ। ਕਈ ਥਾਵਾਂ 'ਤੇ ਤਾਂ ਗੜ੍ਹੇ ਵੀ ਪਏ। ਦੂਜੇ ਪਾਸੇ, ਦੇਸ਼ ਦੇ ਕਈ ਸ਼ਹਿਰਾਂ ਵਿੱਚ ਹੀਟਵੇਵ ਦੀ ਸਥਿਤੀ ਬਣੀ ਰਹੀ।

ਦੇਸ਼ ਦੇ ਕਈ ਸ਼ਹਿਰਾਂ ਵਿੱਚ ਅਜੇ ਵੀ ਹੀਟਵੇਵ (ਲੂ) ਦੀ ਸਥਿਤੀ ਬਣੀ ਹੋਈ ਹੈ। ਸ਼ਨੀਵਾਰ ਨੂੰ ਮਹਾਰਾਸ਼ਟਰ ਅਤੇ ਰਾਜਸਥਾਨ ਦੇ 4 ਸ਼ਹਿਰਾਂ ਵਿੱਚ ਤਾਪਮਾਨ 44 ਡਿਗਰੀ ਸੈਲਸੀਅਸ ਦੇ ਪਾਰ ਰਿਹਾ। ਮਹਾਰਾਸ਼ਟਰ ਦਾ ਵਰਧਾ 44.5 ਡਿਗਰੀ ਸੈਲਸੀਅਸ ਤਾਪਮਾਨ ਦੇ ਨਾਲ ਦੇਸ਼ ਵਿੱਚ ਸਭ ਤੋਂ ਗਰਮ ਰਿਹਾ। ਚੰਦਰਪੁਰ ਵਿੱਚ ਪਾਰਾ 44.4 ਡਿਗਰੀ ਸੈਲਸੀਅਸ ਰਿਹਾ। ਰਾਜਸਥਾਨ ਦੇ ਜੈਸਲਮੇਰ ਵਿੱਚ 44.4 ਡਿਗਰੀ ਸੈਲਸੀਅਸ ਅਤੇ ਬਾੜਮੇਰ ਵਿੱਚ 44.3 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਛੱਤੀਸਗੜ੍ਹ ਦੇ ਧਮਤਰੀ ਵਿੱਚ ਸੜਕਾਂ 'ਤੇ ਪਾਣੀ ਦੀਆਂ ਫੁਹਾਰਾਂ ਛੱਡੀਆਂ ਗਈਆਂ।
ਮੌਸਮ ਵਿਭਾਗ ਨੇ 4 ਮਈ ਨੂੰ ਜੰਮੂ-ਕਸ਼ਮੀਰ, ਪੰਜਾਬ, ਹਰਿਆਣਾ, ਦਿੱਲੀ, ਚੰਡੀਗੜ੍ਹ, ਹਿਮਾਚਲ, ਉੱਤਰਾਖੰਡ, ਮੱਧ ਪ੍ਰਦੇਸ਼, ਛੱਤੀਸਗੜ੍ਹ, ਬਿਹਾਰ, ਝਾਰਖੰਡ, ਓਡੀਸ਼ਾ, ਆਂਧਰਾ ਪ੍ਰਦੇਸ਼ ਅਤੇ ਕੇਰਲ ਵਿੱਚ ਮੀਂਹ ਦੀ ਸੰਭਾਵਨਾ ਪ੍ਰਗਟਾਈ ਹੈ। ਉੱਥੇ ਹੀ, ਬੰਗਾਲ, ਅਸਾਮ, ਮੇਘਾਲਿਆ ਅਤੇ ਸਿੱਕਮ ਵਿੱਚ ਭਾਰੀ ਮੀਂਹ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਪੱਛਮੀ ਰਾਜਸਥਾਨ ਵਿੱਚ ਲੂ ਦਾ ਅਲਰਟ ਹੈ। ਤਾਮਿਲਨਾਡੂ ਅਤੇ ਪੁਡੂਚੇਰੀ ਵਿੱਚ ਮੌਸਮ ਹੁੰਮਸ ਭਰਿਆ ਰਹੇਗਾ।
ਇਸ ਦੇ ਨਾਲ ਹੀ, 5 ਮਈ ਨੂੰ ਮੱਧ ਪ੍ਰਦੇਸ਼, ਛੱਤੀਸਗੜ੍ਹ, ਓਡੀਸ਼ਾ, ਬਿਹਾਰ, ਝਾਰਖੰਡ, ਬੰਗਾਲ ਅਤੇ ਦੱਖਣੀ ਕਰਨਾਟਕ ਵਿੱਚ ਅੰਨ੍ਹੇਰੀ-ਮੀਂਹ ਦਾ ਯੈਲੋ ਅਲਰਟ ਹੈ। ਰਾਜਸਥਾਨ ਵਿੱਚ ਲੂ ਚੱਲੇਗੀ, ਨਾਲ ਹੀ ਅੰਨ੍ਹੇਰੀ-ਮੀਂਹ ਦਾ ਵੀ ਅਲਰਟ ਹੈ। ਸਿੱਕਮ, ਅਸਾਮ, ਮੇਘਾਲਿਆ, ਅਰੁਣਾਚਲ, ਨਾਗਾਲੈਂਡ, ਮਣੀਪੁਰ, ਮਿਜ਼ੋਰਮ, ਤ੍ਰਿਪੁਰਾ, ਤਾਮਿਲਨਾਡੂ ਅਤੇ ਕੇਰਲ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਦਾ ਅਨੁਮਾਨ ਹੈ।