'ਅਸੀਂ ਸਿਰਫ਼ ਸਾਮਾਨ ਡਿਲੀਵਰ ਕਰਦੇ ਹਾਂ... ਕੋਈ ਬਹਾਨਾ ਨਹੀਂ ਚੱਲੇਗਾ'; ਈ-ਕਾਮਰਸ ਕੰਪਨੀਆਂ 'ਤੇ FSSAI ਸਖ਼ਤ FSSAI ਦੇ ਸੀਈਓ ਰਜਿਤ ਪੁਨਹਾਨੀ ਨੇ ਵੀਰਵਾਰ ਨੂੰ ਜਾਣਕਾਰੀ ਦਿੱਤੀ ਹੈ ਕਿ FSSAI ਅਗਲੇ ਮਹੀਨੇ ਤੋਂ ਈ-ਕਾਮਰਸ ਪਲੇਟਫਾਰਮਾਂ ਦੀ ਜਾਂਚ ਸ਼ੁਰੂ ਕਰੇਗਾ। ਪਲੇਟਫਾਰਮਾਂ ਨੂੰ ਜ਼ਰੂਰੀ ਪੜਤਾਲ ਕਰਨੀ ਪਵੇਗੀ ਅਤੇ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉਨ੍ਹਾਂ 'ਤੇ ਲਿਸਟ ਕੀਤੇ ਗਏ ਉਤਪਾਦ ਫੂਡ ਸੇਫ਼ਟੀ ਨਿਯਮਾਂ ਦੀ ਪਾਲਣਾ ਕਰਦੇ ਹੋਣ।
Publish Date: Fri, 11 Sep 2026 11:48 AM (IST)
Updated Date: Fri, 11 Sep 2026 11:59 AM (IST)
ਡਿਜੀਟਲ ਡੈਸਕ, ਨਵੀਂ ਦਿੱਲੀ। ਫੂਡ ਸੇਫ਼ਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ (FSSAI) ਨੇ ਬੀਤੇ ਕੁਝ ਦਿਨਾਂ ’ਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਹੁਣ FSSAI ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਤਿਆਰੀ ਕਰ ਰਹੀ ਹੈ।
FSSAI ਦੇ ਸੀਈਓ ਰਜਿਤ ਪੁਨਹਾਨੀ ਨੇ ਵੀਰਵਾਰ ਨੂੰ ਜਾਣਕਾਰੀ ਦਿੱਤੀ ਹੈ ਕਿ FSSAI ਅਗਲੇ ਮਹੀਨੇ ਤੋਂ ਈ-ਕਾਮਰਸ ਪਲੇਟਫਾਰਮਾਂ ਦੀ ਜਾਂਚ ਸ਼ੁਰੂ ਕਰੇਗਾ। ਪਲੇਟਫਾਰਮਾਂ ਨੂੰ ਜ਼ਰੂਰੀ ਪੜਤਾਲ ਕਰਨੀ ਪਵੇਗੀ ਅਤੇ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉਨ੍ਹਾਂ 'ਤੇ ਲਿਸਟ ਕੀਤੇ ਗਏ ਉਤਪਾਦ ਫੂਡ ਸੇਫ਼ਟੀ ਨਿਯਮਾਂ ਦੀ ਪਾਲਣਾ ਕਰਦੇ ਹੋਣ।
FSSAI ਈ-ਪਲੇਟਫਾਰਮਾਂ ਦੇ ਉਤਪਾਦਾਂ ਦੀ ਕਰੇਗੀ ਜਾਂਚ ਰਜਿਤ ਪੁਨਹਾਨੀ ਨੇ ਕਿਹਾ, 'ਅਸੀਂ ਈ-ਕਾਮਰਸ ਪਲੇਟਫਾਰਮਾਂ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਾਂ। ਉਹ ਇਹ ਕਹਿ ਕੇ ਨਹੀਂ ਬਚ ਸਕਦੇ ਕਿ ਉਹ ਸਿਰਫ਼ ਐਗਰੀਗੇਟਰ ਜਾਂ ਪਲੇਟਫਾਰਮ ਹਨ। ਇਹ ਤੁਹਾਡੀ ਜ਼ਿੰਮੇਵਾਰੀ ਹੈ ਅਤੇ ਤੁਹਾਨੂੰ ਜ਼ਰੂਰੀ ਜਾਂਚ-ਪੜਤਾਲ ਕਰਨੀ ਪਵੇਗੀ।'
FSSAI ਪਹਿਲਾਂ ਹੀ ਈ-ਕਾਮਰਸ ਕੰਪਨੀਆਂ ਨਾਲ ਗੱਲਬਾਤ ਕਰ ਚੁੱਕਾ ਹੈ। ਪੁਨਹਾਨੀ ਨੇ ਈ-ਕਾਮਰਸ ਅਤੇ ਲੇਬਲਿੰਗ ਨੂੰ ਗਾਹਕਾਂ ਨਾਲ ਜੁੜੇ ਦੋ ਵੱਡੇ ਸੁਧਾਰ ਦੱਸਿਆ ਹੈ, ਜਿਨ੍ਹਾਂ ਨੂੰ ਲੈ ਕੇ ਉਮੀਦ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਨੂੰ ਅਗਲੇ ਸਾਲ ਤੱਕ ਮੰਨ ਲਿਆ ਜਾਵੇਗਾ।
FSSAI ਖਾਣ-ਪੀਣ ਦੀਆਂ ਚੀਜ਼ਾਂ ਦੇ ਦਾਅਵਿਆਂ ਅਤੇ ਮਾਰਕੀਟਿੰਗ ਨਾਲ ਜੁੜੇ ਨਿਯਮਾਂ ਨੂੰ ਵੀ ਸਖ਼ਤ ਕਰ ਰਿਹਾ ਹੈ। ਇਹ 100% ਵਾਲੇ ਦਾਅਵਿਆਂ ਦੀ ਇਜਾਜ਼ਤ ਨਹੀਂ ਦਿੰਦਾ (ਸਿਵਾਏ ਉਨ੍ਹਾਂ ਮਾਮਲਿਆਂ ਦੇ ਜੋ ਕੋਰਟ ਵਿੱਚ ਚੱਲ ਰਹੇ ਹੋਣ), ਜਦੋਂ ਕਿ ਸ਼ੁੱਧ ਅਤੇ ਕੁਦਰਤੀ ਸ਼ਬਦਾਂ ਦੀ ਵਰਤੋਂ ਸਿਰਫ਼ ਇੱਕ ਹੀ ਸਮੱਗਰੀ ਵਾਲੇ ਉਤਪਾਦਾਂ ਲਈ ਕੀਤੀ ਜਾ ਸਕਦੀ ਹੈ, ਬਸ਼ਰਤੇ ਉਨ੍ਹਾਂ ਵਿੱਚ ਕੁਝ ਹੋਰ ਨਾ ਮਿਲਿਆ ਹੋਵੇ।
ਪੁਨਹਾਨੀ ਨੇ ਕਿਹਾ ਕਿ ਲੇਬਲ 'ਤੇ 'ਐਨਰਜੀ ਡ੍ਰਿੰਕ' ਸ਼ਬਦ ਦੀ ਵਰਤੋਂ ਦੀ ਇਜਾਜ਼ਤ ਨਹੀਂ ਹੋਵੇਗੀ, ਕਿਉਂਕਿ ਇਸ ਨਾਲ ਗਾਹਕਾਂ ਨੂੰ ਗੁਮਰਾਹ ਕੀਤਾ ਜਾ ਸਕਦਾ ਹੈ। ਅਜਿਹੇ ਉਤਪਾਦਾਂ ਨੂੰ ਕੈਫੀਨ ਵਾਲੇ ਪੇਅ ਪਦਾਰਥਾਂ ਦੀ ਸ਼੍ਰੇਣੀ ’ਚ ਰੱਖਿਆ ਜਾਵੇਗਾ। ਨਾਲ ਹੀ, ਪ੍ਰਸਤਾਵਿਤ ਰੈੱਡ ਵਾਰਨਿੰਗ ਸਿਸਟਮ ਦੇ ਦਾਇਰੇ ਵਿੱਚ ਏਰੇਟਿਡ, ਕਾਰਬੋਨੇਟਡ ਅਤੇ ਕੈਫੀਨ ਵਾਲੇ ਪੇਅ ਪਦਾਰਥ ਵੀ ਆਉਣਗੇ।
ਰੈਗੂਲੇਟਰ ਨੇ ਖਾਣ-ਪੀਣ ਦੀਆਂ ਚੀਜ਼ਾਂ ਦੇ ਭਰਮਾਊ ਪ੍ਰਚਾਰ ਨੂੰ ਲੈ ਕੇ ਛੇ ਮਸ਼ਹੂਰ ਹਸਤੀਆਂ ਨੂੰ ਨੋਟਿਸ ਜਾਰੀ ਕੀਤੇ ਹਨ, ਜਿਨ੍ਹਾਂ ਵਿੱਚੋਂ ਤਿੰਨ ਨੇ ਜਵਾਬ ਦਿੱਤਾ ਹੈ।
FSSAI ਨੇ ਜਾਰੀ ਕੀਤੇ 33,000 ਨੋਟਿਸ ਨਿਯਮਾਂ ਨੂੰ ਲਾਗੂ ਕਰਨ ਬਾਰੇ ਪੁਨਹਾਨੀ ਨੇ ਦੱਸਿਆ ਕਿ FSSAI ਨੇ ਲਾਇਸੈਂਸ ਸਸਪੈਂਡ ਕੀਤੇ ਹਨ, ਅਦਾਰਿਆਂ ਨੂੰ ਬੰਦ ਕਰਵਾਇਆ ਹੈ ਅਤੇ ਮੁਕੱਦਮੇ ਵੀ ਚਲਾਏ ਹਨ। ਉਨ੍ਹਾਂ ਕਿਹਾ ਕਿ ਪਿਛਲੇ ਛੇ ਮਹੀਨਿਆਂ ਵਿੱਚ ਅਸੁਰੱਖਿਅਤ ਖਾਣੇ ਨਾਲ ਜੁੜੇ ਅਪਰਾਧਿਕ ਮਾਮਲਿਆਂ ਵਿੱਚ ਲਗਭਗ 600 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਨਹਾਨੀ ਨੇ ਦੱਸਿਆ ਕਿ ਪੂਰੇ ਭਾਰਤ ਵਿੱਚ ਫੂਡ ਸੇਫ਼ਟੀ ਨਿਯਮਾਂ ਦੀ ਉਲੰਘਣਾ (ਜਿਵੇਂ ਮਿਲਾਵਟ, ਗਲਤ ਲੇਬਲਿੰਗ ਅਤੇ ਘਟੀਆ ਕੁਆਲਟੀ ਦਾ ਖਾਣਾ) ਲਈ ਲਗਪਗ 1,900 ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ ਅਤੇ 33,000 ਨੋਟਿਸ ਜਾਰੀ ਕੀਤੇ ਗਏ।
ਸਕੂਲਾਂ ਦੇ ਨੇੜੇ ਨਹੀਂ ਵੇਚਿਆ ਜਾਵੇਗਾ ਜ਼ਿਆਦਾ ਫ਼ੈਟ ਅਤੇ ਸ਼ੂਗਰ ਵਾਲਾ ਖਾਣਾ ਪੁਨਹਾਨੀ ਨੇ ਕਿਹਾ ਕਿ ਸਕੂਲਾਂ ਦੇ ਆਸ-ਪਾਸ ਜ਼ਿਆਦਾ ਫ਼ੈਟ, ਸ਼ੂਗਰ ਅਤੇ ਸਾਲਟ (HFSS) ਵਾਲੀਆਂ ਖਾਣ-ਪੀਣ ਦੀਆਂ ਚੀਜ਼ਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦਾ ਪ੍ਰਸਤਾਵ ਰੱਖਿਆ ਜਾਵੇਗਾ। ਰੈਗੂਲੇਟਰ ਨੇ ਬੱਚਿਆਂ ਨੂੰ ਗ਼ੈਰ-ਸਿਹਤਮੰਦ ਖਾਣੇ ਤੋਂ ਬਚਾਉਣ ਲਈ ਸਕੂਲਾਂ ਦੇ 50 ਮੀਟਰ ਦੇ ਦਾਇਰੇ ਵਿੱਚ HFSS ਫ਼ੂਡ ਦੀ ਵਿਕਰੀ 'ਤੇ ਰੋਕ ਲਗਾਉਣ ਦਾ ਪ੍ਰਸਤਾਵ ਵੀ ਰੱਖਿਆ ਹੈ।
ਪੁਨਹਾਨੀ ਨੇ ਕਿਹਾ ਕਿ ਪਹਿਲਾਂ HFSS ਫ਼ੂਡ ਦੀ ਕੋਈ ਸਪੱਸ਼ਟ ਪਰਿਭਾਸ਼ਾ ਨਾ ਹੋਣਾ ਇੱਕ ਚੁਣੌਤੀ ਸੀ। ਹੁਣ ਸਰਕਾਰੀ ਨਿਊਟ੍ਰੀਸ਼ਨ ਰਿਸਰਚ ਇੰਸਟੀਚਿਊਟ, 'ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ-ਨੈਸ਼ਨਲ ਇੰਸਟੀਚਿਊਟ ਆਫ਼ ਨਿਊਟ੍ਰੀਸ਼ਨ' ਨੇ ਕੁਝ ਮਿਆਰ ਤੈਅ ਕੀਤੇ ਹਨ, ਜਿਨ੍ਹਾਂ ਦੀ ਵਰਤੋਂ FSSAI ਕਰਨ ਦੀ ਯੋਜਨਾ ਬਣਾ ਰਿਹਾ ਹੈ।