Vande Mataram ਵਿਵਾਦ ਦਰਮਿਆਨ ਹੋਇਆ ਸਮੂਹਿਕ ਗਾਇਨ, ਵਿਦਿਆ ਭਾਰਤੀ ਦੀ ਪਹਿਲ ’ਤੇ ਸਕੂਲਾਂ ’ਚ ਗੂੰਜਿਆ ਰਾਸ਼ਟਰਗੀਤ Vande Mataram : ਧਨਬਾਦ ਸਮੇਤ ਦੇਸ਼ ਭਰ ’ਚ ਵਿਦਿਆ ਭਾਰਤੀ ਦੀ ਪਹਿਲ ’ਤੇ ਸ਼ੁੱਕਰਵਾਰ ਨੂੰ ਠੀਕ 11 ਵਜੇ ਸਕੂਲਾਂ ਤੇ ਜਨਤਕ ਥਾਵਾਂ ’ਤੇ ‘ਨਮਾਮਿ ਭਾਰਤਮ’ ਪ੍ਰੋਗਰਾਮ ਤਹਿਤ ਸਮੂਹਿਕ ਵੰਦੇ ਮਾਤਰਮ ਦਾ ਗਾਇਨ ਕੀਤਾ ਗਿਆ।
Publish Date: Fri, 25 Sep 2026 04:56 PM (IST)
Updated Date: Fri, 25 Sep 2026 04:59 PM (IST)
ਜਾਗਰਣ ਸੰਵਾਦਦਾਤਾ, ਧਨਬਾਦ : ਵੰਦੇ ਮਾਤਰਮ ਦੇ ਪੂਰੇ ਛੰਦਾਂ ਦੇ ਗਾਇਨ ਨੂੰ ਲੈ ਕੇ ਦੇਸ਼ ’ਚ ਜਾਰੀ ਸਿਆਸੀ ਵਿਵਾਦ ਦਰਮਿਆਨ ਸ਼ੁੱਕਰਵਾਰ ਨੂੰ ਝਾਰਖੰਡ ’ਚ ਇਸ ਦਾ ਵੱਖਰਾ ਰੰਗ ਦੇਖਣ ਨੂੰ ਮਿਲਿਆ। ਵਿਦਿਆ ਭਾਰਤੀ ਦੀ ਪਹਿਲ ’ਤੇ ਆਰਐੱਸਐੱਸ ਨਾਲ ਵਿਚਾਰਧਾਰਕ ਤੌਰ ’ਤੇ ਜੁੜੀਆਂ ਸੰਸਥਾਵਾਂ ਨਾਲ ਸਬੰਧਤ ਸਕੂਲਾਂ ’ਚ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਸਮੂਹਿਕ ਤੌਰ ’ਤੇ ਵੰਦੇ ਮਾਤਰਮ ਦਾ ਗਾਇਨ ਕੀਤਾ।
ਠੀਕ 11 ਵਜੇ ਸ਼ੁਰੂ ਹੋਇਆ ਪ੍ਰੋਗਰਾਮ ਵਿਦਿਆ ਭਾਰਤੀ ਦੀ ਪਹਿਲ ’ਤੇ ਸ਼ੁੱਕਰਵਾਰ ਨੂੰ ਠੀਕ 11 ਵਜੇ ਧਨਬਾਦ ਸਮੇਤ ਦੇਸ਼ ਭਰ ਦੇ ਸਕੂਲਾਂ, ਜਨਤਕ ਥਾਵਾਂ, ਆਰਐੱਸਐੱਸ ਨਾਲ ਵਿਚਾਰਧਾਰਕ ਤੌਰ ’ਤੇ ਜੁੜੀਆਂ ਸੰਸਥਾਵਾਂ ਦੇ ਸਕੂਲਾਂ, ਰਾਸ਼ਟਰਵਾਦੀ ਵਿਚਾਰਧਾਰਾ ਲਈ ਕੰਮ ਕਰਨ ਵਾਲੇ ਸਿੱਖਿਆ ਸੰਸਥਾਨਾਂ ਤੇ ਉਨ੍ਹਾਂ ਪਿੰਡਾਂ ’ਚ, ਜਿੱਥੋਂ ਵਿਦਿਆ ਭਾਰਤੀ ਦੇ ਸਕੂਲਾਂ ’ਚ ਪੜ੍ਹਨ ਵਾਲੇ ਬੱਚੇ ਆਉਂਦੇ ਹਨ, ‘ਨਮਾਮਿ ਭਾਰਤਮ’ (ਵੰਦੇ ਮਾਤਰਮ ਸਮੂਹਿਕ ਗਾਇਨ) ਪ੍ਰੋਗਰਾਮ ਕਰਵਾਇਆ ਗਿਆ। ਇਸੇ ਕੜੀ ’ਚ ਸਰਸਵਤੀ ਵਿਦਿਆ ਮੰਦਰ ਭੂਲੀ ਨਗਰ ਵੱਲੋਂ ਆਪਣੇ ਸਕੂਲ ਕੈਂਪਸ ਤੋਂ ਇਲਾਵਾ ਭੂਲੀ ਸਥਿਤ ਸਰਵਮੰਗਲਾ ਵਿਦਿਆਲਯ, ਆਈਐੱਸਐੱਲ ਵਿਦਿਆਲਯ, ਅਭਿਨਵ ਭਾਰਤੀ ਵਿਦਿਆਲਯ, ਆਦਰਸ਼ ਨਿਕੇਤਨ ਵਿਦਿਆਲਯ ਤੇ ਨੀਰਜ ਮੈਮੋਰੀਅਲ ਵਿਦਿਆਲਯ ’ਚ ਵੀ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਤਿੰਨ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਸੰਪੂਰਨ ਵੰਦੇ ਮਾਤਰਮ ਦਾ ਗਾਇਨ ਕੀਤਾ। ਵਿਦਿਆਰਥੀਆਂ ਨੇ ਤਿੰਨ ਮਿੰਟ 13 ਸਕਿੰਟ ਤੱਕ ਵੰਦੇ ਮਾਤਰਮ ਗਾਇਆ। ਸਾਰੇ ਸਕੂਲਾਂ ’ਚ ਵਿਦਿਆ ਭਾਰਤੀ ਦੇ ਨੁਮਾਇੰਦਿਆਂ ਨੇ ਪ੍ਰੋਗਰਾਮ ਦਾ ਸੰਚਾਲਨ ਕੀਤਾ।
ਵੰਦੇ ਮਾਤਰਮ ਦੇ 150 ਸਾਲ ਪੂਰੇ ਹੋਣ ’ਤੇ ਪ੍ਰੋਗਰਾਮ ਸਰਸਵਤੀ ਵਿਦਿਆ ਮੰਦਰ ਭੂਲੀ ਦੇ ਪ੍ਰਿੰਸੀਪਲ ਰਣ ਸੁਮਨ ਸਿੰਘ ਤੇ ਕਮੇਟੀ ਦੇ ਫੂਲ ਸਿੰਘ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਵਿਦਿਆ ਭਾਰਤੀ ਦਾ ‘ਨਮਾਮਿ ਭਾਰਤਮ’ ਪ੍ਰੋਗਰਾਮ ਵੰਦੇ ਮਾਤਰਮ ਦੇ 150 ਸਾਲ ਪੂਰੇ ਹੋਣ ਦੇ ਮੌਕੇ ’ਤੇ ਕਰਵਾਇਆ ਜਾ ਰਿਹਾ ਹੈ। ਵੰਦੇ ਮਾਤਰਮ ਦੀ ਰਚਨਾ ਨੂੰ 150 ਸਾਲ ਪੂਰੇ ਹੋ ਚੁੱਕੇ ਹਨ। ਦੇਸ਼ ਦੇ 25 ਹਜ਼ਾਰ ਤੋਂ ਵੱਧ ਸਥਾਨਾਂ ’ਤੇ ਇੱਕ ਕਰੋੜ ਤੋਂ ਵੱਧ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਤੇ ਆਮ ਨਾਗਰਿਕਾਂ ਨੇ ਇੱਕੋ ਸਮੇਂ ਸੰਪੂਰਨ ਵੰਦੇ ਮਾਤਰਮ (ਛੇ ਛੰਦ) ਦਾ ਗਾਇਨ ਕੀਤਾ। ਪ੍ਰਿੰਸੀਪਲ ਨੇ ਕਿਹਾ ਕਿ ਤੁਸੀਂ ਸਾਰੇ ਵੀ ਇਸ ਮੁਹਿੰਮ ਦਾ ਹਿੱਸਾ ਹੋ। ਉਨ੍ਹਾਂ ਨੇ ‘ਇੱਕ ਸੁਰ, ਇੱਕ ਸੰਕਲਪ, ਇੱਕ ਭਾਰਤ’ ਦਾ ਨਾਅਰਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਗਾਇਨ ਨਹੀਂ, ਸਗੋਂ ਨਵੀਂ ਪੀੜ੍ਹੀ ਨੂੰ ਵੰਦੇ ਮਾਤਰਮ ਦੀ ਇਤਿਹਾਸਕ ਯਾਤਰਾ, ਆਜ਼ਾਦੀ ਅੰਦੋਲਨ ’ਚ ਇਸ ਦੇ ਯੋਗਦਾਨ ਤੇ ਰਾਸ਼ਟਰੀ ਮਹੱਤਵ ਨਾਲ ਜੋੜਨ ਦੀ ਮੁਹਿੰਮ ਹੈ। ਪ੍ਰਿੰਸੀਪਲ ਨੇ ਕਿਹਾ ਕਿ ਹੁਣ ਤੱਕ ਸਕੂਲਾਂ ’ਚ ਆਮ ਤੌਰ ’ਤੇ ਵੰਦੇ ਮਾਤਰਮ ਦੇ ਸਿਰਫ਼ ਦੋ ਛੰਦ ਹੀ ਗਾਏ ਜਾਂਦੇ ਹਨ।
ਪੂਰੇ ਛੇ ਛੰਦਾਂ ਦਾ ਹੋਇਆ ਗਾਇਨ ਇਸ ਪ੍ਰੋਗਰਾਮ ’ਚ ਛੇ ਛੰਦਾਂ ਵਾਲੇ ਸੰਪੂਰਨ ਵੰਦੇ ਮਾਤਰਮ ਦਾ ਗਾਇਨ ਕੀਤਾ ਗਿਆ। ਇਸ ਮੌਕੇ ਸਕੂਲ ’ਚ ਵੰਦੇ ਮਾਤਰਮ ਦੇ ਇਤਿਹਾਸ ’ਤੇ ਚਰਚਾ, ਪ੍ਰਦਰਸ਼ਨੀ, ਸੱਭਿਆਚਾਰਕ ਪ੍ਰੋਗਰਾਮ ਤੇ ਲੇਖ ਮੁਕਾਬਲੇ ਵੀ ਕਰਵਾਏ ਗਏ। ‘ਨਮਾਮਿ ਭਾਰਤਮ’ ਦਾ ਉਦੇਸ਼ ਨਵੀਂ ਪੀੜ੍ਹੀ ਨੂੰ ਇਤਿਹਾਸ ਨਾਲ ਜੋੜਨਾ, ਰਾਸ਼ਟਰੀ ਚੇਤਨਾ ਜਗਾਉਣਾ, ਸੰਪੂਰਨ ਵੰਦੇ ਮਾਤਰਮ ਦਾ ਪ੍ਰਚਾਰ ਕਰਨਾ ਤੇ ਰਾਸ਼ਟਰਗੀਤ ਨੂੰ ਸਨਮਾਨ ਦੇਣਾ ਹੈ।