ਯੂਨੀਵਰਸਿਟੀ ਦੇ ਅਧਿਆਪਕ ’ਤੇ ਵਿਦਿਆਰਥਣਾਂ ਨਾਲ ਛੇੜਛਾੜ ਦੇ ਦੋਸ਼, ਪੋਕਸੋ ਐਕਟ ਤਹਿਤ ਕੇਸ ਦਰਜ
ਦੇਵਪ੍ਰਯਾਗ ਸਥਿਤ ਕੇਂਦਰੀ ਸੰਸਕ੍ਰਿਤ ਯੂਨੀਵਰਸਿਟੀ ਦੇ ਅਧਿਆਪਕ ਡਾ. ਸੂਰਯਮਣੀ ਭੰਡਾਰੀ ’ਤੇ ਦੋ ਵਿਦਿਆਰਥਣਾਂ ਨਾਲ ਛੇੜਛਾੜ ਕਰਨ ਦੇ ਦੋਸ਼ ਲੱਗੇ ਹਨ। ਪੁਲਿਸ ਨੇ ਉਨ੍ਹਾਂ ਖ਼ਿਲਾਫ਼ ਪੋਕਸੋ ਐਕਟ ਤੇ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਅਧਿਆਪਕ ਨੂੰ ਮੁਅੱਤਲ ਕਰ ਦਿੱਤਾ ਹੈ।
Publish Date: Sat, 26 Sep 2026 12:24 PM (IST)
Updated Date: Sat, 26 Sep 2026 12:26 PM (IST)
ਜਾਗਰਣ ਸੰਵਾਦਦਾਤਾ, ਨਵੀਂ ਟਿਹਰੀ : ਦੇਵਪ੍ਰਯਾਗ ਸਥਿਤ ਕੇਂਦਰੀ ਸੰਸਕ੍ਰਿਤ ਯੂਨੀਵਰਸਿਟੀ ਦੇ ਸ੍ਰੀ ਰਘੁਨਾਥ ਕੀਰਤੀ ਕੈਂਪਸ ’ਚ ਦੋ ਵਿਦਿਆਰਥਣਾਂ ਨਾਲ ਕਥਿਤ ਅਸ਼ਲੀਲ ਹਰਕਤ ਤੇ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਨਾਬਾਲਗ ਤੇ ਇੱਕ ਬਾਲਗ ਵਿਦਿਆਰਥਣ ਨਾਲ ਅਮਰਿਆਦਿਤ ਵਿਵਹਾਰ ਦੇ ਦੋਸ਼ ’ਚ ਥਾਣਾ ਬਾਹਬਾਜ਼ਾਰ ਪੁਲਿਸ ਨੇ ਯੂਨੀਵਰਸਿਟੀ ਕੈਂਪਸ ਦੇ ਅਧਿਆਪਕ ਡਾ. ਸੂਰਯਮਣੀ ਭੰਡਾਰੀ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (BNS) ਤੇ ਪੋਕਸੋ ਐਕਟ ਦੀਆਂ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਯੂਨੀਵਰਸਿਟੀ ਪ੍ਰਸ਼ਾਸਨ ਨੇ ਜਾਂਚ ਪੂਰੀ ਹੋਣ ਤੱਕ ਮੁਲਜ਼ਮ ਅਧਿਆਪਕ ਨੂੰ ਮੁਅੱਤਲ ਕਰ ਦਿੱਤਾ ਹੈ।
ਅਧਿਆਪਕ ਮੁਅੱਤਲ ਪੁਲਿਸ ਮੁਤਾਬਕ ਘਟਨਾ ਬੀਤੀ 22 ਅਗਸਤ ਦੀ ਦੱਸੀ ਜਾ ਰਹੀ ਹੈ। ਮਾਮਲੇ ’ਚ ਸੰਸਥਾ ਪ੍ਰਭਾਰੀ ਵੱਲੋਂ 21 ਸਤੰਬਰ ਨੂੰ ਥਾਣੇ ’ਚ ਅਧਿਆਪਕ ਖ਼ਿਲਾਫ਼ ਨਾਮਜ਼ਦ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ। ਸ਼ਿਕਾਇਤ ’ਚ ਦੋਸ਼ ਲਗਾਇਆ ਗਿਆ ਹੈ ਕਿ ਅਧਿਆਪਕ ਨੇ ਇੱਕ ਨਾਬਾਲਗ ਤੇ ਇੱਕ ਬਾਲਗ ਵਿਦਿਆਰਥਣ ਨਾਲ ਅਣਉਚਿਤ ਵਿਵਹਾਰ ਕਰਦੇ ਹੋਏ ਛੇੜਛਾੜ ਕੀਤੀ। ਘਟਨਾ ਸਾਹਮਣੇ ਆਉਣ ਤੋਂ ਬਾਅਦ ਸੰਸਥਾ ਪੱਧਰ ’ਤੇ ਅੰਦਰੂਨੀ ਜਾਂਚ ਸ਼ੁਰੂ ਕੀਤੀ ਗਈ ਸੀ। ਇਸ ਪ੍ਰਕਿਰਿਆ ਕਾਰਨ ਪੁਲਿਸ ਨੂੰ ਸ਼ਿਕਾਇਤ ਦੇਣ ’ਚ ਕਰੀਬ ਇੱਕ ਮਹੀਨੇ ਦਾ ਸਮਾਂ ਲੱਗਿਆ। ਐਫਆਈਆਰ ਦਰਜ ਹੋਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਤੇਜ਼ ਕਰ ਦਿੱਤੀ ਹੈ। ਜਾਂਚ ਅਧਿਕਾਰੀ ਐਸਐਸਆਈ ਅਨੀਤਾ ਨੇਗੀ ਨੇ ਦੱਸਿਆ ਕਿ ਮਾਮਲੇ ’ਚ ਉਪਲਬਧ ਸਬੂਤਾਂ ਦੇ ਆਧਾਰ ’ਤੇ ਨਿਰਪੱਖ ਜਾਂਚ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਪੋਕਸੋ ਐਕਟ ਤਹਿਤ ਸੱਤ ਸਾਲ ਤੋਂ ਘੱਟ ਸਜ਼ਾ ਵਾਲੀਆਂ ਧਾਰਾਵਾਂ ’ਚ ਗ੍ਰਿਫ਼ਤਾਰੀ ਸਬੰਧੀ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕੀਤੀ ਜਾ ਰਹੀ ਹੈ। ਥਾਣਾ ਬਾਹਬਾਜ਼ਾਰ ਦੇ ਇੰਚਾਰਜ ਇੰਸਪੈਕਟਰ ਅਮਰਜੀਤ ਨੇ ਦੱਸਿਆ ਕਿ ਯੂਨੀਵਰਸਿਟੀ ਕੈਂਪਸ ਦੇ ਅਧਿਆਪਕ ਖ਼ਿਲਾਫ਼ ਕੈਂਪਸ ਡਾਇਰੈਕਟਰ ਵੱਲੋਂ ਵਿਦਿਆਰਥਣਾਂ ਨਾਲ ਬੈਡ ਟੱਚ ਦੇ ਮਾਮਲੇ ’ਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਪੁਲਿਸ ਮਾਮਲੇ ਨਾਲ ਜੁੜੇ ਤੱਥਾਂ ਤੇ ਸਬੂਤਾਂ ਦੀ ਜਾਂਚ ਕਰ ਰਹੀ ਹੈ। ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਯੂਨੀਵਰਸਿਟੀ ਪ੍ਰਸ਼ਾਸਨ ਨੇ ਦੋਸ਼ੀ ਅਧਿਆਪਕ ਡਾ. ਸੂਰਯਮਣੀ ਭੰਡਾਰੀ ਨੂੰ ਜਾਂਚ ਪੂਰੀ ਹੋਣ ਤੱਕ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਸੰਸਥਾ ਦੇ ਡਾਇਰੈਕਟਰ ਪੀਬੀਵੀ ਸੁਬ੍ਰਮਣਿਅਮ ਨੇ ਦੱਸਿਆ ਕਿ ਨਿਰਪੱਖ ਜਾਂਚ ਪ੍ਰਕਿਰਿਆ ਪ੍ਰਭਾਵਿਤ ਨਾ ਹੋਵੇ, ਇਸ ਲਈ ਅਧਿਆਪਕ ਨੂੰ ਫਿਲਹਾਲ ਗੈਸਟ ਹਾਊਸ ’ਚ ਤਬਦੀਲ ਕਰ ਦਿੱਤਾ ਗਿਆ ਹੈ। ਯੂਨੀਵਰਸਿਟੀ ਪੱਧਰ ’ਤੇ ਵੀ ਮਾਮਲੇ ਦੀ ਜਾਂਚ ਜਾਰੀ ਹੈ।
ਕੇਂਦਰੀ ਸੰਸਕ੍ਰਿਤ ਯੂਨੀਵਰਸਿਟੀ ਕੈਂਪਸ ਦੇ ਡਾਇਰੈਕਟਰ ਪ੍ਰੋ. ਪੀਵੀਬੀ ਸੁਬ੍ਰਮਣਿਅਮ ਨੇ ਦੱਸਿਆ ਕਿ 14 ਸਤੰਬਰ ਨੂੰ ਉਨ੍ਹਾਂ ਨੇ ਖੁਦ ਵਿਦਿਆਰਥਣਾਂ ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਪੁੱਛਗਿੱਛ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੂੰ ਦੋਵੇਂ ਵਿਦਿਆਰਥਣਾਂ ਕੁਝ ਅਸਹਿਜ ਲੱਗੀਆਂ। ਇਸ ਤੋਂ ਬਾਅਦ ਦੋਵਾਂ ਵਿਦਿਆਰਥਣਾਂ ਨੂੰ ਭਰੋਸੇ ’ਚ ਲੈ ਕੇ ਵਿਸਥਾਰ ਨਾਲ ਪੁੱਛਗਿੱਛ ਕੀਤੀ ਗਈ। ਇਸ ’ਚ ਇਹ ਗੱਲ ਸਾਹਮਣੇ ਆਈ ਕਿ ਵਿਦਿਆਰਥਣਾਂ ਨਾਲ ਕੁਝ ਗਲਤ ਹੋਇਆ ਹੈ।
ਉਨ੍ਹਾਂ ਨੇ ਯੂਨੀਵਰਸਿਟੀ ਕੈਂਪਸ ਦੀਆਂ ਮਹਿਲਾ ਕਰਮਚਾਰੀਆਂ ਤੋਂ ਵੀ ਮਾਮਲੇ ਦੀ ਜਾਂਚ ਕਰਵਾਈ। ਇਸ ਤੋਂ ਬਾਅਦ 19 ਸਤੰਬਰ ਨੂੰ ਉਨ੍ਹਾਂ ਵੱਲੋਂ ਥਾਣਾ ਬਾਹਬਾਜ਼ਾਰ ’ਚ ਪੂਰੇ ਮਾਮਲੇ ਸਬੰਧੀ ਵਿਸਥਾਰਤ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ। ਇਸ ਸਬੰਧੀ ਯੂਨੀਵਰਸਿਟੀ ਹੈੱਡਕੁਆਰਟਰ ਨੂੰ ਵੀ ਲਿਖਤੀ ਸੂਚਨਾ ਦੇ ਦਿੱਤੀ ਗਈ ਹੈ। ਮਾਮਲਾ ਬੀਤੀ 22 ਅਗਸਤ ਦਾ ਹੈ।