ਕਈ ਟਰੇਨਾਂ ਦੇ ਬਦਲਣਗੇ ਰੂਟ, ਕੁਝ ਦੇਰੀ ਨਾਲ ਚੱਲਣਗੀਆਂ; ਜਾਣੋ ਕਿਹੜੇ ਸਟੇਸ਼ਨਾਂ ’ਤੇ ਨਹੀਂ ਹੋਵੇਗਾ ਠਹਿਰਾਅ
ਹਰਿਆਣਾ ਦੇ ਭੈਣੀ ਖੁਰਦ-ਤਰਾਵੜੀ ਸਟੇਸ਼ਨਾਂ ਵਿਚਕਾਰ ਸਬਵੇ ਨਿਰਮਾਣ ਕਾਰਜ ਕਾਰਨ 14 ਅਕਤੂਬਰ ਨੂੰ ਕਈ ਟਰੇਨਾਂ ਦੇ ਰੂਟ ਤੇ ਸਮੇਂ ’ਚ ਬਦਲਾਅ ਕੀਤਾ ਗਿਆ ਹੈ। ਇਸ ਕਾਰਨ ਆਗਰਾ ਕੈਂਟ-ਹੁਸ਼ਿਆਰਪੁਰ ਐਕਸਪ੍ਰੈੱਸ ਸਮੇਤ ਕਈ ਟਰੇਨਾਂ ਬਦਲੇ ਹੋਏ ਰੂਟ ਤੋਂ ਚੱਲਣਗੀਆਂ ਜਾਂ ਦੇਰੀ ਨਾਲ ਰਵਾਨਾ ਹੋਣਗੀਆਂ।
Publish Date: Tue, 29 Sep 2026 01:49 PM (IST)
Updated Date: Tue, 29 Sep 2026 01:50 PM (IST)
ਰਾਜ ਬਿਊਰੋ, ਨਵੀਂ ਦਿੱਲੀ : ਦਿੱਲੀ ਮੰਡਲ ਦੇ ਭੈਣੀ ਖੁਰਦ-ਤਰਾਵੜੀ ਸਟੇਸ਼ਨਾਂ ਵਿਚਕਾਰ ਘੱਟ ਉਚਾਈ ਵਾਲੇ ਸਬਵੇ ਦਾ ਨਿਰਮਾਣ ਕਾਰਜ ਟਰੇਨਾਂ ਦੀ ਆਵਾਜਾਈ ਨੂੰ ਪ੍ਰਭਾਵਿਤ ਕਰੇਗਾ। ਆਰਸੀਸੀ ਬਾਕਸ ਨੂੰ ਧੱਕਣ ਲਈ ਸੁਰੱਖਿਆ ਪਲੇਟਾਂ ਲਗਾਉਣ ਤੇ ਹਟਾਉਣ ਵਾਸਤੇ ਪਾਵਰ ਤੇ ਟ੍ਰੈਫਿਕ ਬਲਾਕ ਲਿਆ ਜਾਵੇਗਾ। ਇਸ ਦੇ ਚੱਲਦਿਆਂ 14 ਅਕਤੂਬਰ ਨੂੰ ਦੋ ਟਰੇਨਾਂ ਦੇ ਰੂਟ ਬਦਲੇ ਜਾਣਗੇ, ਜਦਕਿ ਕਈ ਟਰੇਨਾਂ ਦੇ ਰਵਾਨਗੀ ਸਮੇਂ ’ਚ ਵੀ ਬਦਲਾਅ ਕੀਤਾ ਗਿਆ ਹੈ।
ਦੋ ਟਰੇਨਾਂ ਦੇ ਬਦਲੇ ਜਾਣਗੇ ਰੂਟ
- ਆਗਰਾ ਕੈਂਟ-ਹੁਸ਼ਿਆਰਪੁਰ ਐਕਸਪ੍ਰੈੱਸ (11905): 14 ਅਕਤੂਬਰ ਨੂੰ ਇਹ ਟਰੇਨ ਨਵੀਂ ਦਿੱਲੀ-ਪਾਣੀਪਤ-ਅੰਬਾਲਾ ਕੈਂਟ-ਚੰਡੀਗੜ੍ਹ-ਲੁਧਿਆਣਾ ਦੀ ਬਜਾਏ ਨਵੀਂ ਦਿੱਲੀ-ਜਾਖਲ-ਧੂਰੀ-ਲੁਧਿਆਣਾ ਰੂਟ ਰਾਹੀਂ ਚੱਲੇਗੀ। ਇਸ ਕਾਰਨ ਪਾਣੀਪਤ ਜੰਕਸ਼ਨ, ਕਰਨਾਲ, ਅੰਬਾਲਾ ਕੈਂਟ ਤੇ ਚੰਡੀਗੜ੍ਹ ’ਚ ਇਸ ਦਾ ਠਹਿਰਾਅ ਨਹੀਂ ਹੋਵੇਗਾ।
- ਜੰਮੂਤਵੀ-ਅਜਮੇਰ ਗਲਤਾਧਾਮ ਪੂਜਾ ਐਕਸਪ੍ਰੈੱਸ (12414): ਇਹ ਟਰੇਨ ਜੰਮੂਤਵੀ-ਅੰਬਾਲਾ ਕੈਂਟ-ਕੁਰੂਕਸ਼ੇਤਰ-ਕਰਨਾਲ-ਪੁਰਾਣੀ ਦਿੱਲੀ ਦੀ ਬਜਾਏ ਕੁਰੂਕਸ਼ੇਤਰ-ਨਰਵਾਣਾ-ਸ਼ਕੂਰਬਸਤੀ-ਪੁਰਾਣੀ ਦਿੱਲੀ ਰੂਟ ਰਾਹੀਂ ਚੱਲੇਗੀ। ਇਸ ਟਰੇਨ ਦਾ ਕਰਨਾਲ ’ਚ ਠਹਿਰਾਅ ਨਹੀਂ ਹੋਵੇਗਾ।
ਇਨ੍ਹਾਂ ਟਰੇਨਾਂ ਦੇ ਰਵਾਨਗੀ ਸਮੇਂ ’ਚ ਵੀ ਬਦਲਾਅ
- ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਸੂਬੇਦਾਰਗੰਜ ਮੇਲ (20434): 14 ਅਕਤੂਬਰ ਨੂੰ ਕਟੜਾ ਤੋਂ ਦੋ ਘੰਟੇ ਦੀ ਦੇਰੀ ਨਾਲ ਸ਼ਾਮ 5:15 ਵਜੇ ਰਵਾਨਾ ਹੋਵੇਗੀ।
- ਕਰਤੋਲੀ ਪੰਜਾਬ-ਪੁਰਾਣੀ ਦਿੱਲੀ ਐਕਸਪ੍ਰੈੱਸ (14054): 65 ਮਿੰਟ ਦੀ ਦੇਰੀ ਨਾਲ ਰਾਤ 10 ਵਜੇ ਰਵਾਨਾ ਹੋਵੇਗੀ।
- ਜੰਮੂਤਵੀ-ਦਿੱਲੀ ਸਰਾਏ ਰੋਹਿਲਾ ਦੁਰੰਤੋ ਐਕਸਪ੍ਰੈੱਸ (12266): ਡੇਢ ਘੰਟੇ ਦੀ ਦੇਰੀ ਨਾਲ ਰਾਤ 8:45 ਵਜੇ ਚੱਲੇਗੀ।
- ਪੁਰਾਣੀ ਦਿੱਲੀ-ਕਰਤੋਲੀ ਪੰਜਾਬ ਐਕਸਪ੍ਰੈੱਸ (14053): ਦੋ ਘੰਟੇ ਦੀ ਦੇਰੀ ਨਾਲ ਰਾਤ 12:50 ਵਜੇ, ਯਾਨੀ 15 ਅਕਤੂਬਰ ਨੂੰ ਰਵਾਨਾ ਹੋਵੇਗੀ।
- ਕਾਲਕਾ-ਹਾਵੜਾ ਨੇਤਾਜੀ ਐਕਸਪ੍ਰੈੱਸ (13052): 14 ਅਕਤੂਬਰ ਨੂੰ ਤਰਾਵੜੀ ਸਟੇਸ਼ਨ ’ਤੇ 15 ਮਿੰਟ ਰੁਕਣ ਤੋਂ ਬਾਅਦ ਅੱਗੇ ਰਵਾਨਾ ਹੋਵੇਗੀ।