ਟਾਟਾ ਇਲੈਕਟ੍ਰਾਨਿਕਸ ਪਲਾਂਟ 'ਚ ਵੱਡਾ ਹਾਦਸਾ, ETP ਟੈਂਕ ਦੀ ਸਫ਼ਾਈ ਕਰਦੇ ਸਮੇਂ ਦਮ ਘੁੱਟਣ ਨਾਲ 3 ਮਜ਼ਦੂਰਾਂ ਦੀ ਦਰਦਨਾਕ ਮੌਤ ਤਾਮਿਲਨਾਡੂ ਦੇ ਹੋਸੂਰ ’ਚ ਐਪਲ ਦੇ ਆਈਫੋਨ ਦੇ ਪੁਰਜ਼ੇ ਬਣਾਉਣ ਵਾਲੀ ਟਾਟਾ ਇਲੈਕਟ੍ਰਾਨਿਕਸ ਪ੍ਰਾਈਵੇਟ ਲਿਮਟਿਡ (TEPL) ਦੀ ਫੈਕਟਰੀ ’ਚ ਸੋਮਵਾਰ ਸ਼ਾਮ ਇੱਕ ਵੱਡਾ ਹਾਦਸਾ ਵਾਪਰ ਗਿਆ। ਵੈਸਟਵਾਟਰ ਯਾਨੀ ਐਫਲੂਐਂਟ ਟ੍ਰੀਟਮੈਂਟ ਪਲਾਂਟ (ETP) ਦੇ ਟੈਂਕ ਦੀ ਸਫ਼ਾਈ ਦੌਰਾਨ ਦਮ ਘੁੱਟਣ ਕਾਰਨ ਤਿੰਨ ਠੇਕਾ ਮੁਲਾਜ਼ਮਾਂ ਦੀ ਮੌਤ ਹੋ ਗਈ।
Publish Date: Tue, 10 Nov 2026 10:11 AM (IST)
Updated Date: Tue, 10 Nov 2026 10:12 AM (IST)
ਡਿਜੀਟਲ ਡੈਸਕ, ਚੇਨਈ - ਤਾਮਿਲਨਾਡੂ ਦੇ ਹੋਸੂਰ ’ਚ ਐਪਲ ਦੇ ਆਈਫੋਨ ਦੇ ਪੁਰਜ਼ੇ ਬਣਾਉਣ ਵਾਲੀ ਟਾਟਾ ਇਲੈਕਟ੍ਰਾਨਿਕਸ ਪ੍ਰਾਈਵੇਟ ਲਿਮਟਿਡ (TEPL) ਦੀ ਫੈਕਟਰੀ ’ਚ ਸੋਮਵਾਰ ਸ਼ਾਮ ਇੱਕ ਵੱਡਾ ਹਾਦਸਾ ਵਾਪਰ ਗਿਆ। ਵੈਸਟਵਾਟਰ ਯਾਨੀ ਐਫਲੂਐਂਟ ਟ੍ਰੀਟਮੈਂਟ ਪਲਾਂਟ (ETP) ਦੇ ਟੈਂਕ ਦੀ ਸਫ਼ਾਈ ਦੌਰਾਨ ਦਮ ਘੁੱਟਣ ਕਾਰਨ ਤਿੰਨ ਠੇਕਾ ਮੁਲਾਜ਼ਮਾਂ ਦੀ ਮੌਤ ਹੋ ਗਈ।
ਕਿਵੇਂ ਵਾਪਰਿਆ ਹਾਦਸਾ? ਇਹ ਘਟਨਾ ਸੋਮਵਾਰ ਸ਼ਾਮ ਨੂੰ ਕ੍ਰਿਸ਼ਨਾਗਿਰੀ ਜ਼ਿਲ੍ਹੇ ਦੇ ਹੋਸੂਰ ਸਥਿਤ ਟਾਟਾ ਇਲੈਕਟ੍ਰਾਨਿਕਸ ਕੰਪਲੈਕਸ ’ਚ ਵਾਪਰੀ। ਤਿੰਨੇ ਮਜ਼ਦੂਰ ETP ਟੈਂਕ ਦੇ ਅੰਦਰ ਜਮ੍ਹਾਂ ਹੋਈ ਗੰਦਗੀ ਅਤੇ ਗਾਦ ਦੀ ਸਫ਼ਾਈ ਕਰਨ ਲਈ ਉਤਰੇ ਸਨ। ਸਫ਼ਾਈ ਦੌਰਾਨ ਜ਼ਹਿਰੀਲੀ ਗੈਸ ਦੇ ਸੰਪਰਕ ’ਚ ਆਉਣ ਅਤੇ ਆਕਸੀਜਨ ਦੀ ਕਮੀ ਕਾਰਨ ਤਿੰਨਾਂ ਦਾ ਦਮ ਘੁੱਟ ਗਿਆ ਅਤੇ ਉਹ ਬੇਹੋਸ਼ ਹੋ ਗਏ।
ਹਾਦਸੇ ’ਚ ਜਾਨ ਗੁਆਉਣ ਵਾਲੇ ਤਿੰਨੋਂ ਮਜ਼ਦੂਰਾਂ ਦੀ ਪਛਾਣ ਹੋਸੂਰ ਵਾਸੀ 30 ਸਾਲਾ ਕਾਵੇਰੀ, ਧਰਮਪੁਰੀ ਜ਼ਿਲ੍ਹੇ ਦੇ 28 ਸਾਲਾ ਬੀ. ਅਕਮਲ ਅਤੇ ਧਰਮਪੁਰੀ ਜ਼ਿਲ੍ਹੇ ਦੇ ਹੀ 28 ਸਾਲਾ ਐੱਮ. ਸਾਰਥੀ ਕੁਮਾਰ ਵਜੋਂ ਹੋਈ ਹੈ। ਹਾਦਸੇ ਤੋਂ ਤੁਰੰਤ ਬਾਅਦ ਤਿੰਨਾਂ ਨੂੰ ਹੋਸੂਰ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਲਾਸ਼ਾਂ ਨੂੰ ਪੋਸਟਮਾਰਟਮ ਲਈ ਕ੍ਰਿਸ਼ਨਾਗਿਰੀ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਭੇਜ ਦਿੱਤਾ ਗਿਆ।
ਨਾਲਕੋ ਰਾਹੀਂ ਠੇਕੇ 'ਤੇ ਰੱਖੇ ਗਏ ਸਨ ਮੁਲਾਜ਼ਮ ਇਹ ਤਿੰਨੇ ਮੁਲਾਜ਼ਮ ਟਾਟਾ ਇਲੈਕਟ੍ਰਾਨਿਕਸ ਵੱਲੋਂ ਸਿੱਧੇ ਤੌਰ 'ਤੇ ਨਹੀਂ, ਸਗੋਂ ਨਾਲਕੋ ਕੰਪਨੀ ਰਾਹੀਂ ਠੇਕੇ 'ਤੇ ਟੈਂਕ ਦੀ ਸਫ਼ਾਈ ਦੇ ਕੰਮ ਲਈ ਰੱਖੇ ਗਏ ਸਨ। ਕ੍ਰਿਸ਼ਨਾਗਿਰੀ ਦੇ ਜ਼ਿਲ੍ਹਾ ਕਲੈਕਟਰ ਸੀ. ਦਿਨੇਸ਼ ਕੁਮਾਰ ਨੇ ਘਟਨਾ ਸਥਾਨ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਪੁਸ਼ਟੀ ਕੀਤੀ ਕਿ ETP ਟੈਂਕ ’ਚੋਂ ਗਾਦ ਕੱਢਣ ਦੌਰਾਨ ਦਮ ਘੁੱਟਣ ਕਾਰਨ ਤਿੰਨਾਂ ਮਜ਼ਦੂਰਾਂ ਦੀ ਮੌਤ ਹੋਈ ਹੈ। ਕਲੈਕਟਰ ਨੇ ਦੱਸਿਆ ਕਿ ਮਾਮਲੇ ਦੀ ਪੂਰੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ ਅਤੇ ਸੁਰੱਖਿਆ ਮਾਪਦੰਡਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਟਾਟਾ ਇਲੈਕਟ੍ਰਾਨਿਕਸ, ਜੋ ਹੋਸੂਰ ਪਲਾਂਟ ’ਚ ਆਈਫੋਨ ਦੇ ਪੁਰਜ਼ੇ ਬਣਾਉਣ ਅਤੇ ਉਨ੍ਹਾਂ ਦੀ ਅਸੈਂਬਲਿੰਗ ਦਾ ਕੰਮ ਕਰਦੀ ਹੈ, ਨੇ ਅਜੇ ਤੱਕ ਇਸ ਹਾਦਸੇ ਬਾਰੇ ਕੋਈ ਅਧਿਕਾਰਤ ਬਿਆਨ ਜਾਂ ਟਿੱਪਣੀ ਜਾਰੀ ਨਹੀਂ ਕੀਤੀ ਹੈ।
ਮਜ਼ਦੂਰਾਂ ਦੀ ਸੁਰੱਖਿਆ ਅਤੇ ਸਨਮਾਨ ਸਭ ਤੋਂ ਅਹਿਮ
ਸਮਾਚਾਰ ਏਜੰਸੀ ਏਐੱਨਆਈ ਅਨੁਸਾਰ, ਰਾਜ ਮੰਤਰੀ ਵਿਰੁਧਾਈ ਮਗਲ ਕੀਰਥਨਾ ਨੇ ਕਿਹਾ ਕਿ ਹੋਸੂਰ ’ਚ ਟਾਟਾ ਇਲੈਕਟ੍ਰਾਨਿਕਸ ਦੀ ਇਕਾਈ ’ਚ ਵਾਪਰੀ ਇਸ ਦੁਖਦਾਈ ਘਟਨਾ ’ਚ ਤਿੰਨ ਕੀਮਤੀ ਜਾਨਾਂ ਜਾਣ ਕਾਰਨ ਮੈਨੂੰ ਡੂੰਘਾ ਦੁੱਖ ਹੋਇਆ ਹੈ। ਮੈਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਹਨ ਕਿ ਪ੍ਰਭਾਵਿਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਦਿੱਤੀ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਸਥਿਤੀ ਨਾਲ ਪੂਰੀ ਤਤਪਰਤਾ ਨਾਲ ਨਜਿੱਠਿਆ ਜਾਵੇ। ਹਰ ਮਜ਼ਦੂਰ ਦੀ ਸੁਰੱਖਿਆ ਅਤੇ ਸਨਮਾਨ ਸਭ ਤੋਂ ਅਹਿਮ ਹੈ।
ਇਸ ਦੁਖਦਾਈ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਜਾਂਚ ਦੇ ਨਤੀਜਿਆਂ ਦੇ ਆਧਾਰ 'ਤੇ ਢੁਕਵੀਂ ਕਾਰਵਾਈ ਕੀਤੀ ਜਾਵੇਗੀ। ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਭਵਿੱਖ ’ਚ ਅਜਿਹੀਆਂ ਦੁਖਦਾਈ ਘਟਨਾਵਾਂ ਦੁਬਾਰਾ ਨਾ ਵਾਪਰਨ। ਇਸ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾਣੇ ਚਾਹੀਦੇ ਹਨ।