- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੁਜ਼ਗਾਰ ਨੂੰ ਬਚਾਈ ਰੱਖਣ ਲਈ ਹਜ਼ਾਰਾਂ ਔਰਤਾਂ ਨੇ ਬਿਨਾਂ ਕਿਸੇ ਲੋੜ ਦੇਸਰਜਰੀ ਰਾਹੀਂ ਆਪਣੀ ਬੱਚੇਦਾਨੀ (ਯੂਟੇਰਸ) ਕਢਵਾ ਦਿੱਤੀ। ਗਰੀਬੀ, ਸ਼ੋਸ਼ਣ ਤੇ ਸਿਹਤ ਸਹੂਲਤਾਂ ਦੀ ਘਾਟ ਵਰਗੇ ਕਾਰਨਾਂ ਨੇ ਔਰਤਾਂ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਕੀਤਾ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਸੋਚੋ, ਆਪਣਾ ਰੁਜ਼ਗਾਰ ਬਚਾਉਣ ਲਈ ਤੁਹਾਨੂੰ ਆਪਣੇ ਸਰੀਰ ਦਾ ਕੋਈ ਹਿੱਸਾ ਕਢਵਾਉਣਾ ਪੈ ਜਾਵੇ? ਸੁਣ ਕੇ ਹੀ ਤਕਲੀਫ਼ ਹੁੰਦੀ ਹੈ, ਹੈ ਨਾ? ਪਰ ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ਦੀਆਂ ਕਈ ਔਰਤਾਂ ਦੀ ਜ਼ਿੰਦਗੀ ਦੀ ਇਹ ਹਕੀਕਤ ਹੈ। ਇਸ ਜ਼ਿਲ੍ਹੇ ਦੀਆਂ ਔਰਤਾਂ ਪਿਛਲੇ ਕੁਝ ਸਾਲਾਂ ਤੋਂ ਇਸੇ ਕਾਰਨ ਚਰਚਾ ’ਚ ਰਹੀਆਂ ਹਨ।
ਦਰਅਸਲ, ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ਦੇ ਛੋਟੇ-ਛੋਟੇ ਪਿੰਡਾਂ ਤੋਂ ਔਰਤਾਂ ਗੰਨੇ ਦੇ ਖੇਤਾਂ ’ਚ ਕੰਮ ਕਰਨ ਲਈ ਦੂਜੇ ਇਲਾਕਿਆਂ ’ਚ ਜਾਂਦੀਆਂ ਹਨ। ਇਸੇ ਰੁਜ਼ਗਾਰ ਨੂੰ ਬਚਾਈ ਰੱਖਣ ਲਈ ਇਸ ਜ਼ਿਲ੍ਹੇ ਦੀਆਂ ਹਜ਼ਾਰਾਂ ਔਰਤਾਂ ਨੇ ਬਿਨਾਂ ਕਿਸੇ ਲੋੜ ਦੇ ਹਿਸਟਰੇਕਟੋਮੀ ਕਰਵਾਈ, ਯਾਨੀ ਸਰਜਰੀ ਰਾਹੀਂ ਆਪਣੀ ਬੱਚੇਦਾਨੀ (ਯੂਟੇਰਸ) ਕਢਵਾ ਦਿੱਤੀ। ਗਰੀਬੀ, ਸ਼ੋਸ਼ਣ ਤੇ ਸਿਹਤ ਸਹੂਲਤਾਂ ਦੀ ਘਾਟ ਵਰਗੇ ਕਾਰਨਾਂ ਨੇ ਔਰਤਾਂ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਕੀਤਾ। ਆਓ ਜਾਣਦੇ ਹਾਂ ਇਸ ਬਾਰੇ।
ਪੀਰੀਅਡਜ਼ ਕਾਰਨ ਦਿਹਾੜੀ ਦਾ ਨੁਕਸਾਨ
ਬੀਡ ਜ਼ਿਲ੍ਹੇ ਦੇ ਆਸ-ਪਾਸ ਦੇ ਇਲਾਕਿਆਂ ਤੋਂ ਹਰ ਸਾਲ ਲੱਖਾਂ ਮਰਦ ਤੇ ਔਰਤਾਂ ਪੱਛਮੀ ਮਹਾਰਾਸ਼ਟਰ ਦੀਆਂ ਚੀਨੀ ਮਿੱਲਾਂ ਤੇ ਗੰਨੇ ਦੇ ਖੇਤਾਂ ’ਚ ਕਟਾਈ ਦਾ ਕੰਮ ਕਰਨ ਲਈ ਪਲਾਇਨ ਕਰਦੇ ਹਨ। ਇਹ ਮਜ਼ਦੂਰ ਅਕਸਰ ਜੋੜਿਆਂ ’ਚ ਕੰਮ ਕਰਦੇ ਹਨ, ਭਾਵ ਪਤੀ-ਪਤਨੀ ਦੋਵੇਂ ਇਕੱਠੇ ਮਜ਼ਦੂਰੀ ਕਰਦੇ ਹਨ।
ਹਾਲਾਂਕਿ, ਇਸ ਦੇ ਨਾਲ ਇੱਕ ਸ਼ਰਤ ਹੁੰਦੀ ਹੈ ਕਿ ਜੇਕਰ ਦੋਵਾਂ ’ਚੋਂ ਕਿਸੇ ਇੱਕ ਨੇ ਵੀ ਇੱਕ ਦਿਨ ਦੀ ਛੁੱਟੀ ਕੀਤੀ, ਤਾਂ ਦੋਵਾਂ ਦੀ ਦਿਹਾੜੀ ਕੱਟ ਲਈ ਜਾਂਦੀ ਹੈ। ਇਸ ਲਈ ਜੇਕਰ ਕੋਈ ਔਰਤ ਪੀਰੀਅਡਜ਼ ਦੌਰਾਨ ਪੇਟ ਦਰਦ ਜਾਂ ਜ਼ਿਆਦਾ ਬਲੀਡਿੰਗ ਕਾਰਨ ਇੱਕ ਦਿਨ ਵੀ ਕੰਮ ਤੋਂ ਛੁੱਟੀ ਲੈ ਲਵੇ, ਤਾਂ ਉਸ ਦੇ ਨਾਲ-ਨਾਲ ਉਸ ਦੇ ਪਤੀ ਦੀ ਵੀ ਦਿਹਾੜੀ ਕੱਟ ਦਿੱਤੀ ਜਾਂਦੀ ਹੈ।
ਇਹ ਲੋਕ ਖੇਤਾਂ ਦੇ ਨੇੜੇ ਹੀ ਟੈਂਟ ਜਾਂ ਝੌਂਪੜੀਆਂ ਬਣਾ ਕੇ ਰਹਿੰਦੇ ਹਨ। ਇੱਥੇ ਨਾ ਤਾਂ ਸਾਫ਼ ਪਾਣੀ ਦੀ ਸਹੂਲਤ ਹੁੰਦੀ ਹੈ ਤੇ ਨਾ ਹੀ ਟਾਇਲਟ ਦੀ। ਇਸ ਲਈ ਪੀਰੀਅਡਜ਼ ਦੌਰਾਨ ਔਰਤਾਂ ਨੂੰ ਹੋਰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਗੰਦੇ ਕੱਪੜੇ ਦੀ ਵਰਤੋਂ ਕਾਰਨ ਇਨਫੈਕਸ਼ਨ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ।
ਡਾਕਟਰਾਂ ਵੱਲੋਂ ਹੁੰਦਾ ਹੈ ਸ਼ੋਸ਼ਣ
ਜਦੋਂ ਇਹ ਔਰਤਾਂ ਇਲਾਜ ਲਈ ਕਿਸੇ ਪ੍ਰਾਈਵੇਟ ਜਾਂ ਝੋਲਾਛਾਪ ਡਾਕਟਰ ਕੋਲ ਜਾਂਦੀਆਂ ਹਨ, ਤਾਂ ਉਨ੍ਹਾਂ ਦੀ ਮਜਬੂਰੀ ਦਾ ਫਾਇਦਾ ਚੁੱਕਿਆ ਜਾਂਦਾ ਹੈ। ਪੈਸੇ ਕਮਾਉਣ ਦੀ ਲਾਲਚ ’ਚ ਛੋਟੇ-ਮੋਟੇ ਇਨਫੈਕਸ਼ਨ ਜਾਂ ਆਮ ਹਾਰਮੋਨਲ ਸਮੱਸਿਆ ਲਈ ਵੀ ਉਨ੍ਹਾਂ ਨੂੰ ਡਰਾਇਆ ਜਾਂਦਾ ਹੈ ਤੇ ਬੱਚੇਦਾਨੀ ਕਢਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ।
ਘੱਟ ਉਮਰ ’ਚ ਵਿਆਹ ਹੋ ਜਾਣ ਕਾਰਨ 25 ਸਾਲ ਦੀ ਉਮਰ ਤੱਕ ਹੀ ਇਨ੍ਹਾਂ ਔਰਤਾਂ ਦੇ 2-3 ਬੱਚੇ ਹੋ ਜਾਂਦੇ ਹਨ। ਇਸ ਲਈ ਇਹ ਔਰਤਾਂ ਵੀ ਇਹ ਮੰਨ ਲੈਂਦੀਆਂ ਹਨ ਕਿ ਹੁਣ ਉਨ੍ਹਾਂ ਨੂੰ ਬੱਚੇਦਾਨੀ ਦੀ ਕੋਈ ਲੋੜ ਨਹੀਂ ਹੈ। ਠੇਕੇਦਾਰ ਦੇ ਜੁਰਮਾਨੇ ਤੋਂ ਬਚਣ ਤੇ ਪੀਰੀਅਡਜ਼ ਕਾਰਨ ਹੋਣ ਵਾਲੀ ਤਕਲੀਫ਼ ਤੋਂ ਛੁਟਕਾਰਾ ਪਾਉਣ ਲਈ, ਜਾਣਕਾਰੀ ਦੀ ਘਾਟ ਕਾਰਨ ਇਹ ਔਰਤਾਂ ਕਰਜ਼ਾ ਲੈ ਕੇ ਵੀ ਬੱਚੇਦਾਨੀ ਕਢਵਾਉਣ ਦੀ ਸਰਜਰੀ ਕਰਵਾ ਲੈਂਦੀਆਂ ਹਨ।
ਸਰਜਰੀ ਤੋਂ ਬਾਅਦ ਮੁਸ਼ਕਲ ਹੋ ਜਾਂਦੀ ਹੈ ਜ਼ਿੰਦਗੀ
ਬਿਨਾਂ ਕਿਸੇ ਲੋੜ ਦੇ ਬੱਚੇਦਾਨੀ ਕਢਵਾਉਣ ਨਾਲ ਸਰੀਰ ਸਰਜੀਕਲ ਮੈਨੋਪੌਜ਼ ਦੀ ਸਥਿਤੀ ’ਚ ਚਲਾ ਜਾਂਦਾ ਹੈ। ਇਸ ਕਾਰਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਮਰ ਦਰਦ, ਪੇਟ ਦੇ ਹੇਠਲੇ ਹਿੱਸੇ ’ਚ ਲਗਾਤਾਰ ਦਰਦ, ਚੱਕਰ ਆਉਣਾ ਤੇ ਤੁਰਨ ’ਚ ਦਿੱਕਤ ਵਰਗੀਆਂ ਸਮੱਸਿਆਵਾਂ ਉਨ੍ਹਾਂ ਨੂੰ ਘੇਰ ਲੈਂਦੀਆਂ ਹਨ।
ਇਨ੍ਹਾਂ ਪਰੇਸ਼ਾਨੀਆਂ ਕਾਰਨ ਉਹ ਔਰਤਾਂ ਗੰਨੇ ਦੇ ਖੇਤਾਂ ’ਚ ਕੀਤਾ ਜਾਣ ਵਾਲਾ ਭਾਰੀ ਕੰਮ ਨਹੀਂ ਕਰ ਪਾਉਂਦੀਆਂ ਤੇ ਉਨ੍ਹਾਂ ਦੀ ਸਥਿਤੀ ਹੋਰ ਵੀ ਬਦਤਰ ਹੁੰਦੀ ਜਾਂਦੀ ਹੈ।
ਗਰੀਬੀ, ਠੇਕੇਦਾਰਾਂ ਦਾ ਜ਼ੁਲਮ, ਡਾਕਟਰਾਂ ਵੱਲੋਂ ਸ਼ੋਸ਼ਣ ਤੇ ਜਾਣਕਾਰੀ ਦੀ ਘਾਟ ਕਾਰਨ ਬੀਡ ਜ਼ਿਲ੍ਹੇ ਦੀਆਂ ਹਜ਼ਾਰਾਂ ਔਰਤਾਂ ਨੇ ਆਪਣੀਆਂ ਬੱਚੇਦਾਨੀਆਂ ਕਢਵਾ ਲਈਆਂ। ਸਿਰਫ਼ ਇਸ ਉਮੀਦ ’ਚ ਕਿ ਇਸ ਨਾਲ ਉਨ੍ਹਾਂ ਦੀ ਜ਼ਿੰਦਗੀ ਬਿਹਤਰ ਹੋਵੇਗੀ, ਪਰ ਇਸ ਫ਼ੈਸਲੇ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਹੋਰ ਵੀ ਮੁਸ਼ਕਲ ਬਣਾ ਦਿੱਤਾ।