'ਇਹ ਪੂਰੇ ਦੇਸ਼ ਦਾ ਅਪਮਾਨ ਹੈ, ਕਾਂਗਰਸ ਮਰਿਆਦਾ ਦੀਆਂ ਹੱਦਾਂ ਨਾ ਲੰਘੇ'; PM ਮੋਦੀ ਬਾਰੇ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਰਾਜਨਾਥ ਸਿੰਘ ਨੇ ਸਾਧਿਆ ਨਿਸ਼ਾਨਾ
ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਸਿਆਸੀ ਘਮਾਸਾਨ ਤੇਜ਼ ਹੋ ਗਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਖੜਗੇ ਦੀ ਟਿੱਪਣੀ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਇਹ ਬਿਆਨ ਭਾਰਤ ਦਾ ਅਪਮਾਨ ਹੈ ਅਤੇ ਰਾਜਨੀਤੀ ਦੀ ਮਰਿਆਦਾ 'ਤੇ ਹਮਲਾ ਹੈ।
Publish Date: Mon, 26 Oct 2026 02:01 PM (IST)
Updated Date: Mon, 26 Oct 2026 02:07 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਸਿਆਸੀ ਘਮਾਸਾਨ ਤੇਜ਼ ਹੋ ਗਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਖੜਗੇ ਦੀ ਟਿੱਪਣੀ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਇਹ ਬਿਆਨ ਭਾਰਤ ਦਾ ਅਪਮਾਨ ਹੈ ਅਤੇ ਰਾਜਨੀਤੀ ਦੀ ਮਰਿਆਦਾ 'ਤੇ ਹਮਲਾ ਹੈ।
ਰਾਜਨਾਥ ਸਿੰਘ ਨੇ ਕਿਹਾ, “ਮੇਰਾ ਮੰਨਣਾ ਹੈ ਕਿ ਇਹ ਸਿਰਫ਼ ਕਿਸੇ ਵਿਅਕਤੀ ਜਾਂ ਪਰਿਵਾਰ ਦਾ ਅਪਮਾਨ ਨਹੀਂ, ਸਗੋਂ ਪੂਰੇ ਭਾਰਤ ਦਾ ਅਪਮਾਨ ਹੈ। ਇਹ ਰਾਜਨੀਤੀ ਦੀ ਮਰਿਆਦਾ 'ਤੇ ਵੀ ਹਮਲਾ ਹੈ। ਲੋਕਤੰਤਰ ਵਿੱਚ ਤੁਸੀਂ ਆਪਣਾ ਵਿਰੋਧ ਜਤਾ ਸਕਦੇ ਹੋ, ਨੀਤੀਆਂ 'ਤੇ ਸਵਾਲ ਉਠਾ ਸਕਦੇ ਹੋ ਅਤੇ ਸਰਕਾਰ ਦੀ ਆਲੋਚਨਾ ਕਰ ਸਕਦੇ ਹੋ ਪਰ ਕਿਰਪਾ ਕਰਕੇ ਨਿੱਜੀ ਮਰਿਆਦਾ ਦੀਆਂ ਹੱਦਾਂ ਨਾ ਲੰਘੋ।
ਮੇਰੀ ਇਹੀ ਸਲਾਹ ਹੈ। ਅੱਜ ਕਾਂਗਰਸ ਨਾ ਸਿਰਫ਼ ਰਾਜਨੀਤਿਕ ਤੌਰ 'ਤੇ ਕਮਜ਼ੋਰ ਹੋ ਗਈ ਹੈ, ਸਗੋਂ ਮੇਰੀ ਨਜ਼ਰ ਵਿੱਚ ਵਿਚਾਰਧਾਰਕ ਤੌਰ 'ਤੇ ਵੀ ਇਸ ਦਾ ਪਤਨ ਹੋਇਆ ਹੈ। ਕਾਂਗਰਸ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਲੋਕਤੰਤਰ ਵਿੱਚ ਜਨਤਾ ਸਭ ਕੁਝ ਦੇਖਦੀ ਹੈ ਅਤੇ ਸਹੀ ਸਮਾਂ ਆਉਣ 'ਤੇ ਇਸ ਦਾ ਕਰਾਰਾ ਜਵਾਬ ਦਿੰਦੀ ਹੈ।
ਮੈਂ ਕਾਂਗਰਸ ਨੂੰ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਪ੍ਰਧਾਨ ਮੰਤਰੀ ਮੋਦੀ ਅਜਿਹੀਆਂ ਟਿੱਪਣੀਆਂ ਨਾਲ ਨਾ ਤਾਂ ਵਿਚਲਿਤ ਹੋਣਗੇ ਅਤੇ ਨਾ ਹੀ ਜਨਤਾ ਦੀ ਸੇਵਾ ਕਰਨ ਦੇ ਉਨ੍ਹਾਂ ਦੇ ਸੰਕਲਪ ਵਿੱਚ ਕੋਈ ਕਮੀ ਆਵੇਗੀ।”
ਗ਼ਲਤੀ ਮੰਨਣ ਦੀ ਬਜਾਏ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੀ ਹੈ ਕਾਂਗਰਸ : ਰਾਜਨਾਥ ਸਿੰਘ
ਰਾਜਨਾਥ ਸਿੰਘ ਨੇ ਕਾਂਗਰਸ 'ਤੇ ਖੜਗੇ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਨੂੰ ਸਹੀ ਠਹਿਰਾਉਣ ਦਾ ਦੋਸ਼ ਲਗਾਉਂਦਿਆਂ ਕਿਹਾ, “ਕਾਂਗਰਸ ਇੱਥੇ ਹੀ ਨਹੀਂ ਰੁਕੀ। ਹੁਣ ਉਹ ਖੜਗੇ ਦੇ ਸ਼ਬਦਾਂ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕਰਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਹੋਰ ਵੀ ਠੇਸ ਪਹੁੰਚਾ ਰਹੀ ਹੈ। ਆਪਣੀ ਗ਼ਲਤੀ ਮੰਨਣ ਅਤੇ ਅਫ਼ਸੋਸ ਪ੍ਰਗਟ ਕਰਨ ਦੀ ਬਜਾਏ, ਕਾਂਗਰਸ ਇਸ ਬਿਆਨ ਦਾ ਬਚਾਅ ਕਰਨ ਅਤੇ ਇਸ ਨੂੰ ਸਹੀ ਸਾਬਤ ਕਰਨ ਵਿੱਚ ਲੱਗੀ ਹੋਈ ਹੈ।”
ਜ਼ਿਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਇਹ ਟਿੱਪਣੀ ਪਟਨਾ ਵਿੱਚ ਬਿਹਾਰ ਦੇ ਪਹਿਲੇ ਮੁੱਖ ਮੰਤਰੀ ਕ੍ਰਿਸ਼ਨ ਸਿੰਹਾ ਦੀ 139ਵੀਂ ਜਯੰਤੀ ਮੌਕੇ ਕਰਵਾਏ ਗਏ ਇੱਕ ਸਮਾਗਮ ਦੌਰਾਨ ਕੀਤੀ ਸੀ। ਉਸ ਸਮੇਂ ਉੱਥੇ ਮੌਜੂਦ ਇੱਕ ਵਿਅਕਤੀ ਨੇ ਖੜਗੇ ਦੇ ਭਾਸ਼ਣ ਦੌਰਾਨ ਉਨ੍ਹਾਂ ਨੂੰ ਟੋਕਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕਿਤੇ ਨਹੀਂ ਜਾਣਗੇ। ਇਸ 'ਤੇ ਖੜਗੇ ਨੇ ਪ੍ਰਧਾਨ ਮੰਤਰੀ ਬਾਰੇ ਇਤਰਾਜ਼ਯੋਗ ਟਿੱਪਣੀ ਕੀਤੀ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ, “ਇਹ ਬਹੁਤ ਦੁਖਦਾਈ ਹੈ। ਕੱਲ੍ਹ ਪਟਨਾ ਵਿੱਚ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਮੋਦੀ ਦੇ ਮਰਹੂਮ ਪਿਤਾ ਬਾਰੇ ਜੋ ਟਿੱਪਣੀ ਕੀਤੀ, ਉਸ ਨਾਲ ਮੈਂ ਹੈਰਾਨ ਅਤੇ ਬਹੁਤ ਦੁਖੀ ਹਾਂ।”