ਸੋਸ਼ਲ ਮੀਡੀਆ ’ਤੇ ‘ਪਰਫੈਕਟ ਲਾਈਫ’ ਦਿਖਾਉਣ ਦੀ ਹੋੜ ਬਣ ਰਹੀ ਡਿਪ੍ਰੈਸ਼ਨ ਦਾ ਕਾਰਨ, ਨੌਜਵਾਨਾਂ ’ਤੇ ਹਾਵੀ ਹੋ ਰਿਹਾ ‘ਐਸਕੇਪਿੰਗ ਫਿਨੋਮਿਨਾ’ ਇੰਟਰਨੈੱਟ ਮੀਡੀਆ ’ਤੇ ‘ਪਰਫੈਕਟ ਲਾਈਫ’ ਦਿਖਾਉਣ ਦੀ ਹੋੜ ਤੇ ਦੂਜਿਆਂ ਨਾਲ ਤੁਲਨਾ ਕਰਨ ਦੀ ਵਧਦੀ ਪ੍ਰਵਿਰਤੀ ਜਨਰੇਸ਼ਨ-ਜ਼ੈੱਡ (Gen-Z) ਨੌਜਵਾਨਾਂ ’ਚ ਮਾਨਸਿਕ ਪਰੇਸ਼ਾਨੀ ਦਾ ਕਾਰਨ ਬਣ ਰਹੀ ਹੈ। ਮਨੋਚਿਕਿਤਸਕਾਂ ਨੂੰ ਅਜਿਹੇ ਮਾਮਲਿਆਂ ’ਚ ‘ਐਸਕੇਪਿੰਗ ਫਿਨੋਮਿਨਾ’ ਦੇਖਣ ਨੂੰ ਮਿਲ ਰਿਹਾ ਹੈ।
Publish Date: Mon, 05 Oct 2026 05:06 PM (IST)
Updated Date: Mon, 05 Oct 2026 05:08 PM (IST)
ਜਾਗਰਣ ਸੰਵਾਦਦਾਤਾ, ਬਰੇਲੀ। ਜਨਰੇਸ਼ਨ-ਜ਼ੈੱਡ ’ਚ ਇੰਟਰਨੈੱਟ ਮੀਡੀਆ ਪਲੇਟਫਾਰਮਾਂ ’ਤੇ ਆਪਣੇ ਭਵਿੱਖ ਦੇ ਸੁਪਨਿਆਂ, ਪੜ੍ਹਾਈ ਤੇ ਕਰੀਅਰ ਦੀਆਂ ਤਿਆਰੀਆਂ ਨਾਲ ਜੁੜੀਆਂ ਛੋਟੀਆਂ-ਛੋਟੀਆਂ ਅਪਡੇਟਾਂ ਸਾਂਝੀਆਂ ਕਰਨ ਦਾ ਰੁਝਾਨ ਵਧ ਰਿਹਾ ਹੈ। ਸਫਲਤਾ ਮਿਲਣ ’ਤੇ ਜਿੱਥੇ ਉਨ੍ਹਾਂ ਦਾ ਉਤਸ਼ਾਹ ਦੁੱਗਣਾ ਹੋ ਜਾਂਦਾ ਹੈ, ਉੱਥੇ ਟੀਚਾ ਹਾਸਲ ਨਾ ਹੋਣ ’ਤੇ ਇੰਟਰਨੈੱਟ ਮੀਡੀਆ ’ਤੇ ਬਣਾਈ ਗਈ ਆਪਣੀ ਛਵੀ ਨੂੰ ਕਾਇਮ ਰੱਖਣ ਦਾ ਦਬਾਅ ਮਾਨਸਿਕ ਪਰੇਸ਼ਾਨੀ ਦਾ ਕਾਰਨ ਬਣਨ ਲੱਗਾ ਹੈ।
ਆਭਾਸੀ ਦੁਨੀਆ ਨੌਜਵਾਨਾਂ ’ਤੇ ਵਧੇਰੇ ਹਾਵੀ ਹੋ ਰਹੀ ਹੈ। ਜ਼ਿਲ੍ਹਾ ਹਸਪਤਾਲ ਦੇ ਮਨਕਕਸ਼ ’ਚ ਅਜਿਹੇ ਨੌਜਵਾਨ ਪਹੁੰਚ ਰਹੇ ਹਨ, ਜਿਨ੍ਹਾਂ ਨੂੰ ਕਾਊਂਸਲਿੰਗ ਤੇ ਲੋੜ ਅਨੁਸਾਰ ਦਵਾਈਆਂ ਰਾਹੀਂ ਇਲਾਜ ਦਿੱਤਾ ਜਾ ਰਿਹਾ ਹੈ। ਮਨੋਚਿਕਿਤਸਕ ਡਾ. ਆਸ਼ੀਸ਼ ਕੁਮਾਰ ਦੱਸਦੇ ਹਨ ਕਿ ਪਿਛਲੇ ਤਿੰਨ ਮਹੀਨਿਆਂ ’ਚ ਉਨ੍ਹਾਂ ਕੋਲ ਇਸ ਤਰ੍ਹਾਂ ਦੇ ਛੇ ਮਾਮਲੇ ਆ ਚੁੱਕੇ ਹਨ। ਅਜਿਹੇ ਨੌਜਵਾਨਾਂ ’ਚ ‘ਐਸਕੇਪਿੰਗ ਫਿਨੋਮਿਨਾ’ ਦੇਖਣ ਨੂੰ ਮਿਲਦਾ ਹੈ।
ਇਸ ਦਾ ਅਰਥ ਹੈ ਕਿ ਵਿਅਕਤੀ ਆਪਣੀ ਅਸਲ ਜ਼ਿੰਦਗੀ ਦੀ ਪਰੇਸ਼ਾਨੀ, ਜ਼ਿੰਮੇਵਾਰੀ ਜਾਂ ਤਣਾਅ ਤੋਂ ਬਚਣ ਲਈ ਕਿਸੇ ਕਲਪਨਾਤਮਕ ਦੁਨੀਆ ਜਾਂ ਹੋਰ ਗਤੀਵਿਧੀਆਂ ਦਾ ਸਹਾਰਾ ਲੈਂਦਾ ਹੈ।
ਇੰਟਰਨੈੱਟ ਮੀਡੀਆ ਪਲੇਟਫਾਰਮਾਂ ’ਤੇ ਲਗਾਤਾਰ ਆਪਣੀਆਂ ਉਪਲਬਧੀਆਂ ਦਿਖਾਉਣ ਕਾਰਨ ਕਈ ਨੌਜਵਾਨਾਂ ’ਚ ਖੁਦ ਦੀ ਤੁਲਨਾ ਦੂਜਿਆਂ ਨਾਲ ਕਰਨ ਦੀ ਪ੍ਰਵਿਰਤੀ ਵਧ ਰਹੀ ਹੈ। ਪ੍ਰੀਖਿਆ, ਮੁਕਾਬਲੇ ਦੀ ਤਿਆਰੀ ਜਾਂ ਕਰੀਅਰ ’ਚ ਉਮੀਦ ਮੁਤਾਬਕ ਸਫਲਤਾ ਨਾ ਮਿਲਣ ’ਤੇ ਉਨ੍ਹਾਂ ਨੂੰ ਇਹ ਚਿੰਤਾ ਸਤਾਉਣ ਲੱਗਦੀ ਹੈ ਕਿ ਲੋਕ ਉਨ੍ਹਾਂ ਬਾਰੇ ਕੀ ਸੋਚਣਗੇ।
ਇਸ ਕਾਰਨ ਪੜ੍ਹਾਈ ਪ੍ਰਭਾਵਿਤ ਹੋਣ ਦੇ ਨਾਲ-ਨਾਲ ਨੀਂਦ, ਇਕਾਗਰਤਾ ਤੇ ਆਤਮਵਿਸ਼ਵਾਸ ’ਤੇ ਵੀ ਅਸਰ ਪੈ ਸਕਦਾ ਹੈ। ਸਫਲਤਾ ਦਾ ਪੈਮਾਨਾ ਲਾਈਕਸ, ਕਮੈਂਟਸ ਜਾਂ ਫਾਲੋਅਰਜ਼ ਦੀ ਬਜਾਏ ਅਸਲ ਉਪਲਬਧੀਆਂ ਨੂੰ ਬਣਾਉਣਾ ਚਾਹੀਦਾ ਹੈ। ਅਸਫਲਤਾ ਨੂੰ ਲੁਕਾਉਣ ਦੀ ਬਜਾਏ ਉਸ ਤੋਂ ਸਿੱਖਣਾ ਚਾਹੀਦਾ ਹੈ। ਜੇ ਲਗਾਤਾਰ ਤਣਾਅ, ਨੀਂਦ ’ਚ ਬਦਲਾਅ, ਪੜ੍ਹਾਈ ’ਚ ਮਨ ਨਾ ਲੱਗਣਾ ਜਾਂ ਸਮਾਜਿਕ ਗਤੀਵਿਧੀਆਂ ਤੋਂ ਦੂਰੀ ਵਰਗੀ ਸਥਿਤੀ ਬਣੀ ਰਹੇ ਤਾਂ ਪਰਿਵਾਰ ਨੂੰ ਮਾਹਿਰ ਦੀ ਸਲਾਹ ਲੈਣੀ ਚਾਹੀਦੀ ਹੈ।
ਕੈਨੇਡਾ ਜਾਣ ਦਾ ਸੁਪਨਾ, ਅੰਗਰੇਜ਼ੀ ਪ੍ਰੀਖਿਆ ’ਚ ਅਸਫਲਤਾ ਮਝੋਲਾ ਨਿਵਾਸੀ 21 ਸਾਲਾ ਨੌਜਵਾਨ ਕੈਨੇਡਾ ਜਾਣ ਦੀ ਤਿਆਰੀ ਕਰ ਰਿਹਾ ਸੀ। ਉਹ ਇੰਟਰਨੈੱਟ ’ਤੇ ਲਗਾਤਾਰ ਆਪਣੀ ਤਿਆਰੀ ਤੇ ਭਵਿੱਖ ਨਾਲ ਜੁੜੀਆਂ ਅਪਡੇਟਾਂ ਸਾਂਝੀਆਂ ਕਰਦਾ ਸੀ। ਅੰਗਰੇਜ਼ੀ ਦੀ ਪ੍ਰੀਖਿਆ ’ਚ ਅਸਫਲ ਹੋਣ ਤੋਂ ਬਾਅਦ ਉਸ ਨੂੰ ਚਿੰਤਾ ਸਤਾਉਣ ਲੱਗੀ ਕਿ ਇੰਟਰਨੈੱਟ ’ਤੇ ਉਸ ਨੂੰ ਜਾਣਨ ਵਾਲੇ ਲੋਕ ਉਸ ਬਾਰੇ ਕੀ ਸੋਚਣਗੇ।
ਹੌਲੀ-ਹੌਲੀ ਉਹ ਤਣਾਅ ’ਚ ਰਹਿਣ ਲੱਗਾ ਤੇ ਇਸ ਦਾ ਪੜ੍ਹਾਈ ’ਤੇ ਵੀ ਅਸਰ ਪਿਆ। ਮਨਕਕਸ਼ ’ਚ ਉਸ ਦੀ ਕਾਊਂਸਲਿੰਗ ਕੀਤੀ ਗਈ ਤੇ ਡਾਕਟਰੀ ਲੋੜ ਅਨੁਸਾਰ ਇਲਾਜ ਦਿੱਤਾ ਗਿਆ।
ਮੁਕਾਬਲੇ ਦੀ ਪ੍ਰੀਖਿਆ ਦੀ ਤਿਆਰੀ ਤੇ ਤੁਲਨਾ ਦਾ ਦਬਾਅ
ਭੋਜੀਪੁਰਾ ਨਿਵਾਸੀ 22 ਸਾਲਾ ਲੜਕੀ ਮੁਕਾਬਲੇ ਦੀ ਪ੍ਰੀਖਿਆ ਦੀ ਤਿਆਰੀ ਕਰ ਰਹੀ ਸੀ। ਉਹ ਇੰਟਰਨੈੱਟ ’ਤੇ ਪੜ੍ਹਾਈ ਨਾਲ ਜੁੜੀਆਂ ਤਸਵੀਰਾਂ ਤੇ ਆਪਣੇ ਟੀਚੇ ਸਾਂਝੇ ਕਰਦੀ ਸੀ। ਜਦੋਂ ਉਸ ਦੇ ਨਾਲ ਤਿਆਰੀ ਕਰਨ ਵਾਲੇ ਕੁਝ ਨੌਜਵਾਨਾਂ ਦੀ ਚੋਣ ਹੋ ਗਈ ਤੇ ਉਸ ਦੀ ਚੋਣ ਨਹੀਂ ਹੋਈ ਤਾਂ ਉਹ ਲਗਾਤਾਰ ਆਪਣੀ ਤੁਲਨਾ ਦੂਜਿਆਂ ਨਾਲ ਕਰਨ ਲੱਗੀ।
ਇਸ ਨਾਲ ਉਸ ਦਾ ਆਤਮਵਿਸ਼ਵਾਸ ਘਟਿਆ ਤੇ ਪੜ੍ਹਾਈ ’ਚ ਮਨ ਲੱਗਣਾ ਵੀ ਘੱਟ ਹੋ ਗਿਆ। ਮਨਕਕਸ਼ ’ਚ ਪਰਿਵਾਰਕ ਮੈਂਬਰਾਂ ਰਾਹੀਂ ਉਸ ਨੂੰ ਮਾਰਗਦਰਸ਼ਨ ਦਿੱਤਾ ਗਿਆ।
ਨੌਕਰੀ ਦੀ ਤਿਆਰੀ ’ਚ ‘ਸਕਸੈੱਸ ਅਪਡੇਟ’ ਬਣੀ ਪਰੇਸ਼ਾਨੀ
ਜਗਤਪੁਰ ਨਿਵਾਸੀ 24 ਸਾਲਾ ਨੌਜਵਾਨ ਨੌਕਰੀ ਦੀ ਤਿਆਰੀ ਕਰ ਰਿਹਾ ਸੀ। ਉਸ ਨੇ ਇੰਟਰਨੈੱਟ ’ਤੇ ਜਲਦੀ ਨੌਕਰੀ ਮਿਲਣ ਦੀ ਗੱਲ ਸਾਂਝੀ ਕਰ ਦਿੱਤੀ। ਕਈ ਮਹੀਨਿਆਂ ਤੱਕ ਸਫਲਤਾ ਨਾ ਮਿਲਣ ’ਤੇ ਜਾਣ-ਪਛਾਣ ਵਾਲਿਆਂ ਦੇ ਸਵਾਲਾਂ ਤੋਂ ਬਚਣ ਲਈ ਉਸ ਨੇ ਇੰਟਰਨੈੱਟ ’ਤੇ ਆਪਣੀ ਸਰਗਰਮੀ ਵਧਾ ਦਿੱਤੀ।
ਉਹ ਆਪਣੀ ਪ੍ਰੋਫਾਈਲ ਤੇ ਪੋਸਟਾਂ ਨੂੰ ਬਿਹਤਰ ਦਿਖਾਉਣ ’ਚ ਜ਼ਿਆਦਾ ਸਮਾਂ ਲਗਾਉਣ ਲੱਗਾ। ਲਗਾਤਾਰ ਤਣਾਅ ਤੇ ਚਿੜਚਿੜਾਪਣ ਵਧਣ ’ਤੇ ਪਰਿਵਾਰ ਉਸ ਨੂੰ ਮਨਕਕਸ਼ ਲੈ ਕੇ ਪਹੁੰਚਿਆ।
ਰੀਲਾਂ ਤੇ ਲਾਈਕਸ ਨਾਲ ਆਤਮਵਿਸ਼ਵਾਸ ਜੋੜਨ ਲੱਗੀ ਵਿਦਿਆਰਥਣ ਸ਼ਹਿਰ ਦੇ ਇੱਕ ਕਾਲਜ ਦੀ 20 ਸਾਲਾ ਵਿਦਿਆਰਥਣ ਇੰਟਰਨੈੱਟ ਮੀਡੀਆ ’ਤੇ ਰੀਲਾਂ ਤੇ ਤਸਵੀਰਾਂ ਪੋਸਟ ਕਰਦੀ ਸੀ। ਪੋਸਟਾਂ ’ਤੇ ਪਹਿਲਾਂ ਚੰਗੀ ਪ੍ਰਤੀਕਿਰਿਆ ਮਿਲਣ ਨਾਲ ਉਸ ਦਾ ਆਤਮਵਿਸ਼ਵਾਸ ਵਧਿਆ, ਪਰ ਬਾਅਦ ’ਚ ਲਾਈਕਸ ਤੇ ਕਮੈਂਟਸ ਘੱਟ ਹੋਣ ਲੱਗੇ।
ਉਹ ਆਪਣੀ ਲੋਕਪ੍ਰਿਯਤਾ ਨੂੰ ਲੈ ਕੇ ਚਿੰਤਾ ਕਰਨ ਲੱਗੀ ਤੇ ਵਾਰ-ਵਾਰ ਫੋਨ ਚੈੱਕ ਕਰਦੀ ਰਹੀ। ਜਦੋਂ ਇਸ ਦਾ ਪੜ੍ਹਾਈ ਤੇ ਨੀਂਦ ’ਤੇ ਅਸਰ ਪੈਣ ਲੱਗਾ ਤਾਂ ਉਸ ਦੀ ਕਾਊਂਸਲਿੰਗ ਕੀਤੀ ਗਈ।