ਧੀ ਦੇ ਵਿਛੋੜੇ ਦਾ ਦਰਦ… ਰਾਜੇ ਨੇ ਦਾਨ ਕਰ ਦਿੱਤਾ 145 ਸਾਲ ਪੁਰਾਣਾ ਮਹਿਲ; ਜਾਣੋ ਕਿਵੇਂ ਬਣੀ ਏਸ਼ੀਆ ਦੀ ਪਹਿਲੀ ਸੰਗੀਤ ਯੂਨੀਵਰਸਿਟੀ 1881 ’ਚ ਬਣਿਆ ਕਮਲ ਵਿਲਾਸ ਪੈਲੇਸ ਕਦੇ ਖੈਰਾਗੜ੍ਹ ਰਾਜਪਰਿਵਾਰ ਦਾ ਰਾਜਮਹਿਲ ਹੁੰਦਾ ਸੀ, ਜੋ ਅੱਜ ਛੱਤੀਸਗੜ੍ਹ ਦੀ ਪ੍ਰਸਿੱਧ ਰਾਜਕੁਮਾਰੀ ਇੰਦਿਰਾ ਸਿੰਘ ਕਲਾ ਸੰਗੀਤ ਯੂਨੀਵਰਸਿਟੀ ਵਜੋਂ ਸੁਰਾਂ ਦੀ ਸਾਧਨਾ ਦਾ ਕੇਂਦਰ ਹੈ।
Publish Date: Fri, 02 Oct 2026 11:45 AM (IST)
Updated Date: Fri, 02 Oct 2026 11:48 AM (IST)
ਵਿਕਰਮ ਬਾਜਪੇਈ, ਰਾਜਨੰਦਗਾਂਵ : ਤਬਲੇ ਦੀ ਦਯਾਨ ਤੇ ਡੁੱਗੀ ’ਤੇ ਪੈਂਦੀ ਥਾਪ ਤੋਂ ਨਿਕਲ ਰਹੀ ਸੰਗੀਤ ਦੀ ਧੁਨ ਜਦੋਂ 145 ਸਾਲ ਪੁਰਾਣੀਆਂ ਕੰਧਾਂ ਨੂੰ ਪਾਰ ਕਰਕੇ ਕੰਨਾਂ ਤੱਕ ਪਹੁੰਚਦੀ ਹੈ ਤਾਂ ਅਣਜਾਣੇ ਹੀ ਮਨ ਹਵਾ ਦੇ ਵੇਗ ਨਾਲ ਸੁਰਾਂ ਦੇ ਨਾਲ ਸਫ਼ਰ ਕਰਨ ਲੱਗਦਾ ਹੈ। ਕੁਝ ਦੂਰ ਤੁਰਨ ’ਤੇ ਇਹ ਧੁਨਾਂ ਆਕਾਰ ਤੇ ਸਰਗਮ ਦੇ ਅਭਿਆਸ ਨਾਲ ਮਿਲ ਜਾਂਦੀਆਂ ਹਨ। ਰਾਜਕੁਮਾਰੀ ਇੰਦਿਰਾ ਸਿੰਘ ਕਲਾ ਸੰਗੀਤ ਯੂਨੀਵਰਸਿਟੀ ਕੈਂਪਸ ਦੀ ਹਰ ਸਵੇਰ ਸੰਗੀਤ ਦੇ ਆਨੰਦ ਨਾਲ ਭਰਪੂਰ ਹੁੰਦੀ ਹੈ। 70 ਸਾਲਾਂ ਤੋਂ ਆਪਣੇ ਅੰਦਰ ਸੰਗੀਤ ਨੂੰ ਸਮੇਟੇ ਆ ਰਿਹਾ ਇਹ ਮਹਿਲ ਹੁਣ ਖੁਦ ਜੀਵੰਤ ਸੰਗੀਤ ’ਚ ਬਦਲ ਚੁੱਕਾ ਹੈ।
ਛੱਤੀਸਗੜ੍ਹ ਦੇ ਖੈਰਾਗੜ੍ਹ-ਛੁਈਖਦਾਨ-ਗੰਡਈ ਜ਼ਿਲ੍ਹੇ ਦੇ ਛੋਟੇ ਜਿਹੇ ਸ਼ਹਿਰ ਖੈਰਾਗੜ੍ਹ ’ਚ ਸੰਗੀਤ ਦੀ ਇਹ ਸੁਰਮਈ ਦੁਨੀਆ ਵਸੀ ਹੋਈ ਹੈ। ਕੈਂਪਸ ’ਚ ਸਥਾਪਿਤ ਰਾਜਾ ਵੀਰੇਂਦਰ ਬਹਾਦੁਰ ਸਿੰਘ ਤੇ ਰਾਣੀ ਪਦਮਾਵਤੀ ਦੇਵੀ ਦੀਆਂ ਮੂਰਤੀਆਂ ਮਾਨੋ ਖੁਦ ਇਸ ਕਹਾਣੀ ਨੂੰ ਬਿਆਨ ਕਰਨਾ ਚਾਹੁੰਦੀਆਂ ਹਨ। ਅੱਜ ਜਿਸ ਕੈਂਪਸ ’ਚ ਰਾਜਕੁਮਾਰੀ ਇੰਦਿਰਾ ਸਿੰਘ ਕਲਾ ਸੰਗੀਤ ਯੂਨੀਵਰਸਿਟੀ ਚੱਲ ਰਹੀ ਹੈ, ਉਹ 1956 ਤੋਂ ਪਹਿਲਾਂ ਖੈਰਾਗੜ੍ਹ ਰਾਜਪਰਿਵਾਰ ਦਾ ਰਾਜਮਹਿਲ ਕਮਲ ਵਿਲਾਸ ਪੈਲੇਸ (ਨਿਰਮਾਣ: 1881) ਹੁੰਦਾ ਸੀ।
ਇਸੇ ਪੈਲੇਸ ’ਚ ਰਾਜਾ-ਰਾਣੀ ਦੀ ਤੀਜੀ ਧੀ ਇੰਦਿਰਾ ਦੀਆਂ ਕਿਲਕਾਰੀਆਂ ਗੂੰਜੀਆਂ ਤੇ ਉਨ੍ਹਾਂ ਦੀ ਮਿੱਠੀ ਆਵਾਜ਼ ਵੀ ਸੁਣਾਈ ਦਿੰਦੀ ਸੀ। ਪਰ ਸਿਰਫ਼ ਚਾਰ ਸਾਲ ਦੀ ਛੋਟੀ ਉਮਰ ’ਚ ਇੰਦਿਰਾ ਦੀ ਮੌਤ ਹੋ ਗਈ। ਰਾਜਪਰਿਵਾਰ ਇਸ ਦੁੱਖ ’ਚ ਡੁੱਬ ਗਿਆ। ਰਾਜਕੁਮਾਰੀ ਦੀਆਂ ਯਾਦਾਂ ਨੂੰ ਸਾਂਭਣ ਲਈ ਰਾਜਾ-ਰਾਣੀ ਨੇ ਸੰਗੀਤ ਯੂਨੀਵਰਸਿਟੀ ਸਥਾਪਿਤ ਕਰਨ ਦਾ ਵਿਚਾਰ ਕੀਤਾ।
ਕੇਂਦਰੀ ਯੂਨੀਵਰਸਿਟੀ ਬਣਾਉਣ ਦੇ ਯਤਨ ਮੌਜੂਦਾ ਕੁਲਪਤੀ ਪ੍ਰੋਫੈਸਰ ਡਾ. ਲਵਲੀ ਸ਼ਰਮਾ ਯੂਨੀਵਰਸਿਟੀ ਦੇ ਵਿਸਥਾਰ ਲਈ ਕੰਮ ਕਰ ਰਹੀ ਹਨ। ਹੁਣ ਇਸ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ। ਗ੍ਰੇਡਿੰਗ ’ਚ ਸੁਧਾਰ ਲਈ ਨਵੇਂ ਕੋਰਸ ਚਲਾਏ ਜਾ ਰਹੇ ਹਨ। ਪ੍ਰੋਫੈਸਰ ਰਾਜਨ ਯਾਦਵ ਦੱਸਦੇ ਹਨ, “ਦੇਸ਼ ਦੇ ਲਗਭਗ ਸਾਰੇ ਪ੍ਰਸਿੱਧ ਸੰਸਥਾਨਾਂ ’ਚ ਅੱਜ ਇਸ ਯੂਨੀਵਰਸਿਟੀ ਤੋਂ ਪੜ੍ਹ ਕੇ ਨਿਕਲੇ ਵਿਦਿਆਰਥੀ ਆਪਣੀਆਂ ਸੇਵਾਵਾਂ ਦੇ ਰਹੇ ਹਨ। ਇਸ ਤੋਂ ਇਲਾਵਾ ਫ਼ਿਲਮ ਇੰਡਸਟਰੀ ਤੇ ਅੰਤਰਰਾਸ਼ਟਰੀ ਮੰਚਾਂ ’ਤੇ ਵੀ ਵੱਖ-ਵੱਖ ਭੂਮਿਕਾਵਾਂ ਨਿਭਾ ਰਹੇ ਹਨ।”
2016 ਤੋਂ ਯੂਨੀਵਰਸਿਟੀ ਨਾਲ ਜੁੜੇ ਬਿਹਾਰ ਦੇ ਛਪਰਾ ਜ਼ਿਲ੍ਹੇ ਦੇ ਵਸਨੀਕ ਤੇ ਗਾਇਨ ਵਿਭਾਗ ਦੇ ਸਹਾਇਕ ਪ੍ਰੋਫੈਸਰ ਪੰਡਿਤ ਦਿਵਾਕਰ ਕਸ਼ਯਪ ਮੰਨਦੇ ਹਨ ਕਿ ਇਹ ਭਾਰਤੀ ਕਲਾ-ਸੰਗੀਤ ਦੀ ਸਮ੍ਰਿੱਧ ਪਰੰਪਰਾ ਨੂੰ ਅੱਗੇ ਵਧਾ ਰਹੀ ਹੈ।
ਸੁਰਾਂ ਦੀ ਸਮਰਾਗੀ ਨੂੰ ਵੀ ਮਿਲੀ ਉਪਾਧੀ
ਯੂਨੀਵਰਸਿਟੀ ਦੇ ਅਜਾਇਬਘਰ ਦੇ ਇੱਕ ਛੋਟੇ ਜਿਹੇ ਕਮਰੇ ’ਚ ਰਾਜਪਰਿਵਾਰ ਦੇ 13ਵੀਂ-14ਵੀਂ ਸਦੀ ਦੇ ਪ੍ਰਾਚੀਨ ਸਾਜ਼ ਅੱਜ ਵੀ ਸੁਰੱਖਿਅਤ ਹਨ। ਯੂਨੀਵਰਸਿਟੀ ਦੀ ਸਥਾਪਨਾ ਸਮੇਂ ਰਾਜਪਰਿਵਾਰ ਨੇ ਇਹ ਸਾਜ਼ ਦਾਨ ਕੀਤੇ ਸਨ। ਪ੍ਰੋ. ਰਾਜਨ ਯਾਦਵ ਦੇ ਅਨੁਸਾਰ, ਇਨ੍ਹਾਂ ’ਚ ਪੰਚਮੁਖੀ ਵਾਦਯੰਤਰ, ਰੁਦ੍ਰਵੀਣਾ ਸਮੇਤ ਕਈ ਸਾਜ਼ ਸ਼ਾਮਲ ਹਨ, ਜੋ ਕਦੇ ਰਾਜਦਰਬਾਰ ਦੀ ਸ਼ੋਭਾ ਵਧਾਉਂਦੇ ਸਨ।
ਸੁਰ ਕੋਕਿਲਾ ਸਵਰਗਵਾਸੀ ਲਤਾ ਮੰਗੇਸ਼ਕਰ ਦਾ ਵੀ ਯੂਨੀਵਰਸਿਟੀ ਨਾਲ ਡੂੰਘਾ ਨਾਤਾ ਰਿਹਾ। ਉਹ ਇਸ ਨੂੰ ਸੰਗੀਤ ਤੇ ਕਲਾ ਦਾ ਗੁਰੁਕੁਲ ਮੰਨਦੀਆਂ ਸਨ। 2 ਫਰਵਰੀ 1980 ਨੂੰ ਉਨ੍ਹਾਂ ਨੇ ਇੱਥੇ ਆ ਕੇ ਡੀ.ਲਿਟ. ਦੀ ਮਾਨਦ ਉਪਾਧੀ ਹਾਸਲ ਕੀਤੀ। ਪੰ. ਰਵੀ ਸ਼ੰਕਰ, ਪੰ. ਭੀਮਸੇਨ ਜੋਸ਼ੀ, ਐੱਮ.ਐੱਸ. ਸੁਬਬੁਲਕਸ਼ਮੀ, ਸੱਯਦ ਹੈਦਰ ਰਜ਼ਾ, ਉਸਤਾਦ ਅਮਜਦ ਅਲੀ ਖ਼ਾਨ, ਬਿਰਜੂ ਮਹਾਰਾਜ, ਤੀਜਨ ਬਾਈ ਵਰਗੀਆਂ ਮਹਾਨ ਹਸਤੀਆਂ ਦਾ ਵੀ ਇੱਥੇ ਨਾਲ ਜੁੜਾਅ ਰਿਹਾ। ਇਸੇ ਕਰਕੇ ਇੰਦਿਰਾ ਕਲਾ ਸੰਗੀਤ ਯੂਨੀਵਰਸਿਟੀ ਨੂੰ ‘ਕਲਾਤੀਰਥ’ ਕਿਹਾ ਜਾਣ ਲੱਗਾ।
13 ਹਜ਼ਾਰ ਵਿਦਿਆਰਥੀਆਂ ਤੇ ਖੋਜਾਰਥੀਆਂ ਦਾ ਪਰਿਵਾਰ ਇਸ ਤਰ੍ਹਾਂ ਹੋਂਦ ’ਚ ਆਈ ਸੰਗੀਤ ਦੀ ਇਹ ਦੁਨੀਆ ਅੱਜ 13 ਹਜ਼ਾਰ ਵਿਦਿਆਰਥੀਆਂ ਤੇ ਖੋਜਾਰਥੀਆਂ ਦਾ ਪਰਿਵਾਰ ਹੈ, ਜਿਸ ’ਚ ਕਈ ਹੋਰ ਦੇਸ਼ਾਂ ਦੇ ਵਿਦਿਆਰਥੀ ਵੀ ਸ਼ਾਮਲ ਹਨ। ਇੱਥੇ ਪੰਜ ਫੈਕਲਟੀ ਤੇ 20 ਵਿਭਾਗ ਹਨ। ਸੰਗੀਤ, ਨ੍ਰਿਤ, ਲੋਕ ਸੰਗੀਤ ਤੇ ਕਲਾ ਤੋਂ ਇਲਾਵਾ ਕਲਾ ਤੇ ਦ੍ਰਿਸ਼ ਕਲਾ ਦੇ ਫੈਕਲਟੀ ਵੀ ਇਸ ’ਚ ਸ਼ਾਮਲ ਹਨ।
ਮੌਜੂਦਾ ਸਮੇਂ ’ਚ ਵੀਅਤਨਾਮ, ਫਿਜੀ, ਨੇਪਾਲ, ਮੌਰੀਸ਼ਸ, ਬੰਗਲਾਦੇਸ਼, ਦੱਖਣੀ ਅਫ਼ਰੀਕਾ ਤੇ ਸ਼੍ਰੀਲੰਕਾ ਦੇ 42 ਵਿਦਿਆਰਥੀ ਤੇ ਖੋਜਾਰਥੀ ਇੱਥੇ ਪੜ੍ਹ ਰਹੇ ਹਨ। ਪਿਛਲੇ 10 ਸਾਲਾਂ ਤੋਂ ਇੱਥੇ ਖੈਰਾਗੜ੍ਹ ਮਹੋਤਸਵ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਨ੍ਹਾਂ ਸਮਾਗਮਾਂ ’ਚ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਸਿੱਧ ਕਲਾਕਾਰ ਸ਼ਾਮਲ ਹੋਏ ਹਨ। ਇਨ੍ਹਾਂ ’ਚ ਪਾਰਸ਼ਵ ਗਾਇਕਾ ਕਵਿਤਾ ਕ੍ਰਿਸ਼ਨਮੂਰਤੀ, ਫ਼ਿਲਮਕਾਰ-ਅਦਾਕਾਰ ਤੇ ਸੰਗੀਤਕਾਰ ਪੀਯੂਸ਼ ਮਿਸ਼ਰਾ, ਪ੍ਰਸਿੱਧ ਸਰੋਦ ਵਾਦਕ ਸ਼ਿਰਾਜ਼ ਅਲੀ ਖ਼ਾਨ ਤੇ ਤਬਲਾ ਵਾਦਕ ਆਰਚਿਕ ਬੈਨਰਜੀ ਨੇ ਸ਼ਾਨਦਾਰ ਪੇਸ਼ਕਾਰੀਆਂ ਦਿੱਤੀਆਂ ਹਨ। ਇਸ ਤੋਂ ਇਲਾਵਾ ਕਈ ਵਿਦੇਸ਼ੀ ਕਲਾਕਾਰ ਵੀ ਇੱਥੇ ਸ਼ਾਮਲ ਹੁੰਦੇ ਰਹੇ ਹਨ।
ਪੰਡਿਤ ਰਵੀਸ਼ੰਕਰ ਸ਼ੁਕਲਾ ਦੀ ਵੱਡੀ ਭੂਮਿਕਾ ਰਾਜਾ ਵੀਰੇਂਦਰ ਬਹਾਦੁਰ ਸਿੰਘ ਦੀ ਪੋਤੀ ਉੱਜਵਲਾ ਸਿੰਘ ਦੱਸਦੀ ਹੈ, “ਸਾਲ 1944 ’ਚ ਸੰਗੀਤ ਸਕੂਲ ਵਜੋਂ ਇਸ ਦੀ ਸ਼ੁਰੂਆਤ ਹੋਈ ਸੀ। ਆਜ਼ਾਦ ਭਾਰਤ ’ਚ ਮੱਧ ਪ੍ਰਦੇਸ਼ ਦੇ ਤਤਕਾਲੀਨ ਮੁੱਖ ਮੰਤਰੀ ਪੰਡਿਤ ਰਵੀਸ਼ੰਕਰ ਸ਼ੁਕਲਾ ਦੀ ਯੂਨੀਵਰਸਿਟੀ ਦੀ ਸਥਾਪਨਾ ’ਚ ਵੱਡੀ ਭੂਮਿਕਾ ਰਹੀ। ਉਨ੍ਹਾਂ ਨੇ ਹੀ ਰਾਜਾ ਵੀਰੇਂਦਰ ਬਹਾਦੁਰ ਨੂੰ ਇਸ ਨੂੰ ਸੰਗੀਤ ਯੂਨੀਵਰਸਿਟੀ ਬਣਾਉਣ ਦਾ ਪ੍ਰਸਤਾਵ ਦਿੱਤਾ ਸੀ।
ਉਨ੍ਹਾਂ ਨੇ ਇਸ ਲਈ ਕੈਂਪਸ ਦੀ ਲੋੜ ਦੱਸੀ ਤਾਂ ਰਾਜਪਰਿਵਾਰ ਨੇ ਕਮਲ ਵਿਲਾਸ ਪੈਲੇਸ ਦਾਨ ਕਰਨ ਦਾ ਫ਼ੈਸਲਾ ਕੀਤਾ। ਮਹਿਲ ਦਾਨ ਕਰਨ ਤੋਂ ਪਹਿਲਾਂ ਰਾਜਾ ਸਾਹਿਬ ਨੇ ਦੂਨ ਸਕੂਲ ’ਚ ਪੜ੍ਹ ਰਹੇ ਆਪਣੇ ਦੋਵੇਂ ਪੁੱਤਰਾਂ ਰਵਿੰਦਰ ਬਹਾਦੁਰ ਤੇ ਸ਼ਿਵੇਂਦਰ ਬਹਾਦੁਰ ਨੂੰ ਸਹਿਮਤੀ ਲੈਣ ਲਈ ਬੁਲਾਇਆ। ਉਸ ਸਮੇਂ ਦੋਵੇਂ ਰਾਜਕੁਮਾਰ ਸਿਰਫ਼ 16 ਤੇ 14 ਸਾਲ ਦੇ ਸਨ। ਦੋਵੇਂ ਰਾਜਕੁਮਾਰਾਂ ਨੇ ਬਿਨਾਂ ਕਿਸੇ ਸਵਾਲ ਦੇ ਹਾਂ ’ਚ ਜਵਾਬ ਦਿੱਤਾ।
ਇਸ ਤੋਂ ਬਾਅਦ 14 ਅਕਤੂਬਰ 1956 ਨੂੰ ਇਸ ਮਹਿਲ ’ਚ ਅਧਿਕਾਰਤ ਤੌਰ ’ਤੇ ਇੰਦਿਰਾ ਸੰਗੀਤ ਯੂਨੀਵਰਸਿਟੀ ਦੀ ਸ਼ੁਰੂਆਤ ਹੋਈ ਤੇ ਇਹ ਏਸ਼ੀਆ ਮਹਾਂਦੀਪ ਦੀ ਪਹਿਲੀ ਸੰਗੀਤ ਯੂਨੀਵਰਸਿਟੀ ਬਣੀ।