USA 'ਚ ਪ੍ਰੇਮਿਕਾ ਦਾ ਬੇਰਹਿਮੀ ਨਾਲ ਕਤਲ ਕਰਕੇ ਆਗਰਾ 'ਚ ਲੁਕਿਆ ਸੀ ਕਾਤਲ, ਸੂਟਕੇਸ 'ਚੋਂ ਮਿਲੀ ਸੀ ਲਾਸ਼; ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਪਟਿਆਲਾ ਹਾਊਸ ਸਥਿਤ ਵਧੀਕ ਮੁੱਖ ਨਿਆਂਇਕ ਮੈਜਿਸਟਰੇਟ ਅਨੀਸ਼ ਭਾਸਕਰ ਮਣੀ ਤ੍ਰਿਪਾਠੀ ਨੇ ਇਹ ਹੁਕਮ ਪਾਸ ਕੀਤੇ। ਗ੍ਰਿਫ਼ਤਾਰੀ ਦੀ ਸੂਚਨਾ ਉਸਦੇ ਪਰਿਵਾਰ ਨੂੰ ਵੀ ਦਿੱਤੀ ਗਈ। ਭਾਰਤ ’ਚ ਚੱਲ ਰਹੀ ਕਾਰਵਾਈ ਅਮਰੀਕਾ ਵੱਲੋਂ ਭੇਜੇ ਗਏ ਹਵਾਲਗੀ ਦੀ ਬੇਨਤੀ 'ਤੇ ਕੀਤੀ ਗਈ ਹੈ। ਇਹ ਬੇਨਤੀ ਭਾਰਤ-ਅਮਰੀਕਾ ਹਵਾਲਗੀ ਸੰਧੀ ਦੇ ਤਹਿਤ ਕੀਤੀ ਗਈ ਸੀ।
Publish Date: Thu, 27 Aug 2026 10:41 AM (IST)
Updated Date: Thu, 27 Aug 2026 10:44 AM (IST)
ਜਾਗਰਣ ਟੀਮ, ਆਗਰਾ। ਅਮਰੀਕਾ ਦੇ ਮੈਰੀਲੈਂਡ ’ਚ ਆਪਣੀ ਸਾਬਕਾ ਪ੍ਰੇਮਿਕਾ ਨਿਕਿਤਾ ਗੋਦੀਸ਼ਾਲਾ ਦੇ ਕਤਲ ਦੇ ਮਾਮਲੇ ’ਚ ਲੋੜੀਂਦੇ ਦੋਸ਼ੀ ਅਰਜੁਨ ਸ਼ਰਮਾ ਨੂੰ ਮੰਗਲਵਾਰ ਨੂੰ ਏਕਤਾ ਥਾਣਾ ਖੇਤਰ ਦੇ ਕਹਰਈ ਤੋਂ ਹੈਦਰਾਬਾਦ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰੀ ਤੋਂ ਬਾਅਦ ਅਦਾਲਤ ਨੇ ਉਸਨੂੰ ਹਿਰਾਸਤ ’ਚ ਲੈਣ ਦਾ ਹੁਕਮ ਦਿੱਤਾ ਅਤੇ ਜ਼ਰੂਰੀ ਹਿਰਾਸਤ ਵਾਰੰਟ ਤਿਆਰ ਕਰਨ ਦੇ ਨਿਰਦੇਸ਼ ਦਿੱਤੇ।
ਪਟਿਆਲਾ ਹਾਊਸ ਸਥਿਤ ਵਧੀਕ ਮੁੱਖ ਨਿਆਂਇਕ ਮੈਜਿਸਟਰੇਟ ਅਨੀਸ਼ ਭਾਸਕਰ ਮਣੀ ਤ੍ਰਿਪਾਠੀ ਨੇ ਇਹ ਹੁਕਮ ਪਾਸ ਕੀਤੇ। ਗ੍ਰਿਫ਼ਤਾਰੀ ਦੀ ਸੂਚਨਾ ਉਸਦੇ ਪਰਿਵਾਰ ਨੂੰ ਵੀ ਦਿੱਤੀ ਗਈ। ਭਾਰਤ ’ਚ ਚੱਲ ਰਹੀ ਕਾਰਵਾਈ ਅਮਰੀਕਾ ਵੱਲੋਂ ਭੇਜੇ ਗਏ ਹਵਾਲਗੀ ਦੀ ਬੇਨਤੀ 'ਤੇ ਕੀਤੀ ਗਈ ਹੈ। ਇਹ ਬੇਨਤੀ ਭਾਰਤ-ਅਮਰੀਕਾ ਹਵਾਲਗੀ ਸੰਧੀ ਦੇ ਤਹਿਤ ਕੀਤੀ ਗਈ ਸੀ।
ਸੁਣਵਾਈ ਦੌਰਾਨ ਸੀਬੀਆਈ ਨੇ ਅਦਾਲਤ ਨੂੰ ਦੱਸਿਆ ਕਿ ਦੋਸ਼ੀ ਹੈਦਰਾਬਾਦ ਦੇ ਲਾਲਾਗੁਡਾ ਥਾਣੇ ’ਚ ਦਰਜ ਇੱਕ ਹੋਰ ਐੱਫ.ਆਈ.ਆਰ. ’ਚ ਵੀ ਸ਼ੱਕੀ ਹੈ। ਲਾਲਾਗੁਡਾ ਪੁਲਿਸ ਦੇ ਇੱਕ ਅਧਿਕਾਰੀ ਨੇ ਆਗਰਾ ਸਥਿਤ ਉਸਦੇ ਪਤੇ 'ਤੇ ਨੋਟਿਸ ਦਿੱਤਾ ਸੀ। ਇਸ ਤੋਂ ਬਾਅਦ ਰੋਜ਼ਾਨਾ ਡਾਇਰੀ ’ਚ ਐਂਟਰੀ ਕੀਤੀ ਗਈ ਅਤੇ ਗੈਰ-ਜ਼ਮਾਨਤੀ ਵਾਰੰਟ ਦੀ ਤਾਮੀਲ ਲਈ ਛਾਪੇਮਾਰੀ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ।
ਮਾਮਲਾ ਅਸਲ ’ਚ ਹੈਦਰਾਬਾਦ ਦੀ ਰਹਿਣ ਵਾਲੀ 27 ਸਾਲਾ ਨਿਕਿਤਾ ਗੋਦੀਸ਼ਾਲਾ ਦੀ ਅਮਰੀਕਾ ਦੇ ਮੈਰੀਲੈਂਡ ਸਥਿਤ ਹਾਵਰਡ ਕਾਉਂਟੀ ’ਚ ਕਤਲ ਨਾਲ ਜੁੜਿਆ ਹੈ। ਅਮਰੀਕੀ ਪੁਲਿਸ ਦੇ ਅਨੁਸਾਰ, ਨਿਕਿਤਾ ਦਾ ਕਤਲ 31 ਦਸੰਬਰ 2025 ਅਤੇ ਦੋ ਜਨਵਰੀ 2026 ਦੇ ਵਿਚਕਾਰ ਕੀਤਾ ਗਿਆ ਸੀ। ਦੋਸ਼ ਹੈ ਕਿ ਉਸਦੇ ਸਾਬਕਾ ਪ੍ਰੇਮੀ ਅਰਜੁਨ ਸ਼ਰਮਾ ਨੇ ਉਸ 'ਤੇ ਚਾਕੂ ਨਾਲ ਹਮਲਾ ਕੀਤਾ, ਫਿਰ ਉਸਦੇ ਲਾਪਤਾ ਹੋਣ ਦੀ ਸੂਚਨਾ ਦੇ ਕੇ 3 ਜਨਵਰੀ ਨੂੰ ਅਮਰੀਕਾ ਤੋਂ ਭਾਰਤ ਆ ਗਿਆ ਸੀ।
ਪੁਲਿਸ ਦੇ ਅਨੁਸਾਰ, ਤਲਾਸ਼ੀ ਦੌਰਾਨ ਨਿਕਿਤਾ ਦੀ ਲਾਸ਼ ਅਰਜੁਨ ਸ਼ਰਮਾ ਦੇ ਅਪਾਰਟਮੈਂਟ ਦੀ ਅਲਮਾਰੀ ’ਚ ਰੱਖੇ ਇੱਕ ਸੂਟਕੇਸ ’ਚੋਂ ਬਰਾਮਦ ਹੋਈ ਸੀ। ਨਿਕਿਤਾ ਦੇ ਪਿਤਾ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੀ ਧੀ ਅਤੇ ਅਰਜੁਨ ਸ਼ਰਮਾ ਵਿਚਕਾਰ ਪੈਸਿਆਂ ਨੂੰ ਲੈ ਕੇ ਵਿਵਾਦ ਹੋਇਆ ਸੀ ਅਤੇ ਇਸੇ ਵਿਵਾਦ ਦੇ ਚਲਦਿਆਂ ਉਸਦਾ ਕਤਲ ਕੀਤਾ ਗਿਆ। ਨਿਕਿਤਾ ਦੀ ਲਾਸ਼ ਮਿਲਣ ਤੋਂ ਬਾਅਦ ਅਮਰੀਕੀ ਅਧਿਕਾਰੀਆਂ ਨੇ ਅੰਤਰਰਾਸ਼ਟਰੀ ਪੱਧਰ 'ਤੇ ਉਸਦੀ ਭਾਲ ਸ਼ੁਰੂ ਕੀਤੀ ਸੀ।
ਇਸ ਤੋਂ ਬਾਅਦ ਅਰਜੁਨ ਸ਼ਰਮਾ ਦੇ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ। ਅਰਜੁਨ ਦੇ ਖ਼ਿਲਾਫ਼ ਅਮਰੀਕਾ ’ਚ ਕਤਲ ਦੇ ਦੋ ਅਤੇ ਹਮਲੇ ਦੇ ਦੋ ਦੋਸ਼ ਹਨ। ਦਿੱਲੀ ਦੀ ਅਦਾਲਤ ਨੇ ਕਿਹਾ ਕਿ ਦੋਸ਼ੀ 'ਤੇ ਅਮਰੀਕਾ ਵਿੱਚ ਜਿਨ੍ਹਾਂ ਅਪਰਾਧਾਂ ਦੇ ਦੋਸ਼ ਹਨ, ਉਨ੍ਹਾਂ ’ਚ ਇੱਕ ਸਾਲ ਤੋਂ ਵੱਧ ਦੀ ਸਜ਼ਾ ਦੀ ਵਿਵਸਥਾ ਹੈ। ਭਾਰਤ-ਅਮਰੀਕਾ ਹਵਾਲਗੀ ਸੰਧੀ ਦੇ ਤਹਿਤ ਵੀ ਅਜਿਹੇ ਅਪਰਾਧਾਂ ਵਿੱਚ ਹਵਾਲਗੀ ਦੀ ਬੇਨਤੀ ਕੀਤੀ ਜਾ ਸਕਦੀ ਹੈ।
ਆਗਰਾ ’ਚ ਦੋ ਘੰਟੇ ਰਹੀ ਹੈਦਰਾਬਾਦ ਪੁਲਿਸ
ਮੈਰੀਲੈਂਡ ’ਚ ਸਾਬਕਾ ਪ੍ਰੇਮਿਕਾ ਦੇ ਕਤਲ ਦੇ ਦੋਸ਼ੀ ਅਰਜੁਨ ਸ਼ਰਮਾ ਨੂੰ ਗ੍ਰਿਫ਼ਤਾਰ ਕਰਨ ਲਈ ਹੈਦਰਾਬਾਦ ਪੁਲਿਸ ਮੰਗਲਵਾਰ ਸਵੇਰੇ 11 ਵਜੇ ਤੱਕ ਏਕਤਾ ਥਾਣਾ ਖੇਤਰ ਦੇ ਕਹਰਈ ਪਹੁੰਚੀ ਸੀ। ਹੈਦਰਾਬਾਦ ਪੁਲਿਸ ਇੱਥੇ ਦੋ ਘੰਟੇ ਤੋਂ ਵੱਧ ਸਮਾਂ ਰਹੀ। ਇਸ ਦੌਰਾਨ ਏਕਤਾ ਥਾਣੇ ਦੀ ਪੁਲਿਸ ਵੀ ਮੌਜੂਦ ਸੀ, ਤਾਂ ਜੋ ਪਿੰਡ ਵਾਸੀ ਕਿਸੇ ਤਰ੍ਹਾਂ ਦਾ ਹੰਗਾਮਾ ਜਾਂ ਅੜਿੱਕਾ ਨਾ ਪੈਦਾ ਕਰਨ।