ਦੋਸਤਾਂ ਨੇ ਕੀਤੀ ਕੈਬ ਬੁੱਕ ਤਾਂ ਭੜਕਿਆ ਥਾਰ ਦਾ ਡਰਾਈਵਰ, ਪੰਜ ਵਾਰ ਮਾਰੀ ਜ਼ੋਰਦਾਰ ਟੱਕਰ; ਏਅਰਬੈਗ ਖੁੱਲ੍ਹੇ, ਵਾਲ-ਵਾਲ ਬਚੇ ਸਾਰੇ, ਸਾਰੇ ਦੋਸਤ ਫਰਾਰ
ਗੁਰੁਗ੍ਰਾਮ ਦੇ ਸੈਕਟਰ-89 ’ਚ ਇੱਕ ਥਾਰ ਚਾਲਕ ਨੇ ਦੋਸਤਾਂ ਵੱਲੋਂ ਕੈਬ ਬੁੱਕ ਕਰਨ ’ਤੇ ਗੁੱਸੇ ’ਚ ਆ ਕੇ ਕੈਬ ਨੂੰ ਕਈ ਵਾਰ ਟੱਕਰਾਂ ਮਾਰ ਦਿੱਤੀਆਂ। ਇਸ ਕਾਰਨ ਕੈਬ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਡਰਾਈਵਰ ਜ਼ਖ਼ਮੀ ਹੋ ਗਿਆ। ਪੁਲਿਸ ਹੁਣ ਥਾਰ ਚਾਲਕ ਦੀ ਭਾਲ ਕਰ ਰਹੀ ਹੈ।
Publish Date: Sat, 19 Sep 2026 04:51 PM (IST)
Updated Date: Sat, 19 Sep 2026 04:55 PM (IST)
ਜਾਗਰਣ ਸੰਵਾਦਦਾਤਾ, ਗੁਰੁਗ੍ਰਾਮ : ਖੇੜਕੀਦੌਲਾ ਥਾਣਾ ਖੇਤਰ ਦੇ ਸੈਕਟਰ-89 ’ਚ ਸ਼ੁੱਕਰਵਾਰ ਰਾਤ ਥਾਰ ਦੇ ਡਰਾਈਵਰ ਨੇ ਸੜਕ ’ਤੇ ਜੰਮ ਕੇ ਹੰਗਾਮਾ ਕੀਤਾ। ਦੋਸ਼ ਹੈ ਕਿ ਸ਼ਰਾਬ ਦੇ ਨਸ਼ੇ ’ਚ ਥਾਰ ਚਲਾ ਰਿਹਾ ਨੌਜਵਾਨ ਆਪਣੇ ਦੋਸਤਾਂ ਵੱਲੋਂ ਕੈਬ ਬੁੱਕ ਕਰਨ ਤੋਂ ਨਾਰਾਜ਼ ਸੀ। ਇਸੇ ਕਾਰਨ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਮੁਲਜ਼ਮ ਨੇ ਥਾਰ ਨਾਲ ਕੈਬ ਨੂੰ ਕਈ ਵਾਰ ਟੱਕਰ ਮਾਰ ਕੇ ਨੁਕਸਾਨੀ ਕਰ ਦਿੱਤਾ। ਖੁਸ਼ਕਿਸਮਤੀ ਨਾਲ ਕੈਬ ਡਰਾਈਵਰ ਤੇ ਉਸ ’ਚ ਸਵਾਰ ਦੋ ਨੌਜਵਾਨ ਵਾਲ-ਵਾਲ ਬਚ ਗਏ।
ਥਾਰ ’ਚ ਸਵਾਰ ਹੋ ਕੇ ਆਏ ਸਨ ਚਾਰੇ ਦੋਸਤ ਚਸ਼ਮਦੀਦਾਂ ਅਨੁਸਾਰ, ਦਿੱਲੀ ਨੰਬਰ ਵਾਲੀ ਥਾਰ ਗੱਡੀ ’ਚ ਸਵਾਰ ਹੋ ਕੇ ਚਾਰ ਨੌਜਵਾਨ ਸੈਕਟਰ-89 ’ਚ ਆਏ ਸਨ। ਉੱਥੇ ਪਹੁੰਚਣ ਤੋਂ ਬਾਅਦ ਕਿਸੇ ਗੱਲ ਨੂੰ ਲੈ ਕੇ ਦੋਸਤਾਂ ਵਿਚਕਾਰ ਬਹਿਸ ਹੋ ਗਈ। ਵਿਵਾਦ ਇੰਨਾ ਵਧ ਗਿਆ ਕਿ ਦੋ ਨੌਜਵਾਨ ਥਾਰ ਤੋਂ ਹੇਠਾਂ ਉਤਰ ਗਏ। ਉਨ੍ਹਾਂ ਨੇ ਗੁੱਸੇ ’ਚ ਘਰ ਵਾਪਸ ਜਾਣ ਲਈ ਰੈਪਿਡੋ ਐਪ ਰਾਹੀਂ ਕੈਬ ਬੁੱਕ ਕੀਤੀ ਤੇ ਸੜਕ ਕਿਨਾਰੇ ਖੜ੍ਹ ਕੇ ਉਸ ਦੀ ਉਡੀਕ ਕਰਨ ਲੱਗੇ।
ਟੱਕਰ ਨਾਲ ਖੁੱਲ੍ਹ ਗਏ ਏਅਰਬੈਗ ਕੁਝ ਸਮੇਂ ਬਾਅਦ ਜਿਵੇਂ ਹੀ ਕੈਬ ਮੌਕੇ ’ਤੇ ਪਹੁੰਚੀ ਤੇ ਦੋਵੇਂ ਨੌਜਵਾਨ ਉਸ ’ਚ ਬੈਠੇ, ਥਾਰ ਚਲਾ ਰਹੇ ਉਨ੍ਹਾਂ ਦੇ ਸਾਥੀ ਦਾ ਗੁੱਸਾ ਹੋਰ ਵਧ ਗਿਆ। ਉਸ ਨੇ ਗੁੱਸੇ ’ਚ ਆ ਕੇ ਥਾਰ ਨਾਲ ਕੈਬ ਨੂੰ ਟੱਕਰਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਉਹ ਪੰਜ ਤੋਂ ਵੱਧ ਵਾਰ ਆਪਣੀ ਗੱਡੀ ਪਿੱਛੇ ਲੈ ਗਿਆ ਤੇ ਕੈਬ ਨੂੰ ਜ਼ੋਰਦਾਰ ਟੱਕਰਾਂ ਮਾਰੀਆਂ। ਟੱਕਰਾਂ ਕਾਰਨ ਕੈਬ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨੀ ਹੋ ਗਿਆ ਤੇ ਉਸ ਦੇ ਦੋਵੇਂ ਏਅਰਬੈਗ ਖੁੱਲ੍ਹ ਗਏ। ਇਸ ਦੌਰਾਨ ਦੋਵੇਂ ਨੌਜਵਾਨ ਕੈਬ ’ਚੋਂ ਬਾਹਰ ਨਿਕਲ ਆਏ, ਜਦਕਿ ਕੈਬ ਡਰਾਈਵਰ ਗੱਡੀ ’ਚ ਹੀ ਫਸਿਆ ਰਹਿ ਗਿਆ। ਘਟਨਾ ’ਚ ਉਸ ਨੂੰ ਸੱਟਾਂ ਲੱਗੀਆਂ ਹਨ।
ਵਾਇਰਲ ਵੀਡੀਓ ਦੀ ਹੋ ਰਹੀ ਚਰਚਾ ਪੂਰੀ ਘਟਨਾ ਦੌਰਾਨ ਨੇੜੇ ਮੌਜੂਦ ਰਾਹਗੀਰਾਂ ਤੇ ਸਥਾਨਕ ਲੋਕਾਂ ਨੇ ਆਪਣੇ ਮੋਬਾਈਲ ਫ਼ੋਨਾਂ ਨਾਲ ਇਸ ਘਟਨਾ ਦੀ ਵੀਡੀਓ ਬਣਾ ਲਈ। ਵੀਡੀਓ ’ਚ ਦਿਖਾਈ ਦੇ ਰਿਹਾ ਹੈ ਕਿ ਥਾਰ ਚਾਲਕ ਸ਼ਰੇਆਮ ਗੁੰਡਾਗਰਦੀ ਕਰ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਥਾਰ ’ਚ ਸਵਾਰ ਨੌਜਵਾਨ ਨਸ਼ੇ ’ਚ ਸਨ। ਘਟਨਾ ਤੋਂ ਤੁਰੰਤ ਬਾਅਦ ਪੀੜਤ ਕੈਬ ਡਰਾਈਵਰ ਨੇ ਖੇੜਕੀਦੌਲਾ ਥਾਣਾ ਪੁਲਿਸ ਨੂੰ ਮਾਮਲੇ ਦੀ ਸੂਚਨਾ ਦਿੱਤੀ। ਪੁਲਿਸ ਦੀ ਇੱਕ ਟੀਮ ਮੌਕੇ ’ਤੇ ਪਹੁੰਚੀ, ਪਰ ਉਦੋਂ ਤੱਕ ਮੁਲਜ਼ਮ ਥਾਰ ਚਾਲਕ ਆਪਣੇ ਸਾਥੀ ਨਾਲ ਮੌਕੇ ਤੋਂ ਫ਼ਰਾਰ ਹੋ ਚੁੱਕਾ ਸੀ। ਖੇੜਕੀਦੌਲਾ ਥਾਣਾ ਪੁਲਿਸ ਅਨੁਸਾਰ, ਵਾਰਦਾਤ ’ਚ ਵਰਤੀ ਗਈ ਥਾਰ ਗੱਡੀ ਦਿੱਲੀ ਨੰਬਰ ’ਤੇ ਰਜਿਸਟਰਡ ਹੈ। ਪੁਲਿਸ ਨੇ ਗੱਡੀ ਦੇ ਨੰਬਰ ਦੇ ਆਧਾਰ ’ਤੇ ਇਸ ਦੇ ਮਾਲਕ ਤੇ ਮੁਲਜ਼ਮ ਨੌਜਵਾਨਾਂ ਦੀ ਪਛਾਣ ਸ਼ੁਰੂ ਕਰ ਦਿੱਤੀ ਹੈ। ਥਾਣਾ ਪੁਲਿਸ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ। ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।