'ਅੱਤਵਾਦੀ ਚਾਹੇ ਆਸਮਾਨ ’ਚ ਹੋਣ ਜਾਂ ਪਾਤਾਲ ’ਚ... ਛੱਡਣਾ ਨਹੀਂ'; ਪਹਿਲਗਾਮ ਹਮਲੇ ਤੋਂ ਬਾਅਦ PM Modi ਨੇ ਦਿੱਤੇ ਸਨ ਸਖ਼ਤ ਨਿਰਦੇਸ਼; ਡੋਭਾਲ ਦਾ ਖੁਲਾਸਾ
ਡੋਭਾਲ ਨੇ ਪੀ.ਐੱਮ. ਮੋਦੀ ਦੇ ਸ਼ਬਦਾਂ ਨੂੰ ਦੁਹਰਾਉਂਦਿਆਂ ਕਿਹਾ, "ਏਅਰਪੋਰਟ 'ਤੇ ਹੀ ਸਾਡੀ ਮੀਟਿੰਗ ਹੋਈ। ਸਭ ਤੋਂ ਪਹਿਲਾਂ ਉਹ ਸਾਰੇ ਤੱਥ ਜਾਨਣਾ ਚਾਹੁੰਦੇ ਸਨ ਅਤੇ ਫਿਰ ਉਨ੍ਹਾਂ ਦਾ ਮੈਨੂੰ ਪਹਿਲਾ ਸਵਾਲ ਸੀ ਕਿ ਇਹ ਕਿਸ ਨੇ ਕੀਤਾ ਹੈ। ਅਸੀਂ ਉਨ੍ਹਾਂ ਦੇ ਪਿੱਛੇ ਜਾਵਾਂਗੇ। ਚਾਹੇ ਉਹ ਜ਼ਮੀਨ 'ਤੇ ਹੋਣ, ਆਸਮਾਨ ਵਿੱਚ ਹੋਣ ਜਾਂ ਪਾਤਾਲ ਵਿੱਚ... ਉਹ ਜਿੱਥੇ ਵੀ ਹੋਣ, ਅਸੀਂ ਉਨ੍ਹਾਂ ਨੂੰ ਮੁਆਫ਼ ਨਹੀਂ ਕਰਾਂਗੇ।"
Publish Date: Sun, 16 Aug 2026 12:01 PM (IST)
Updated Date: Sun, 16 Aug 2026 12:04 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ 'ਆਪ੍ਰੇਸ਼ਨ ਸਿੰਦੂਰ' ਦੇ ਪਿੱਛੇ ਦੀ ਰਣਨੀਤਕ ਸੋਚ ਬਾਰੇ ਪਹਿਲੀ ਵਾਰ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪਹਿਲਗਾਮ ਅੱਤਵਾਦੀ ਹਮਲੇ ਦੇ ਜਵਾਬ ’ਚ ਸ਼ੁਰੂ ਕੀਤੇ ਗਏ 88 ਘੰਟੇ ਦੇ ਫ਼ੌਜੀ ਅਭਿਆਨ ਲਈ ਭਾਰਤ ਨੇ ਕਿਵੇਂ ਆਪਣੇ ਟੀਚੇ ਤੈਅ ਕੀਤੇ ਅਤੇ ਇਸ ਲਈ ਜ਼ਿੰਮੇਵਾਰ ਅੱਤਵਾਦੀ ਢਾਂਚੇ ਨੂੰ ਤਬਾਹ ਕਰਨ ਦੀ ਯੋਜਨਾ ਬਣਾਈ।
ਪਹਿਲਗਾਮ ਕਾਂਡ ਦੇ ਬਾਅਦ ਦੇ ਤਣਾਅਪੂਰਨ ਮਾਹੌਲ ਨੂੰ ਯਾਦ ਕਰਦਿਆਂ ਡੋਭਾਲ ਨੇ ਪ੍ਰਧਾਨ ਮੰਤਰੀ ਮੋਦੀ ਉਸ ਤਤਕਾਲ ਪ੍ਰਤੀਕਿਰਿਆ ਦਾ ਵੇਰਵਾ ਦਿੱਤਾ ਜਦੋਂ ਉਨ੍ਹਾਂ ਨੇ ਆਪਣੀ ਵਿਦੇਸ਼ ਯਾਤਰਾ ਵਿਚਕਾਰ ਹੀ ਛੱਡ ਦਿੱਤੀ ਸੀ।
'ਅਸੀਂ ਅੱਤਵਾਦੀਆਂ ਨੂੰ ਮੁਆਫ਼ ਨਹੀਂ ਕਰਾਂਗੇ'
ਡੋਭਾਲ ਨੇ ਪੀ.ਐੱਮ. ਮੋਦੀ ਦੇ ਸ਼ਬਦਾਂ ਨੂੰ ਦੁਹਰਾਉਂਦਿਆਂ ਕਿਹਾ, "ਏਅਰਪੋਰਟ 'ਤੇ ਹੀ ਸਾਡੀ ਮੀਟਿੰਗ ਹੋਈ। ਸਭ ਤੋਂ ਪਹਿਲਾਂ ਉਹ ਸਾਰੇ ਤੱਥ ਜਾਨਣਾ ਚਾਹੁੰਦੇ ਸਨ ਅਤੇ ਫਿਰ ਉਨ੍ਹਾਂ ਦਾ ਮੈਨੂੰ ਪਹਿਲਾ ਸਵਾਲ ਸੀ ਕਿ ਇਹ ਕਿਸ ਨੇ ਕੀਤਾ ਹੈ। ਅਸੀਂ ਉਨ੍ਹਾਂ ਦੇ ਪਿੱਛੇ ਜਾਵਾਂਗੇ। ਚਾਹੇ ਉਹ ਜ਼ਮੀਨ 'ਤੇ ਹੋਣ, ਆਸਮਾਨ ਵਿੱਚ ਹੋਣ ਜਾਂ ਪਾਤਾਲ ਵਿੱਚ... ਉਹ ਜਿੱਥੇ ਵੀ ਹੋਣ, ਅਸੀਂ ਉਨ੍ਹਾਂ ਨੂੰ ਮੁਆਫ਼ ਨਹੀਂ ਕਰਾਂਗੇ।"
ਅਜੀਤ ਡੋਭਾਲ ਨੇ ਕਿਹਾ, "ਸਾਡੀਆਂ ਖੁਫ਼ੀਆ ਏਜੰਸੀਆਂ ਦਾ ਧੰਨਵਾਦ... ਉਨ੍ਹਾਂ ਨੇ ਸ਼ਾਨਦਾਰ ਕੰਮ ਕੀਤਾ ਅਤੇ ਬਹੁਤ ਘੱਟ ਸਮੇਂ ’ਚ ਅਸੀਂ ਦੋਸ਼ੀਆਂ ਦੀ ਪਛਾਣ ਕਰਨ ਅਤੇ ਸਟੀਕ ਕਾਰਵਾਈ ਕਰਨ ’ਚ ਸਫ਼ਲ ਰਹੇ।" ਪਹਿਲਗਾਮ ਹਮਲੇ ਦੇ ਜਵਾਬ ਦੀ ਯੋਜਨਾ ਬਣਾਉਣ ਵਾਲਿਆਂ ’ਚੋਂ ਇੱਕ ਮੰਨੇ ਜਾਣ ਵਾਲੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਸੰਕੇਤ ਦਿੱਤਾ ਕਿ ਭਾਰਤ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਸੀ।
'ਅਸੀਂ ਖ਼ੂਨ ਦੀ ਆਖ਼ਰੀ ਬੂੰਦ ਤੱਕ ਲੜਦੇ'
ਡੋਭਾਲ ਨੇ ਕਿਹਾ, "ਇੱਕ ਵਾਰ ਜਦੋਂ ਇਹ ਸ਼ੁਰੂ ਹੋ ਜਾਂਦਾ ਹੈ ਤਾਂ ਅਸੀਂ ਕਿਸੇ ਦੇਸ਼ ਦੀ ਪ੍ਰਭੂਸੱਤਾ ਦੀ ਰੱਖਿਆ ਲਈ ਜਿੰਨੀ ਦੂਰ ਤੱਕ ਜਾਣਾ ਪਵੇ, ਜਾਣ ਲਈ ਤਿਆਰ ਰਹਿੰਦੇ ਹਾਂ... ਅਤੇ ਇਸਦੀ ਕੋਈ ਸੀਮਾ ਨਹੀਂ ਹੁੰਦੀ। ਅਸੀਂ ਖ਼ੂਨ ਦੀ ਆਖ਼ਰੀ ਬੂੰਦ ਤੱਕ ਲੜਦੇ। ਭਾਰਤ ਦੇ ਵਧੇਰੇ ਸਹਿਣਸ਼ੀਲ ਹੋਣ ਨੂੰ ਉਸਦੀ ਕਮਜ਼ੋਰੀ ਨਹੀਂ ਸਮਝਿਆ ਜਾਣਾ ਚਾਹੀਦਾ।"
ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਜਿਨ੍ਹਾਂ ਅੱਤਵਾਦੀਆਂ ਨੇ ਲੋਕਾਂ ਨੂੰ ਉਨ੍ਹਾਂ ਦੇ ਵਿਸ਼ਵਾਸ ਦੇ ਆਧਾਰ 'ਤੇ ਨਿਸ਼ਾਨਾ ਬਣਾਇਆ, ਉਨ੍ਹਾਂ ਨੇ ਦੇਸ਼ ਦੀ ਸਹਿਣਸ਼ੀਲਤਾ ਦੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਅਪਰਾਧੀਆਂ ਨੇ ਭਾਰਤੀ ਲੀਡਰਸ਼ਿਪ ਨੂੰ ਦਲੇਰੀ ਨਾਲ ਚੁਣੌਤੀ ਦਿੱਤੀ ਸੀ।
'ਅਸੀਂ ਬਰਦਾਸ਼ਤ ਨਹੀਂ ਕਰ ਸਕਦੇ'
ਐੱਨ.ਐੱਸ.ਏ. ਨੇ ਯਾਦ ਕਰਦਿਆਂ ਦੱਸਿਆ, "ਉਨ੍ਹਾਂ (ਪਹਿਲਗਾਮ ਦੇ ਅੱਤਵਾਦੀਆਂ) ਨੇ ਪੀੜਤਾਂ ਨੂੰ ਕਿਹਾ ਸੀ ਕਿ ਜਾ ਕੇ ਮੋਦੀ ਨੂੰ ਕਹਿ ਦਿਓ ਕਿ ਉਹ ਜੋ ਕਰ ਸਕਦੇ ਹਨ, ਕਰ ਲੈਣ।" ਡੋਭਾਲ ਨੇ ਕਿਹਾ ਕਿ ਭਾਰਤ ਨੇ ਸ਼ੁਰੂਆਤ ਵਿੱਚ ਹੀ ਤੈਅ ਕਰ ਲਿਆ ਸੀ ਕਿ ਇਹ ਮੁਹਿੰਮ ਪਹਿਲਗਾਮ ਹਮਲੇ ਨਾਲ ਜੁੜੇ ਦੁਸ਼ਮਣ ਦੇ ਕੈਂਪਾਂ ਨੂੰ ਤਬਾਹ ਕਰਨ 'ਤੇ ਕੇਂਦ੍ਰਿਤ ਹੋਵੇਗੀ। ਇਹ ਹਮਲਾ 22 ਅਪ੍ਰੈਲ, 2025 ਨੂੰ ਹੋਇਆ ਸੀ ਅਤੇ ਇਸ ਵਿੱਚ 26 ਬੇਕਸੂਰ ਲੋਕਾਂ ਦੀ ਜਾਨ ਚਲੀ ਗਈ ਸੀ।
ਉਨ੍ਹਾਂ ਕਿਹਾ, "ਅਸੀਂ ਚਾਹੁੰਦੇ ਸੀ ਕਿ ਪਾਕਿਸਤਾਨ ਦੀ ਫ਼ੌਜ ਇਹ ਸਮਝੇ ਕਿ ਅੱਤਵਾਦ ਨੂੰ ਇਹ ਸਮਰਥਨ ਜਾਂ ਅੱਤਵਾਦੀਆਂ ਦੇ ਖ਼ਿਲਾਫ਼ ਅਸਰਦਾਰ ਕਾਰਵਾਈ ਨਾ ਕਰ ਪਾਉਣਾ ਅਜਿਹੀ ਗੱਲ ਹੈ ਜਿਸ ਨੂੰ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ... ਅਸਲ ’ਚ, ਦੁਨੀਆ ਦਾ ਨਜ਼ਰੀਆ ਬਿਲਕੁਲ ਸਾਫ਼ ਹੈ: ਭਾਰਤ ਦੀ ਉਦਾਰਤਾ ਜਾਂ ਜ਼ਿਆਦਾ ਸਹਿਣਸ਼ੀਲਤਾ ਨੂੰ ਉਸਦੀ ਕਮਜ਼ੋਰੀ ਨਹੀਂ ਸਮਝਣਾ ਚਾਹੀਦਾ।"