- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਰਨਾਟਕ ਦੇ ਧਾਰਵਾੜ ਜ਼ਿਲ੍ਹੇ ’ਚ ਲੋਕਾਯੁਕਤ ਨੇ ਵੱਡੀ ਕਾਰਵਾਈ ਕਰਦਿਆਂ ਤਹਿਸੀਲਦਾਰ ਸਚਿਦਾਨੰਦ ਕੁਚਨੂਰ ਨੂੰ 50 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਇਹ ਰਿਸ਼ਵਤ ਜ਼ਮੀਨ ਦੇ ਰਿਕਾਰਡ ’ਚ ਸੁਧਾਰ ਕਰਨ ਦੇ ਬਦਲੇ ਮੰਗੀ ਗਈ ਸੀ।

ਡਿਜੀਟਲ ਡੈਸਕ, ਬੈਂਗਲੁਰੂ : ਕਰਨਾਟਕ ਦੇ ਧਾਰਵਾੜ ਜ਼ਿਲ੍ਹੇ ’ਚ ਲੋਕਾਯੁਕਤ ਨੇ ਵੱਡੀ ਕਾਰਵਾਈ ਕੀਤੀ ਹੈ। ਇੱਥੇ ਧਾਰਵਾੜ ਦੇ ਤਹਿਸੀਲਦਾਰ ਨੂੰ 50 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਿਆ ਗਿਆ ਹੈ। ਲੋਕਾਯੁਕਤ ਮੁਤਾਬਕ, ਤਹਿਸੀਲਦਾਰ ਸਚਿਦਾਨੰਦ ਕੁਚਨੂਰ ਨੇ ਜ਼ਮੀਨ ਦੇ ਰਿਕਾਰਡ ’ਚ ਸੁਧਾਰ ਕਰਨ ਦੇ ਬਦਲੇ ਇਹ ਰਕਮ ਮੰਗੀ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ਲੋਕਾਯੁਕਤ ਨੇ ਜਾਲ ਵਿਛਾਇਆ ਤੇ ਤਹਿਸੀਲਦਾਰ ਨੂੰ ਨਕਦੀ ਲੈਂਦਿਆਂ ਰੰਗੇ ਹੱਥੀਂ ਫੜ ਲਿਆ।
ਡਿਵੈਲਪਰ ਦੀ ਸ਼ਿਕਾਇਤ ਤੋਂ ਬਾਅਦ ਕਾਰਵਾਈ
ਲੋਕਾਯੁਕਤ ਐੱਸਪੀ ਸਿੱਧਲਿੰਗੱਪਾ ਨੇ ਬੁੱਧਵਾਰ ਦੇਰ ਰਾਤ ਕਾਰਵਾਈ ਦੀ ਜਾਣਕਾਰੀ ਦਿੱਤੀ। ਲੋਕਾਯੁਕਤ ਨੇ ਦੱਸਿਆ ਕਿ ਇੱਕ ਡਿਵੈਲਪਰ ਨੇ ਸ਼ਿਕਾਇਤ ਕੀਤੀ ਸੀ ਕਿ ਉਹ ਧਾਰਵਾੜ ਤਾਲੁਕ ਦੇ ਯਾਰਿਕੋੱਪਾ ’ਚ ਜ਼ਮੀਨ ਦੇ ਰਿਕਾਰਡ ’ਚ ਸੁਧਾਰ ਕਰਵਾਉਣਾ ਚਾਹੁੰਦਾ ਸੀ, ਜਿਸ ਲਈ ਤਹਿਸੀਲਦਾਰ ਨੇ ਕਥਿਤ ਤੌਰ 'ਤੇ ਇੱਕ ਏਕੜ ਜ਼ਮੀਨ ਤੇ 50 ਲੱਖ ਰੁਪਏ ਦੀ ਮੰਗ ਕੀਤੀ ਸੀ। ਸ਼ਿਕਾਇਤਕਰਤਾ ਨੂੰ ਕਿਹਾ ਗਿਆ ਸੀ ਕਿ ਰਿਕਾਰਡ ’ਚ ਸੁਧਾਰ ਤੇ ਜ਼ਮੀਨ ਦੀ ਵੰਡ ਦਾ ਕੰਮ ਕਰਵਾਉਣ ਲਈ ਇਹ ਰਕਮ ਦੇਣੀ ਪਵੇਗੀ। ਡਿਵੈਲਪਰ ਨੇ ਲਗਭਗ 33 ਏਕੜ ਜ਼ਮੀਨ ਖਰੀਦੀ ਸੀ। ਇਸ ਜ਼ਮੀਨ ਦੇ ਰਿਕਾਰਡ ’ਚ ਖੇਤੀਯੋਗ ਤੇ ਖਰਾਬ ਹਿੱਸੇ ਨੂੰ ਲੈ ਕੇ ਸੁਧਾਰ ਦੀ ਲੋੜ ਸੀ। ਇਸੇ ਸਿਲਸਿਲੇ ’ਚ ਉਹ ਅਧਿਕਾਰੀਆਂ ਕੋਲ ਗਿਆ ਸੀ।
ਸ਼ਿਕਾਇਤ ਤੋਂ ਬਾਅਦ ਵਿਛਾਇਆ ਜਾਲ
ਡਿਵੈਲਪਰ ਦੀ ਸ਼ਿਕਾਇਤ ਤੋਂ ਬਾਅਦ ਲੋਕਾਯੁਕਤ ਨੇ ਮਾਮਲਾ ਦਰਜ ਕੀਤਾ ਤੇ ਕਾਰਵਾਈ ਦੀ ਤਿਆਰੀ ਸ਼ੁਰੂ ਕੀਤੀ। ਤਹਿਸੀਲਦਾਰ ਨੇ ਸ਼ਿਕਾਇਤਕਰਤਾ ਨੂੰ ਪੈਸੇ ਦੇਣ ਲਈ KCD ਗਰਾਊਂਡ ਦੇ ਨੇੜੇ ਬੁਲਾਇਆ ਸੀ। ਸ਼ਿਕਾਇਤਕਰਤਾ ਤੈਅ ਸਮੇਂ 'ਤੇ 50 ਲੱਖ ਰੁਪਏ ਲੈ ਕੇ ਉੱਥੇ ਪਹੁੰਚਿਆ। ਪੂਰੀ ਰਕਮ ਇੱਕ ਲਾਲ ਰੰਗ ਦੇ ਬੈਗ ’ਚ ਰੱਖੀ ਗਈ ਸੀ। ਸ਼ਿਕਾਇਤਕਰਤਾ ਨੇ ਇਹ ਬੈਗ ਤਹਿਸੀਲਦਾਰ ਨੂੰ ਸੌਂਪ ਦਿੱਤਾ ਤੇ ਤਹਿਸੀਲਦਾਰ ਨੇ ਬੈਗ ਲੈ ਕੇ ਰਕਮ ਆਪਣੇ ਬੈਗ ’ਚ ਰੱਖ ਲਈ। ਇਸੇ ਦੌਰਾਨ ਲੋਕਾਯੁਕਤ ਦੀ ਟੀਮ ਨੇ ਉਸ ਨੂੰ ਫੜ ਲਿਆ।
ਤਹਿਸੀਲਦਾਰ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ
ਲੋਕਾਯੁਕਤ ਅਧਿਕਾਰੀਆਂ ਨੇ ਰਿਸ਼ਵਤ ਦੀ ਰਕਮ ਜ਼ਬਤ ਕਰਨ ਦੇ ਨਾਲ ਹੀ ਤਹਿਸੀਲਦਾਰ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ। ਹੁਣ ਤਹਿਸੀਲਦਾਰ ਦੇ ਜ਼ਮੀਨ ਨਾਲ ਸਬੰਧਤ ਦਸਤਾਵੇਜ਼ਾਂ, ਰਿਸ਼ਵਤ ਦੀ ਕਥਿਤ ਮੰਗ ਤੇ ਇਸ ਮਾਮਲੇ ’ਚ ਹੋਰ ਲੋਕਾਂ ਦੀ ਸੰਭਾਵਿਤ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।
ਰਿਕਾਰਡ ’ਚ ਸੁਧਾਰ ਤੋਂ ਪਹਿਲਾਂ ਹੋਈ ਸੀ ਕਾਰਵਾਈ
ਲੋਕਾਯੁਕਤ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ, "ਜ਼ਮੀਨ ਦੇ ਰਿਕਾਰਡ ’ਚ ਸੁਧਾਰ ਤੋਂ ਪਹਿਲਾਂ ਵੀ ਇਸ ਮਾਮਲੇ ’ਚ ਕਾਰਵਾਈ ਹੋਈ ਸੀ। ਜੁਆਇੰਟ ਡਾਇਰੈਕਟਰ ਆਫ਼ ਲੈਂਡ ਰਿਕਾਰਡਸ ਨੇ ਪਹਿਲਾਂ ਦੀ ਪੋਡੀ ਨੂੰ ਰੱਦ ਕਰਨ ਦਾ ਹੁਕਮ ਦਿੱਤਾ ਸੀ। ਨਾਲ ਹੀ ਨਵੇਂ ਸਿਰੇ ਤੋਂ ਪੋਡੀ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।" ਇਸ ਤੋਂ ਬਾਅਦ ਅਸਿਸਟੈਂਟ ਡਾਇਰੈਕਟਰ ਆਫ਼ ਲੈਂਡ ਰਿਕਾਰਡਸ ਨੇ ਤਹਿਸੀਲਦਾਰ ਨੂੰ ਪ੍ਰਸਤਾਵ ਭੇਜਿਆ ਸੀ। ਇਸ ’ਚ ਜ਼ਮੀਨ ਦੇ ਰਿਕਾਰਡ ’ਚ ਸੁਧਾਰ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਦੀ ਗੱਲ ਸੀ। ਤਹਿਸੀਲਦਾਰ 'ਤੇ ਇਸ ਕੰਮ ਨੂੰ ਪੂਰਾ ਕਰਵਾਉਣ ਲਈ ਰਿਸ਼ਵਤ ਮੰਗਣ ਦਾ ਦੋਸ਼ ਹੈ। ਸ਼ਿਕਾਇਤ ਮਿਲਣ ਦੇ ਕੁਝ ਹੀ ਘੰਟਿਆਂ ’ਚ ਲੋਕਾਯੁਕਤ ਦੀ ਟੀਮ ਨੇ ਕਾਰਵਾਈ ਕਰ ਦਿੱਤੀ।