Sugar Price : ਤਿਉਹਾਰਾਂ ਤੋਂ ਪਹਿਲਾਂ ਚੀਨੀ ਮਹਿੰਗੀ, ਇੱਕ ਮਹੀਨੇ ’ਚ 10 ਰੁਪਏ ਕਿਲੋ ਤੱਕ ਵਧੇ ਭਾਅ; ਦੁੱਧ-ਘਿਓ ਵੀ ਮਹਿੰਗੇ
ਥੋਕ ਬਾਜ਼ਾਰ ’ਚ ਚੀਨੀ ਦੇ ਭਾਅ ਵਧਣ ਦਾ ਸਿੱਧਾ ਅਸਰ ਰਿਟੇਲ ਬਾਜ਼ਾਰ 'ਤੇ ਵੀ ਪੈ ਰਿਹਾ ਹੈ। ਕਾਰੋਬਾਰੀਆਂ ਮੁਤਾਬਕ ਚੀਨੀ ਦੀਆਂ ਕੀਮਤਾਂ ’ਚ ਲਗਾਤਾਰ ਹੋ ਰਹੇ ਵਾਧੇ ਕਾਰਨ ਦੁਕਾਨਦਾਰਾਂ ਲਈ ਪੁਰਾਣੇ ਭਾਅ 'ਤੇ ਵਿਕਰੀ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ।
Publish Date: Sat, 22 Aug 2026 12:37 PM (IST)
Updated Date: Sat, 22 Aug 2026 12:41 PM (IST)
ਜਾਗਰਣ ਸੰਵਾਦਦਾਤਾ, ਜੰਮੂ। ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਚੀਨੀ ਦੇ ਲਗਾਤਾਰ ਵਧ ਰਹੇ ਭਾਅ ਨੇ ਆਮ ਖਪਤਕਾਰਾਂ ਅਤੇ ਮਠਿਆਈ ਦੇ ਕਾਰੋਬਾਰੀਆਂ ਦੀ ਚਿੰਤਾ ਵਧਾ ਦਿੱਤੀ ਹੈ। ਜੰਮੂ ’ਚ ਪਿਛਲੇ ਲਗਪਗ ਇੱਕ ਮਹੀਨੇ ਦੌਰਾਨ ਚੀਨੀ ਦੇ ਥੋਕ ਭਾਅ ਵਿੱਚ ਲਗਪਗ ਦੱਸ ਰੁਪਏ ਪ੍ਰਤੀ ਕਿਲੋ ਦਾ ਵਾਧਾ ਦਰਜ ਕੀਤਾ ਗਿਆ ਹੈ। ਅਜਿਹੇ ’ਚ ਅਗਲੇ ਹਫ਼ਤੇ ਰੱਖੜੀ ਦੇ ਨਾਲ ਸ਼ੁਰੂ ਹੋਣ ਵਾਲੇ ਤਿਉਹਾਰਾਂ ਦੇ ਸੀਜ਼ਨ ਵਿੱਚ ਮਠਿਆਈਆਂ ਅਤੇ ਹੋਰ ਪਕਵਾਨਾਂ ਦੀ ਲਾਗਤ ਵਧਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਇਸ ਨਾਲ ਖਪਤਕਾਰਾਂ ਦੀ ਜੇਬ 'ਤੇ ਬੋਝ ਵਧਣ ਦੀ ਸੰਭਾਵਨਾ ਬਣ ਗਈ ਹੈ।
ਥੋਕ ਬਾਜ਼ਾਰ ’ਚ ਚੀਨੀ ਦੇ ਭਾਅ ਵਧਣ ਦਾ ਸਿੱਧਾ ਅਸਰ ਰਿਟੇਲ ਬਾਜ਼ਾਰ 'ਤੇ ਵੀ ਪੈ ਰਿਹਾ ਹੈ। ਕਾਰੋਬਾਰੀਆਂ ਮੁਤਾਬਕ ਚੀਨੀ ਦੀਆਂ ਕੀਮਤਾਂ ’ਚ ਲਗਾਤਾਰ ਹੋ ਰਹੇ ਵਾਧੇ ਕਾਰਨ ਦੁਕਾਨਦਾਰਾਂ ਲਈ ਪੁਰਾਣੇ ਭਾਅ 'ਤੇ ਵਿਕਰੀ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ।
ਮਠਿਆਈ ਕਾਰੋਬਾਰੀਆਂ ਦੀ ਵਧੀ ਚਿੰਤਾ
ਜੇਕਰ ਆਉਣ ਵਾਲੇ ਦਿਨਾਂ ’ਚ ਕੀਮਤਾਂ ’ਚ ਹੋਰ ਵਾਧਾ ਹੋਇਆ ਤਾਂ ਇਸ ਦਾ ਅਸਰ ਘਰੇਲੂ ਰਸੋਈ ਦੇ ਬਜਟ ਦੇ ਨਾਲ-ਨਾਲ ਮਠਿਆਈ, ਬੇਕਰੀ ਅਤੇ ਖਾਣ-ਪੀਣ ਨਾਲ ਜੁੜੇ ਕਾਰੋਬਾਰ 'ਤੇ ਵੀ ਪੈ ਸਕਦਾ ਹੈ। ਸ਼ਹਿਰ ਦੇ ਮਠਿਆਈ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਚੀਨੀ ਤੋਂ ਇਲਾਵਾ ਦੁੱਧ, ਮਵਾ, ਘਿਓ, ਡ੍ਰਾਈ ਫਰੂਟਸ ਅਤੇ ਹੋਰ ਕੱਚੇ ਮਾਲ ਦੀਆਂ ਕੀਮਤਾਂ ਵੀ ਵਧੀਆਂ ਹਨ।
ਚੀਨੀ ਦੇ ਭਾਅ ’ਚ ਦੱਸ ਰੁਪਏ ਪ੍ਰਤੀ ਕਿਲੋ ਦਾ ਵਾਧਾ ਛੋਟਾ ਲੱਗ ਸਕਦਾ ਹੈ ਪਰ ਵੱਡੀ ਮਾਤਰਾ ’ਚ ਚੀਨੀ ਦੀ ਵਰਤੋਂ ਕਰਨ ਨਾਲ ਇਹ ਵਾਧੂ ਖਰਚਾ ਕਾਫ਼ੀ ਜ਼ਿਆਦਾ ਹੋ ਗਿਆ ਹੈ। ਫਿਲਹਾਲ ਤਾਂ ਮਠਿਆਈਆਂ ਦੇ ਭਾਅ ’ਚ ਵਾਧਾ ਨਹੀਂ ਹੋਇਆ ਹੈ ਪਰ ਆਉਣ ਵਾਲੇ ਦਿਨਾਂ ’ਚ ਇਸ ਦਾ ਅਸਰ ਮਠਿਆਈਆਂ ਦੀਆਂ ਕੀਮਤਾਂ 'ਤੇ ਪੈ ਸਕਦਾ ਹੈ।
ਤਿਉਹਾਰਾਂ ਵਿੱਚ ਵਧਦੀ ਹੈ ਮੰਗ
ਤਿਉਹਾਰਾਂ ਦੌਰਾਨ ਚੀਨੀ ਦੀ ਮੰਗ ਆਮ ਦਿਨਾਂ ਦੇ ਮੁਕਾਬਲੇ ਕਾਫ਼ੀ ਵਧ ਜਾਂਦੀ ਹੈ। ਰੱਖੜੀ ਤੋਂ ਬਾਅਦ ਜਨਮ ਅਸ਼ਟਮੀ, ਗਣੇਸ਼ ਚਤੁਰਥੀ, ਨਵਰਾਤਰੇ, ਦੁਸਹਿਰਾ ਅਤੇ ਦੀਪਾਵਲੀ ਵਰਗੇ ਤਿਉਹਾਰਾਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਇਨ੍ਹਾਂ ਮੌਕਿਆਂ 'ਤੇ ਘਰਾਂ ਵਿੱਚ ਮਠਿਆਈਆਂ ਅਤੇ ਰਵਾਇਤੀ ਪਕਵਾਨ ਤਿਆਰ ਕੀਤੇ ਜਾਂਦੇ ਹਨ ਜਦਕਿ ਬਾਜ਼ਾਰ ’ਚ ਵੀ ਮਠਿਆਈਆਂ ਦੀ ਵਿਕਰੀ ਕਈ ਗੁਣਾ ਵਧ ਜਾਂਦੀ ਹੈ।
ਅਜਿਹੇ ਵਿੱਚ ਚੀਨੀ ਦੇ ਭਾਅ ਵਿੱਚ ਹੋਏ ਵਾਧੇ ਦਾ ਅਸਰ ਵੱਡੀ ਮਾਤਰਾ ਵਿੱਚ ਵਰਤੀ ਜਾਣ ਵਾਲੀ ਖ਼ੁਰਾਕ ਸਮੱਗਰੀ ਦੀ ਲਾਗਤ 'ਤੇ ਪੈਣਾ ਤੈਅ ਹੈ।
ਚੀਨੀ ਦੇ ਭਾਅ 21 ਜੁਲਾਈ
ਥੋਕ : 51 ਤੋਂ 53 ਰੁਪਏ ਪ੍ਰਤੀ ਕਿਲੋ
ਪ੍ਰਚੂਨ : 55 ਤੋਂ 58 ਰੁਪਏ ਪ੍ਰਤੀ ਕਿਲੋ
10 ਅਗਸਤ
ਥੋਕ : 56 ਤੋਂ 58 ਰੁਪਏ ਪ੍ਰਤੀ ਕਿਲੋ
ਪ੍ਰਚੂਨ : 62 ਤੋਂ 67 ਰੁਪਏ ਪ੍ਰਤੀ ਕਿਲੋ
21 ਅਗਸਤ ਥੋਕ : 62 ਤੋਂ 65 ਰੁਪਏ ਪ੍ਰਤੀ ਕਿਲੋ
ਪ੍ਰਚੂਨ : 70 ਤੋਂ 75 ਰੁਪਏ ਪ੍ਰਤੀ ਕਿਲੋ
ਸਟਾਕ ਸੀਮਤ ਕਰਨ ਨਾਲ ਵੀ ਪਵੇਗਾ ਅਸਰ
ਦੱਸ ਦਈਏ ਕਿ ਜੰਮੂ ਸੰਭਾਗ ਵਿੱਚ ਹਰ ਮਹੀਨੇ ਔਸਤਨ ਚਾਰ ਤੋਂ ਪੰਜ ਟਨ ਚੀਨੀ ਦੀ ਖਪਤ ਹੁੰਦੀ ਹੈ। ਜੰਮੂ ਵਿੱਚ ਚੀਨੀ ਦੀ ਮੁੱਖ ਸਪਲਾਈ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਤੋਂ ਹੁੰਦੀ ਹੈ। ਚੀਨੀ ਦੇ ਭਾਅ ਵਿੱਚ ਲਗਾਤਾਰ ਵਾਧੇ ਨੂੰ ਦੇਖਦਿਆਂ ਸਰਕਾਰ ਨੇ ਥੋਕ ਵਿਕਰੇਤਾਵਾਂ ਤੋਂ ਲੈ ਕੇ ਮਿੱਲ ਮਾਲਕਾਂ ਅਤੇ ਚੀਨੀ ਤੋਂ ਬਣਨ ਵਾਲੇ ਉਤਪਾਦਾਂ ਲਈ ਸਟਾਕ ਦੀ ਹੱਦ ਸੀਮਤ ਕਰ ਦਿੱਤੀ ਹੈ, ਜਿਸ ਨਾਲ ਕੁਝ ਰਾਹਤ ਮਿਲਣ ਦੀ ਉਮੀਦ ਬੱਝੀ ਹੈ।
ਕੋਲਡ ਡਰਿੰਕਸ, ਬਿਸਕੁਟ ਅਤੇ ਹੋਰ ਕਨਫੈਕਸ਼ਨਰੀ ਚੀਜ਼ਾਂ ਬਣਾਉਣ ਵਾਲੀਆਂ ਫੈਕਟਰੀਆਂ ਨੂੰ ਪਹਿਲਾਂ ਇੱਕ ਮਹੀਨੇ ਤੱਕ ਦਾ ਸਟਾਕ ਰੱਖਣ ਦੀ ਇਜਾਜ਼ਤ ਸੀ ਜਿਸ ਨੂੰ ਹੁਣ ਘਟਾ ਕੇ 15 ਦਿਨ ਕਰ ਦਿੱਤਾ ਗਿਆ ਹੈ।
ਅਕਤੂਬਰ ’ਚ ਨਵੀਂ ਫ਼ਸਲ ਆਉਣ 'ਤੇ ਭਾਅ ਘਟਣ ਦੀ ਆਸ
ਨੇਹਰੂ ਮਾਰਕੀਟ ਟਰੇਡਰਜ਼ ਫੈਡਰੇਸ਼ਨ ਵੇਅਰ ਹਾਊਸ ਦੇ ਪ੍ਰਧਾਨ ਦੀਪਕ ਗੁਪਤਾ ਨੇ ਦੱਸਿਆ ਕਿ ਈਥਾਨੌਲ ਲਈ ਗੰਨੇ ਦੇ ਡਾਇਵਰਜਨ ਨੇ ਚੀਨੀ ਦੀ ਉਪਲਬਧਤਾ 'ਤੇ ਦਬਾਅ ਜ਼ਰੂਰ ਵਧਾਇਆ ਹੈ। ਮੌਜੂਦਾ ਸੀਜ਼ਨ ’ਚ ਕਰੀਬ 30 ਲੱਖ ਟਨ ਚੀਨੀ ਦੇ ਬਰਾਬਰ ਉਤਪਾਦਨ ਈਥਾਨੌਲ ਵੱਲ ਗਿਆ। ਹਾਲਾਂਕਿ ਮੌਜੂਦਾ ਤੇਜ਼ੀ ਦੀ ਮੁੱਖ ਵਜ੍ਹਾ ਘੱਟ ਉਤਪਾਦਨ ਅਤੇ ਤੰਗ ਸਪਲਾਈ ਵੀ ਹੈ। ਸਰਕਾਰ ਨੇ ਹੁਣ ਇੱਕ ਮਿਲੀਅਨ ਟਨ ਕੱਚੀ ਚੀਨੀ ਦੇ ਡਿਊਟੀ-ਫ੍ਰੀ ਦਰਾਮਦ ਦੀ ਇਜਾਜ਼ਤ ਦਿੱਤੀ ਹੈ ਤਾਂ ਜੋ ਘਰੇਲੂ ਸਪਲਾਈ ਵਧਾ ਕੇ ਕੀਮਤਾਂ 'ਤੇ ਲਗਾਮ ਲਗਾਈ ਜਾ ਸਕੇ।
ਗੰਨੇ ਦੀ ਨਵੀਂ ਫ਼ਸਲ ਹੁਣ ਅਕਤੂਬਰ ਦੇ ਮੱਧ ਵਿੱਚ ਆਵੇਗੀ ਅਤੇ ਉਮੀਦ ਹੈ ਕਿ ਸਰਕਾਰ ਨੇ ਜੋ ਕਦਮ ਚੁੱਕਿਆ ਹੈ, ਉਸ ਨਾਲ ਉਦੋਂ ਤੱਕ ਚੀਨੀ ਦੇ ਭਾਅ ਵਿੱਚ ਠਹਿਰਾਅ ਆਵੇਗਾ ਅਤੇ ਨਵੀਂ ਫ਼ਸਲ ਆਉਣ 'ਤੇ ਭਾਅ ਹੋਰ ਘੱਟ ਹੋਣਗੇ।