
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਇਸਮਾ ਦੇ ਪ੍ਰਧਾਨ ਨੀਰਜ ਸ਼ਿਰਗਾਂਵਕਰ ਮੁਤਾਬਕ ਪਿੜਾਈ ਸੈਸ਼ਨ ਦੀ ਸ਼ੁਰੂਆਤ ’ਚ ਹੀ ਗੰਨੇ ਦੀ ਉਪਲਬਧਤਾ, ਖ਼ਰਾਬ ਮੌਸਮ, ਰੈੱਡ ਰਾਟ ਬਿਮਾਰੀ ਤੇ ਰਿਕਵਰੀ ਦਰ ’ਚ ਬਦਲਾਅ ਨਾਲ ਉਤਪਾਦਨ ਦੇ ਸ਼ੁਰੂਆਤੀ ਅਨੁਮਾਨ ’ਤੇ ਦਬਾਅ ਦਿਖਾਈ ਦੇਣ ਲੱਗਾ ਸੀ।

ਜਾਗਰਣ ਬਿਊਰੋ, ਨਵੀਂ ਦਿੱਲੀ : ਖੰਡ ਦੀ ਕੀਮਤ ’ਚ ਉਛਾਲ ਦੀ ਸਭ ਤੋਂ ਵੱਡੀ ਵਜ੍ਹਾ ਜਮ੍ਹਾਂਖੋਰਾਂ ਤੇ ਕਾਰੋਬਾਰੀਆਂ ਵੱਲੋਂ ਸੱਟੇਬਾਜ਼ੀ ਵਾਲੀ ਖ਼ਰੀਦ ਹੈ। ਗੰਨੇ ਦੀ ਫ਼ਸਲ ’ਤੇ ਮੌਸਮ, ਬਿਮਾਰੀ ਤੇ ਮੀਂਹ ਦੇ ਅਸਰ ਨੂੰ ਦੇਖਦੇ ਹੋਏ ਕਾਰੋਬਾਰੀਆਂ ਨੂੰ ਅੱਗੇ ਬਾਜ਼ਾਰ ’ਚ ਤੰਗੀ ਦੀ ਚਿੰਤਾ ਹੋਈ। ਉਨ੍ਹਾਂ ਨੇ ਡੇਢ-ਦੋ ਮਹੀਨਿਆਂ ਦੀ ਲੋੜ ਦੀ ਖੰਡ ਪਹਿਲਾਂ ਹੀ ਖ਼ਰੀਦ ਕੇ ਗੋਦਾਮਾਂ ’ਚ ਰੋਕ ਲਈ। ਇਸ ਨਾਲ ਦੇਸ਼ ’ਚ ਕਾਫ਼ੀ ਖੰਡ ਹੋਣ ਦੇ ਬਾਵਜੂਦ ਬਾਜ਼ਾਰ ’ਚ ਉਪਲਬਧਤਾ ਘੱਟ ਦਿਖਾਈ ਦਿੱਤੀ ਤੇ ਕੀਮਤਾਂ ਤੇਜ਼ੀ ਨਾਲ ਵਧ ਗਈਆਂ। ਹਾਲਾਂਕਿ ਸਰਕਾਰ ਦੀ ਸਖ਼ਤੀ ਤੇ ਵਾਧੂ ਸਪਲਾਈ ਦੇ ਇੰਤਜ਼ਾਮ ਨਾਲ ਹੁਣ ਕੀਮਤਾਂ ’ਚ ਨਰਮੀ ਦੇ ਸੰਕੇਤ ਮਿਲਣ ਲੱਗੇ ਹਨ ਤੇ ਆਉਣ ਵਾਲੇ ਦਿਨਾਂ ’ਚ ਪ੍ਰਚੂਨ ਬਾਜ਼ਾਰ ’ਚ ਕੀਮਤਾਂ ਘਟਣ ਦੀ ਉਮੀਦ ਹੈ।
ਕੇਂਦਰੀ ਖਪਤਕਾਰ ਮਾਮਲੇ, ਖ਼ੁਰਾਕ ਤੇ ਜਨਤਕ ਵੰਡ ਮੰਤਰੀ ਪ੍ਰਹਿਲਾਦ ਜੋਸ਼ੀ ਤੇ ਖੰਡ ਸਨਅਤ ਦੀ ਸਿਖਰਲੀ ਸੰਸਥਾ ਇੰਡੀਅਨ ਸ਼ੂਗਰ ਐਂਡ ਬਾਇਓ-ਐਨਰਜੀ ਮੈਨੂਫੈਕਚਰਰਜ਼ ਐਸੋਸੀਏਸ਼ਨ (ਇਸਮਾ) ਨੇ ਦਾਅਵਾ ਕੀਤਾ ਹੈ ਕਿ ਸਰਕਾਰ ਦੀ ਪਹਿਲ ਦਾ ਅਸਰ ਬਾਜ਼ਾਰ ’ਚ ਦਿਖਾਈ ਦੇਣ ਲੱਗਾ ਹੈ। ਜੋਸ਼ੀ ਨੇ ਕਿਹਾ ਕਿ ਦੇਸ਼ ’ਚ ਕਾਫ਼ੀ ਖੰਡ ਹੈ। ਸਾਲਾਨਾ ਲਗਭਗ 280 ਲੱਖ ਟਨ ਦੀ ਘਰੇਲੂ ਲੋੜ ਦੇ ਮੁਕਾਬਲੇ 306 ਲੱਖ ਟਨ ਖੰਡ ਉਪਲਬਧ ਹੈ। ਸਰਕਾਰ ਕਾਫ਼ੀ ਸਟਾਕ ਬਾਜ਼ਾਰ ’ਚ ਜਾਰੀ ਕਰੇਗੀ ਅਤੇ ਜਮਾਖੋਰੀ ਤੇ ਨਕਲੀ ਤਰੀਕੇ ਨਾਲ ਕੀਮਤ ਵਧਾਉਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਇਸਮਾ ਦੇ ਪ੍ਰਧਾਨ ਨੀਰਜ ਸ਼ਿਰਗਾਂਵਕਰ ਮੁਤਾਬਕ ਪਿੜਾਈ ਸੈਸ਼ਨ ਦੀ ਸ਼ੁਰੂਆਤ ’ਚ ਹੀ ਗੰਨੇ ਦੀ ਉਪਲਬਧਤਾ, ਖ਼ਰਾਬ ਮੌਸਮ, ਰੈੱਡ ਰਾਟ ਬਿਮਾਰੀ ਤੇ ਰਿਕਵਰੀ ਦਰ ’ਚ ਬਦਲਾਅ ਨਾਲ ਉਤਪਾਦਨ ਦੇ ਸ਼ੁਰੂਆਤੀ ਅਨੁਮਾਨ ’ਤੇ ਦਬਾਅ ਦਿਖਾਈ ਦੇਣ ਲੱਗਾ ਸੀ। ਇਸ ਦੇ ਨਾਲ ਤਿਉਹਾਰੀ ਮੰਗ ਤੇ ਵਿਸ਼ਵ ਬਾਜ਼ਾਰ ’ਚ ਤੇਜ਼ੀ ਦੀਆਂ ਖ਼ਬਰਾਂ ਨੇ ਕਾਰੋਬਾਰੀਆਂ ਨੂੰ ਪਹਿਲਾਂ ਤੋਂ ਖਰੀਦ ਵਧਾਉਣ ਲਈ ਪ੍ਰੇਰਿਤ ਕੀਤਾ। ਇਸ ਨਾਲ ਬਾਜ਼ਾਰ ’ਚ ਸੱਟੇਬਾਜ਼ੀ ਹੋਰ ਤੇਜ਼ ਹੋ ਗਈ।
ਗੰਨੇ ਦੇ ਰਿਕਾਰਡ ਉਤਪਾਦਨ ਦਾ ਸੀ ਅਨੁਮਾਨ
ਸ਼ੁਰੂਆਤ ’ਚ ਤਸਵੀਰ ਉਤਸ਼ਾਹਜਨਕ ਸੀ। ਖੇਤੀਬਾੜੀ ਮੰਤਰਾਲੇ ਨੇ ਮਈ ਦੇ ਆਖ਼ਰੀ ਹਫ਼ਤੇ ’ਚ 5000.63 ਲੱਖ ਟਨ ਗੰਨੇ ਦੇ ਰਿਕਾਰਡ ਉਤਪਾਦਨ ਦਾ ਅਨੁਮਾਨ ਲਾਇਆ ਸੀ, ਜੋ ਪਿਛਲੇ ਸਾਲ ਦੇ 4546.11 ਲੱਖ ਟਨ ਨਾਲੋਂ ਕਰੀਬ 454.52 ਲੱਖ ਟਨ ਵੱਧ ਸੀ। ਇਸ ਦੇ ਬਾਵਜੂਦ ਖੰਡ ਉਤਪਾਦਨ ਦਾ ਅਨੁਮਾਨ ਗੰਨਾ ਉਤਪਾਦਕ ਸੂਬਿਆਂ ਦੇ ਸ਼ੁਰੂਆਤੀ 343 ਲੱਖ ਟਨ ਦੇ ਮੁਕਾਬਲੇ ਕਰੀਬ 306 ਲੱਖ ਟਨ ਰਹਿ ਗਿਆ। ਯਾਨੀ ਸ਼ੁਰੂਆਤੀ ਅਨੁਮਾਨ ਨਾਲੋਂ ਕਰੀਬ 11 ਪ੍ਰਤੀਸ਼ਤ ਘੱਟ।
ਗੰਨੇ ਦੀ ਗੁਣਵੱਤਾ ’ਚ ਗਿਰਾਵਟ ਨਾਲ ਵੀ ਘਟਿਆ ਉਤਪਾਦਨ
ਖੰਡ ਉਤਪਾਦਨ ’ਚ ਗਿਰਾਵਟ ਦੀ ਵੱਡੀ ਵਜ੍ਹਾ ਗੰਨੇ ਦੀ ਗੁਣਵੱਤਾ ਤੇ ਰਿਕਵਰੀ ਦਰ ’ਚ ਕਮੀ ਰਹੀ। ਦੋ ਸਾਲ ਪਹਿਲਾਂ ਰਾਸ਼ਟਰੀ ਔਸਤ ਰਿਕਵਰੀ ਕਰੀਬ 10.10 ਫ਼ੀਸਦ ਸੀ, ਜਦਕਿ ਇਸ ਵਾਰ ਇਹ 9.56 ਫ਼ੀਸਦ ਰਹੀ। ਹਾਲਾਂਕਿ ਇਹ 2024-25 ਦੇ ਲਗਭਗ ਬਰਾਬਰ ਸੀ, ਪਰ ਰੈੱਡ ਰਾਟ, ਟੌਪ ਬੋਰਰ ਤੇ ਬਹੁਤ ਜ਼ਿਆਦਾ ਮੀਂਹ ਕਾਰਨ ਪਾਣੀ ਭਰਨ ਨਾਲ ਕਈ ਖੇਤਰਾਂ ’ਚ ਗੰਨੇ ਦੀ ਗੁਣਵੱਤਾ ਪ੍ਰਭਾਵਿਤ ਹੋਈ। ਅਜਿਹੇ ’ਚ ਸਿਰਫ਼ ਗੰਨੇ ਦੇ ਭਾਰ ਦੇ ਆਧਾਰ ’ਤੇ ਖੰਡ ਉਤਪਾਦਨ ਦਾ ਅਨੁਮਾਨ ਲਾਉਣਾ ਜੋਖ਼ਮ ਭਰਿਆ ਸਾਬਤ ਹੋਇਆ।
ਲਗਾਤਾਰ ਨਿਗਰਾਨੀ ਦੀ ਕੀਤੀ ਗਈ ਅਣਦੇਖੀ
ਸਰਕਾਰੀ ਤੰਤਰ ਲਈ ਇਹ ਵੱਡਾ ਸਬਕ ਹੈ। ਰਿਕਾਰਡ ਗੰਨਾ ਉਤਪਾਦਨ ਦਾ ਅਨੁਮਾਨ ਆਉਣ ਤੋਂ ਬਾਅਦ ਪੂਰੇ ਸੀਜ਼ਨ ਦੌਰਾਨ ਖੇਤਾਂ ਦੀ ਸਥਿਤੀ, ਬਿਮਾਰੀ, ਪਾਣੀ ਭਰਨ, ਗੰਨੇ ਦੀ ਗੁਣਵੱਤਾ ਤੇ ਸੂਬਾਵਾਰ ਰਿਕਵਰੀ ਦੀ ਲਗਾਤਾਰ ਨਿਗਰਾਨੀ ਜ਼ਰੂਰੀ ਸੀ। ਖੇਤੀਬਾੜੀ, ਗੰਨਾ ਤੇ ਖੁਰਾਕ ਵਿਭਾਗ ਦੇ ਅੰਕੜਿਆਂ ਦੀ ਨਿਯਮਿਤ ਸਮੀਖਿਆ ਹੁੰਦੀ ਤੇ ਬਦਲਦੇ ਹਾਲਾਤ ਮੁਤਾਬਕ ਉਤਪਾਦਨ ਦੇ ਅਨੁਮਾਨ ਨੂੰ ਸਮੇਂ ਸਿਰ ਸੋਧਿਆ ਜਾਂਦਾ ਤਾਂ ਸੰਭਾਵਿਤ ਕਮੀ ਦਾ ਸੰਕੇਤ ਪਹਿਲਾਂ ਹੀ ਮਿਲ ਸਕਦਾ ਸੀ। ਇਸ ਨਾਲ ਸਟਾਕ ਪ੍ਰਬੰਧਨ ਅਤੇ ਵਾਧੂ ਸਪਲਾਈ ਵਰਗੇ ਕਦਮ ਵੀ ਸਮੇਂ ਸਿਰ ਚੁੱਕੇ ਜਾ ਸਕਦੇ ਸਨ।
ਪਿੜਾਈ ਸੈਸ਼ਨ ਪਹਿਲਾਂ ਸ਼ੁਰੂ ਕਰਨ ਨਾਲ ਹੋਵੇਗਾ ਸੁਧਾਰ
ਹੁਣ ਅੱਗੇ ਕੀ। ਇਸਮਾ ਦਾ ਕਹਿਣਾ ਹੈ ਕਿ ਪਿੜਾਈ ਸੈਸ਼ਨ 10-15 ਦਿਨ ਪਹਿਲਾਂ ਸ਼ੁਰੂ ਕਰ ਦੇਣ ਨਾਲ ਅਕਤੂਬਰ ’ਚ 10-12 ਲੱਖ ਟਨ ਖੰਡ ਬਾਜ਼ਾਰ ’ਚ ਆ ਸਕਦੀ ਹੈ, ਜਦਕਿ ਇਸ ਦੌਰਾਨ ਮੰਗ 24-25 ਲੱਖ ਟਨ ਰਹਿਣ ਦਾ ਅਨੁਮਾਨ ਹੈ। ਮੌਜੂਦਾ ਸਟਾਕ ਅਤੇ ਆਯਾਤ ਨਾਲ ਸਪਲਾਈ ਬਾਜ਼ਾਰ ਦਾ ਦਬਾਅ ਘੱਟ ਹੋ ਸਕਦਾ ਹੈ। ਸਤੰਬਰ ਦੇ ਅੰਤ ’ਚ ਕਰੀਬ 35 ਲੱਖ ਟਨ ਸ਼ੁਰੂਆਤੀ ਸਟਾਕ ਬਚਣ ਦੀ ਉਮੀਦ ਹੈ। ਯਾਨੀ ਦੇਸ਼ ਅਗਲੇ ਖੰਡ ਸਾਲ ’ਚ ਵੀ ਕਾਫ਼ੀ ਭੰਡਾਰ ਦੇ ਨਾਲ ਦਾਖ਼ਲ ਹੋਵੇਗਾ।