ਅਜੀਬੋ-ਗ਼ਰੀਬ ਕਾਰਨਾਮਾ : ਸਾਢੇ 3 ਘੰਟਿਆਂ 'ਚ ਪ੍ਰੇਮਿਕਾ ਤੋਂ ਕਾਰ 'ਤੇ ਕਰਾਏ 3400 'ਕਿੱਸਜ਼', ਵੀਡੀਓ ਵਾਇਰਲ ਹੋਣ ਮਗਰੋਂ ਕੱਟਿਆ ਗਿਆ ਚਲਾਨ ਸੋਸ਼ਲ ਮੀਡੀਆ 'ਤੇ ਰੀਲ ਵਾਇਰਲ ਕਰਵਾਉਣ ਅਤੇ ਵੱਧ ਤੋਂ ਵੱਧ ਵਿਊਜ਼ ਪ੍ਰਾਪਤ ਕਰਨ ਦੇ ਚੱਕਰ 'ਚ ਇੱਕ ਨੌਜਵਾਨ ਨੇ ਆਪਣੀ ਕਾਰ ਨੂੰ ਹੀ ‘ਕਿਸਿੰਗ ਕਾਰ’ ਬਣਾ ਦਿੱਤਾ। ਕਾਰ ਦੀ ਪੂਰੀ ਬਾਡੀ 'ਤੇ ਉਸ ਦੀ ਮਹਿਲਾ ਮਿੱਤਰ ਨੇ ਲਿਪਸਟਿਕ ਨਾਲ ਕਰੀਬ 3400 ਬੁੱਲ੍ਹਾਂ ਦੇ ਨਿਸ਼ਾਨ ਬਣਾਏ। ਇਸ ਤੋਂ ਬਾਅਦ ਨੌਜਵਾਨ ਨੇ ਕਾਰ ਦਾ ਵੀਡੀਓ ਬਣਾ ਕੇ ਇੰਸਟਾਗ੍ਰਾਮ 'ਤੇ ਅਪਲੋਡ ਕਰ ਦਿੱਤਾ।
Publish Date: Tue, 25 Aug 2026 12:22 PM (IST)
Updated Date: Tue, 25 Aug 2026 12:23 PM (IST)
ਡਿਜੀਟਲ ਡੈਸਕ, ਗਵਾਲੀਅਰ - ਸੋਸ਼ਲ ਮੀਡੀਆ 'ਤੇ ਰੀਲ ਵਾਇਰਲ ਕਰਵਾਉਣ ਅਤੇ ਵੱਧ ਤੋਂ ਵੱਧ ਵਿਊਜ਼ ਪ੍ਰਾਪਤ ਕਰਨ ਦੇ ਚੱਕਰ 'ਚ ਇੱਕ ਨੌਜਵਾਨ ਨੇ ਆਪਣੀ ਕਾਰ ਨੂੰ ਹੀ ‘ਕਿਸਿੰਗ ਕਾਰ’ ਬਣਾ ਦਿੱਤਾ। ਕਾਰ ਦੀ ਪੂਰੀ ਬਾਡੀ 'ਤੇ ਉਸ ਦੀ ਮਹਿਲਾ ਮਿੱਤਰ ਨੇ ਲਿਪਸਟਿਕ ਨਾਲ ਕਰੀਬ 3400 ਬੁੱਲ੍ਹਾਂ ਦੇ ਨਿਸ਼ਾਨ ਬਣਾਏ। ਇਸ ਤੋਂ ਬਾਅਦ ਨੌਜਵਾਨ ਨੇ ਕਾਰ ਦਾ ਵੀਡੀਓ ਬਣਾ ਕੇ ਇੰਸਟਾਗ੍ਰਾਮ 'ਤੇ ਅਪਲੋਡ ਕਰ ਦਿੱਤਾ।
ਵੀਡੀਓ ਵਾਇਰਲ ਹੋਈ ਅਤੇ ਇੱਕ ਦਿਨ 'ਚ ਕਰੀਬ 55 ਲੱਖ ਵਿਊਜ਼ ਪਹੁੰਚ ਗਏ। ਰੀਲ 'ਤੇ ਪੁਲਿਸ ਦੀ ਨਜ਼ਰ ਪਈ ਤਾਂ ਕਾਰ ਨੂੰ ਥਾਟੀਪੁਰ ਤੋਂ ਬਰਾਮਦ ਕਰਕੇ ਟਰੈਫਿਕ ਥਾਣੇ ਲਿਆਂਦਾ ਗਿਆ। ਮੋਟਰ ਵ੍ਹੀਕਲ ਐਕਟ ਦੇ ਵੱਖ-ਵੱਖ ਪ੍ਰਬੰਧਾਂ ਤਹਿਤ 5500 ਰੁਪਏ ਦਾ ਚਲਾਨ ਕੀਤਾ ਗਿਆ।
ਵਾਇਰਲ ਹੋਇਆ ਸੀ ਵੀਡੀਓ ਟਰੈਫਿਕ ਪੁਲਿਸ ਅਨੁਸਾਰ ਦੋ ਦਿਨ ਪਹਿਲਾਂ ਕਾਰ, ਜਿਸ ਦਾ ਰਜਿਸਟ੍ਰੇਸ਼ਨ ਨੰਬਰ MP 07 CC 9452 ਸੀ, ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ। ਇਸ 'ਚ ਕਾਰ ਸੜਕ 'ਤੇ ਤੇਜ਼ ਰਫ਼ਤਾਰ ਨਾਲ ਦੌੜਦੀ ਦਿਖਾਈ ਦੇ ਰਹੀ ਸੀ।
ਉਸ ਦੀ ਪੂਰੀ ਬਾਡੀ 'ਤੇ ਲਿਪਸਟਿਕ ਦੇ ਨਿਸ਼ਾਨ ਬਣੇ ਸਨ। ਪੁਲਿਸ ਨੇ ਵੀਡੀਓ ਦੇ ਆਧਾਰ 'ਤੇ ਕਾਰ ਦੀ ਪਛਾਣ ਸ਼ੁਰੂ ਕੀਤੀ ਅਤੇ ਥਾਟੀਪੁਰ ਖੇਤਰ ਤੋਂ ਕਾਰ ਬਰਾਮਦ ਕਰ ਲਈ।
ਪੁਲਿਸ ਤੋਂ ਮੰਗੀ ਮੁਆਫ਼ੀ ਟਰੈਫਿਕ ਪੁਲਿਸ ਨੇ ਕਾਰ ਮਾਲਕ ਨੂੰ ਥਾਣੇ ਬੁਲਾ ਕੇ ਪੁੱਛਗਿੱਛ ਕੀਤੀ। ਉਸ ਨੇ ਆਪਣੀ ਗ਼ਲਤੀ ਸਵੀਕਾਰ ਕੀਤੀ ਅਤੇ ਕਿਹਾ-ਦੁਬਾਰਾ ਅਜਿਹੀ ਗ਼ਲਤੀ ਨਹੀਂ ਕਰਾਂਗਾ। ਪੁਲਿਸ ਦੇ ਸਾਹਮਣੇ ਕਾਰ ਦੀ ਬਾਡੀ 'ਤੇ ਲੱਗੇ ਲਿਪਸਟਿਕ ਦੇ ਨਿਸ਼ਾਨ ਪਾਣੀ ਨਾਲ ਸਾਫ਼ ਕੀਤੇ।
ਟਰੈਫਿਕ ਥਾਣਾ ਇੰਚਾਰਜ ਅਭਿਸ਼ੇਕ ਰਘੂਵੰਸ਼ੀ ਨੇ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ 'ਚ ਵਾਹਨ ਤੇਜ਼ ਰਫ਼ਤਾਰ 'ਚ ਦਿਖਾਈ ਦੇ ਰਿਹਾ ਸੀ। ਵੀਡੀਓ ਦੇ ਆਧਾਰ 'ਤੇ ਕਾਰਵਾਈ ਕੀਤੀ ਗਈ।
ਕਿਸ ਕਰਨ 'ਚ ਲੱਗੇ ਸਾਢੇ 3 ਘੰਟੇ ਕਾਰ ਮਾਲਕ ਆਦਿਤਿਆ ਸਿਕਰਵਾਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਇੰਸਟਾਗ੍ਰਾਮ 'ਤੇ ਰੀਲ ਬਣਾਉਂਦਾ ਹੈ ਅਤੇ ਉਸ ਨੂੰ ਉਮੀਦ ਸੀ ਕਿ ਕਾਰ ਦਾ ਵੀਡੀਓ ਵਾਇਰਲ ਹੋਵੇਗਾ। ਵੀਡੀਓ 'ਤੇ ਇੱਕ ਦਿਨ 'ਚ ਕਰੀਬ 55 ਲੱਖ ਵਿਊਜ਼ ਵੀ ਆ ਗਏ। ਆਦਿਤਿਆ ਮੁਤਾਬਕ ਕਾਰ 'ਤੇ ਲਿਪਸਟਿਕ ਦੇ ਨਿਸ਼ਾਨ ਉਸ ਨੇ ਖ਼ੁਦ ਨਹੀਂ ਬਣਾਏ ਸਨ।
ਕਾਰ ਖੜ੍ਹੀ ਹੋਣ ਦੌਰਾਨ ਉਸ ਦੀ ਇੱਕ ਦੋਸਤ ਨੇ ਬਾਡੀ 'ਤੇ ਕਿਸ ਕੀਤੇ ਸਨ। ਇਸ ਤੋਂ ਬਾਅਦ ਉਸ ਨੇ ਇਸ ਦਾ ਵੀਡੀਓ ਬਣਾਇਆ ਅਤੇ ਇੰਸਟਾਗ੍ਰਾਮ 'ਤੇ ਅਪਲੋਡ ਕਰ ਦਿੱਤਾ। ਉਸ ਨੇ ਦੱਸਿਆ ਕਿ ਕਾਰ 'ਤੇ ਕਰੀਬ 3400 ਨਿਸ਼ਾਨ ਬਣਾਉਣ 'ਚ ਸਾਢੇ ਤਿੰਨ ਘੰਟੇ ਲੱਗੇ। ਮਕਸਦ ਸੋਸ਼ਲ ਮੀਡੀਆ 'ਤੇ ਵੱਖਰੇ ਤਰੀਕੇ ਦੀ ਰੀਲ ਬਣਾ ਕੇ ਉਸ ਨੂੰ ਵਾਇਰਲ ਕਰਨਾ ਸੀ। ਟਰੈਫਿਕ ਪੁਲਿਸ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲਈ ਸੜਕ 'ਤੇ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣ ਅਤੇ ਟਰੈਫਿਕ ਨਿਯਮਾਂ ਦੀ ਅਣਦੇਖੀ ਕਰਨ ਵਾਲਿਆਂ ਨੂੰ ਚੇਤਾਵਨੀ ਦਿੱਤੀ ਹੈ।