ਤਿੰਨ ਮਹੀਨਿਆਂ ਤੋਂ ਪੁੱਤ ਲਾਪਤਾ', ਸੰਤ ਪ੍ਰੇਮਾਨੰਦ ਦੇ ਆਸ਼ਰਮ ਦੇ ਬਾਹਰ ਧਰਨੇ 'ਤੇ ਬੈਠਾ ਹਾਥਰਸ ਦਾ ਪਰਿਵਾਰ ਵ੍ਰਿੰਦਾਵਨ ’ਚ ਸੰਤ ਪ੍ਰੇਮਾਨੰਦ ਦੇ ਸ੍ਰੀ ਰਾਧਾ ਕੇਲਿਕੁੰਜ ਆਸ਼ਰਮ ਦੇ ਬਾਹਰ ਇੱਕ ਪਰਿਵਾਰ ਆਪਣੇ 16 ਸਾਲਾ ਪੁੱਤਰ ਅਨੁਜ ਚੌਧਰੀ ਦੀ ਭਾਲ ਲਈ ਧਰਨੇ 'ਤੇ ਬੈਠਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਤਿੰਨ ਮਹੀਨੇ ਪਹਿਲਾਂ ਦੀਖਿਆ ਲੈਣ ਤੋਂ ਬਾਅਦ ਅਨੁਜ ਘਰ ਵਾਪਸ ਨਹੀਂ ਆਇਆ। ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੂੰ ਪੁੱਤਰ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ। ਇਸੇ ਦੌਰਾਨ ਇੱਕ ਹੋਰ ਔਰਤ ਵੀ ਆਪਣੇ ਪੁੱਤਰ ਦੀ ਭਾਲ ’ਚ ਆਸ਼ਰਮ ਪਹੁੰਚੀ।
Publish Date: Fri, 02 Oct 2026 04:26 PM (IST)
Updated Date: Fri, 02 Oct 2026 04:28 PM (IST)
ਸੰਵਾਦ ਸਹਿਯੋਗੀ, ਵ੍ਰਿੰਦਾਵਨ (ਮਥੁਰਾ) : ਤਿੰਨ ਮਹੀਨੇ ਪਹਿਲਾਂ ਸੰਤ ਪ੍ਰੇਮਾਨੰਦ ਤੋਂ ਪ੍ਰਭਾਵਿਤ ਹੋ ਕੇ ਸਾਦਾਬਾਦ ਦੇ ਪਿੰਡ ਬਰਾਮਨੀ ਵਾਸੀ 16 ਸਾਲਾ ਅਨੁਜ ਚੌਧਰੀ ਨੇ ਦੀਖਿਆ ਲਈ ਸੀ। ਇੱਕ ਦਿਨ ਪਹਿਲਾਂ ਜਦੋਂ ਪਰਿਵਾਰਕ ਮੈਂਬਰ ਉਸ ਨੂੰ ਮਿਲਣ ਲਈ ਪਹੁੰਚੇ ਤਾਂ ਉਨ੍ਹਾਂ ਨੂੰ ਮਿਲਣ ਨਹੀਂ ਦਿੱਤਾ ਗਿਆ। ਇਸ ਤੋਂ ਨਾਰਾਜ਼ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਅਨੁਜ ਨਾਲ ਮਿਲਵਾਉਣ ਦੀ ਮੰਗ ਕਰਦਿਆਂ ਧਰਨਾ-ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।
ਸ਼ੁੱਕਰਵਾਰ ਦੁਪਹਿਰ ਸਾਢੇ 12 ਵਜੇ ਸਾਦਾਬਾਦ ਦੇ ਪਿੰਡ ਬਰਾਮਨੀ ਵਾਸੀ ਰਾਜਵੀਰ ਚੌਧਰੀ ਆਪਣੇ 16 ਸਾਲਾ ਪੁੱਤਰ ਅਨੁਜ ਚੌਧਰੀ ਦੀ ਭਾਲ ’ਚ ਸੰਤ ਪ੍ਰੇਮਾਨੰਦ ਦੇ ਸ੍ਰੀ ਰਾਧਾ ਕੇਲਿਕੁੰਜ ਆਸ਼ਰਮ ਪਹੁੰਚੇ। ਪਰ ਉਨ੍ਹਾਂ ਨੂੰ ਪੁੱਤਰ ਨਾਲ ਮਿਲਣ ਨਹੀਂ ਦਿੱਤਾ ਗਿਆ।
ਰਾਜਵੀਰ ਚੌਧਰੀ ਨੇ ਦੱਸਿਆ ਕਿ ਅਨੁਜ ਨੇ 26 ਜੂਨ ਨੂੰ ਸੰਤ ਪ੍ਰੇਮਾਨੰਦ ਤੋਂ ਦੀਖਿਆ ਲਈ ਤੇ ਉਸ ਤੋਂ ਬਾਅਦ ਘਰ ਵਾਪਸ ਆ ਗਿਆ ਸੀ। ਇਸ ਤੋਂ ਬਾਅਦ 3 ਜੁਲਾਈ ਨੂੰ ਸੰਤ ਪ੍ਰੇਮਾਨੰਦ ਦੇ ਦਰਸ਼ਨ ਕਰਨ ਦੀ ਗੱਲ ਕਹਿ ਕੇ ਘਰੋਂ ਨਿਕਲਿਆ, ਪਰ ਮੁੜ ਨਹੀਂ ਆਇਆ। ਦੋ ਦਿਨ ਬਾਅਦ ਜਦੋਂ ਉਹ ਪੁੱਤਰ ਦੀ ਭਾਲ ’ਚ ਕੇਲਿਕੁੰਜ ਪਹੁੰਚੇ ਤਾਂ ਉਨ੍ਹਾਂ ਨੂੰ ਅਨੁਜ ਨਾਲ ਮਿਲਣ ਨਹੀਂ ਦਿੱਤਾ ਗਿਆ। ਇਸ ਤੋਂ ਬਾਅਦ ਉਹ ਲਗਾਤਾਰ ਪੁੱਤਰ ਦੀ ਭਾਲ ’ਚ ਕੇਲਿਕੁੰਜ ਦੇ ਆਲੇ-ਦੁਆਲੇ ਰਹਿ ਰਹੇ ਹਨ।
ਤਿੰਨ ਮਹੀਨੇ ਪਹਿਲਾਂ ਆਏ ਨਾਬਾਲਿਗ ਪੁੱਤਰ ਦਾ ਨਹੀਂ ਮਿਲ ਰਿਹਾ ਸੁਰਾਗ ਪਰਿਵਾਰ ਦਾ ਦੋਸ਼ ਹੈ ਕਿ ਸਾਧਕ ਰਸਿਕ ਦੁਲਾਰੀ ਸ਼ਰਨ ਨਾਲ ਵਾਪਰੀ ਘਟਨਾ ਤੋਂ ਬਾਅਦ ਵੀ ਉਨ੍ਹਾਂ ਨੂੰ ਪੁੱਤਰ ਨਾਲ ਨਹੀਂ ਮਿਲਣ ਦਿੱਤਾ ਗਿਆ। ਇਸ ਤੋਂ ਬਾਅਦ ਰਾਜਵੀਰ ਚੌਧਰੀ ਨੇ ਪਿੰਡ ਵਾਸੀਆਂ ਨੂੰ ਬੁਲਾ ਲਿਆ ਤੇ ਸ੍ਰੀ ਰਾਧਾ ਕੇਲਿਕੁੰਜ ਦੇ ਬਾਹਰ ਧਰਨਾ ਸ਼ੁਰੂ ਕਰ ਦਿੱਤਾ।
ਧਰਨੇ 'ਤੇ ਬੈਠੀ ਅਨੁਜ ਦੀ ਭੈਣ ਸ਼ੀਤਲ ਨੇ ਕਿਹਾ ਕਿ ਚਾਰ ਭੈਣਾਂ ਦਾ ਇਕਲੌਤਾ ਭਰਾ ਅਨੁਜ ਹੈ। ਉਸ ਨੇ ਸੰਤ ਪ੍ਰੇਮਾਨੰਦ ਤੋਂ ਦੀਖਿਆ ਲਈ ਸੀ ਤੇ ਹੁਣ ਪਰਿਵਾਰ ਨੂੰ ਉਸ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ।
ਪੁੱਤਰ ਦੀ ਭਾਲ ’ਚ ਨਜਫ਼ਗੜ੍ਹ ਤੋਂ ਵੀ ਪਹੁੰਚੀ ਔਰਤ
ਸ਼ੁੱਕਰਵਾਰ ਦੁਪਹਿਰ ਨਜਫ਼ਗੜ੍ਹ ਵਾਸੀ ਅਨਿਤਾ ਚੌਧਰੀ ਵੀ ਆਪਣੇ 10 ਸਾਲਾ ਪੁੱਤਰ ਵੰਸ਼ ਦੀ ਭਾਲ ’ਚ ਸ੍ਰੀ ਰਾਧਾ ਕੇਲਿਕੁੰਜ ਪਹੁੰਚੀ।
ਅਨਿਤਾ ਚੌਧਰੀ ਨੇ ਦੱਸਿਆ ਕਿ ਉਹ ਅਗਸਤ ’ਚ ਰਾਧਾ ਕੇਲਿਕੁੰਜ ਦੇ ਨੇੜੇ ਸਥਿਤ ਰਵੀ ਦੇ ਢਾਬੇ 'ਤੇ ਖਾਣਾ ਬਣਾਉਣ ਲਈ ਆਪਣੇ ਪੁੱਤਰ ਨਾਲ ਆਈ ਸੀ। ਕੁਝ ਦਿਨਾਂ ਬਾਅਦ ਉਹ ਦੋ ਦਿਨ ਲਈ ਘਰ ਗਈ। ਜਦੋਂ ਵਾਪਸ ਆਈ ਤਾਂ ਉਸ ਦਾ ਪੁੱਤਰ ਗਾਇਬ ਸੀ।
ਔਰਤ ਨੇ ਕਿਹਾ ਕਿ ਉਸ ਨੂੰ ਸ਼ੱਕ ਹੈ ਕਿ ਉਸ ਦਾ ਪੁੱਤਰ ਕੇਲਿਕੁੰਜ ’ਚ ਹੀ ਹੈ। ਉਸ ਦਾ ਦੋਸ਼ ਹੈ ਕਿ ਉਸ ਨੂੰ ਸੀਸੀਟੀਵੀ ਫੁਟੇਜ ਵੀ ਨਹੀਂ ਦਿਖਾਈ ਜਾ ਰਹੀ। ਇਸ ਸਬੰਧੀ ਉਸ ਨੇ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਹੈ।