- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੰਮੂ-ਕਸ਼ਮੀਰ ਵਿੱਚ ਇੱਕ ਵਾਰ ਫਿਰ ਤੋਂ ਭਾਰੀ ਬਰਫ਼ਬਾਰੀ ਹੋ ਰਹੀ ਹੈ। ਕਸ਼ਮੀਰ ਦੇ ਕੁਪਵਾੜਾ ਅਤੇ ਪੁਲਵਾਮਾ ਸਮੇਤ ਘਾਟੀ ਦੇ ਹੋਰ ਇਲਾਕਿਆਂ ਵਿੱਚ ਬਰਫ਼ਬਾਰੀ ਦਾ ਸਿਲਸਿਲਾ ਜਾਰੀ ਹੈ। ਭਾਰੀ ਬਰਫ਼ਬਾਰੀ ਦੇ ਵਿਚਕਾਰ ਸੜਕਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਉੱਥੇ ਹੀ, ਸ਼੍ਰੀਨਗਰ ਏਅਰਪੋਰਟ ਤੋਂ ਵੀ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।

ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਤਾਜ਼ਾ ਅੱਪਡੇਟ ਅਤੇ ਬਦਲਵੇਂ ਪ੍ਰਬੰਧਾਂ ਲਈ ਆਪਣੀਆਂ-ਆਪਣੀਆਂ ਏਅਰਲਾਈਨਾਂ ਦੇ ਸੰਪਰਕ ਵਿੱਚ ਰਹਿਣ। – ਏਅਰਪੋਰਟ ਅਧਿਕਾਰੀ, ਸ਼੍ਰੀਨਗਰ
ਉਡਾਣਾਂ ਰੱਦ ਹੋਣ ਕਾਰਨ ਸੈਂਕੜੇ ਸੈਲਾਨੀ ਕਸ਼ਮੀਰ ਵਿੱਚ ਫਸ ਗਏ ਹਨ, ਜੋ ਵੀਕੈਂਡ ਅਤੇ ਗਣਤੰਤਰ ਦਿਵਸ ਦੀਆਂ ਛੁੱਟੀਆਂ ਬਿਤਾਉਣ ਤੋਂ ਬਾਅਦ ਘਾਟੀ ਤੋਂ ਵਾਪਸ ਪਰਤਣ ਵਾਲੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਨਵਯੁਗ ਟਨਲ ਅਤੇ ਉਸ ਦੇ ਆਲੇ-ਦੁਆਲੇ ਤਾਜ਼ਾ ਬਰਫ਼ਬਾਰੀ ਕਾਰਨ ਮੰਗਲਵਾਰ ਨੂੰ ਰਣਨੀਤਕ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ (NH-44) ਟ੍ਰੈਫਿਕ ਲਈ ਬੰਦ ਰਿਹਾ।
NH-44 ਵੀ ਬੰਦ
ਇੱਕ ਸੀਨੀਅਰ ਟ੍ਰੈਫਿਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਗਲੇ ਹੁਕਮਾਂ ਤੱਕ ਜੰਮੂ ਤੋਂ ਸ਼੍ਰੀਨਗਰ ਜਾਂ ਸ਼੍ਰੀਨਗਰ ਤੋਂ ਜੰਮੂ ਵੱਲ ਕਿਸੇ ਵੀ ਗੱਡੀ ਨੂੰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਅਧਿਕਾਰੀ ਨੇ ਦੱਸਿਆ ਕਿ NH-44 ਤੋਂ ਇਲਾਵਾ, ਖ਼ਰਾਬ ਮੌਸਮ ਅਤੇ ਫਿਸਲਣ ਕਾਰਨ ਮੁਗਲ ਰੋਡ, SSG ਰੋਡ ਅਤੇ ਸਿੰਥਨ ਰੋਡ ਵੀ ਟ੍ਰੈਫਿਕ ਲਈ ਬੰਦ ਹਨ।
ਮੌਸਮ ਵਿਭਾਗ ਨੇ ਜਾਰੀ ਕੀਤਾ ਸੀ ਅਲਰਟ
ਜੰਮੂ-ਕਸ਼ਮੀਰ ਵਿੱਚ ਅੱਜ ਫਿਰ ਤੋਂ ਮੀਂਹ ਅਤੇ ਬਰਫ਼ਬਾਰੀ ਦਾ ਅਲਰਟ ਜਾਰੀ ਕੀਤਾ ਗਿਆ ਸੀ। ਮੌਸਮ ਵਿਗਿਆਨ ਕੇਂਦਰ ਸ਼੍ਰੀਨਗਰ ਨੇ ਦੱਸਿਆ ਸੀ ਕਿ ਸੋਮਵਾਰ ਦੇਰ ਸ਼ਾਮ ਤੋਂ ਅਗਲੇ ਦਿਨ ਮੰਗਲਵਾਰ ਤੱਕ ਸੂਬੇ ਦੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ। ਇਸ ਦੌਰਾਨ ਬੱਦਲਾਂ ਦੇ ਗਰਜਣ ਅਤੇ ਬਿਜਲੀ ਚਮਕਣ ਦੇ ਨਾਲ-ਨਾਲ 40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਸੰਵੇਦਨਸ਼ੀਲ ਇਲਾਕਿਆਂ ਵਿੱਚ ਢਿੱਗਾਂ ਡਿੱਗਣ ਅਤੇ ਪਹਾੜਾਂ ਤੋਂ ਪੱਥਰ ਡਿੱਗਣ ਦਾ ਖ਼ਤਰਾ ਰਹੇਗਾ।