ਸ਼ਰਮਨਾਕ ਘਟਨਾ: ਕੋਲਡ ਡਰਿੰਕ 'ਚ ਨਸ਼ਾ ਦੇ ਕੇ ਮੁਟਿਆਰ ਨਾਲ ਜਬਰ-ਜਨਾਹ, ਮਾਂਗ 'ਚ ਸੰਦੂਰ ਭਰ ਕੇ ਦਿੱਤੀ ਜਾਨੋਂ ਮਾਰਨ ਦੀ ਧਮਕੀ
ਪ੍ਰਤਾਪਗੜ੍ਹ ਜ਼ਿਲ੍ਹੇ ਦੇ ਮਾਂਧਾਤਾ ਥਾਣਾ ਖੇਤਰ ਦੀ ਰਹਿਣ ਵਾਲੀ ਇੱਕ ਮੁਟਿਆਰ ਤੇਲੀਅਰਗੰਜ ’ਚ ਕਿਰਾਏ 'ਤੇ ਕਮਰਾ ਲੈ ਕੇ ਰਹਿੰਦੀ ਹੈ। ਉਸ ਦਾ ਕਹਿਣਾ ਹੈ ਕਿ ਨਿੱਜੀ ਕੰਮ ਦੇ ਸਿਲਸਿਲੇ ’ਚ ਕਰੀਬ ਇੱਕ ਸਾਲ ਪਹਿਲਾਂ ਰੋਹਿਤ ਕੁਮਾਰ ਯਾਦਵ ਉਰਫ਼ ਰਾਹੁਲ ਯਾਦਵ ਪੁੱਤਰ ਸੁਰੇਸ਼ ਕੁਮਾਰ ਯਾਦਵ, ਨਿਵਾਸੀ ਮਟਿਆਰੀ, ਲਾਲਗੋਪਾਲਗੰਜ, ਨਵਾਬਗੰਜ (ਪ੍ਰਯਾਗਰਾਜ) ਨਾਲ ਚੌਰਾਸੀ ਖੰਭਾ ਜ਼ਿਲ੍ਹਾ ਕਚਹਿਰੀ ’ਚ ਮੁਲਾਕਾਤ ਹੋਈ ਸੀ।
Publish Date: Thu, 17 Sep 2026 05:12 PM (IST)
Updated Date: Thu, 17 Sep 2026 05:15 PM (IST)
ਜਾਗਰਣ ਸੰਵਾਦਦਾਤਾ, ਪ੍ਰਯਾਗਰਾਜ। ਨਸ਼ੀਲੀ ਕੋਲਡ ਡਰਿੰਕ ਪਿਲਾ ਕੇ ਜਬਰ-ਜਨਾਹ ਕਰਨ, ਮਾਂਗ ’ਚ ਸੰਦੂਰ ਭਰਨ ਅਤੇ ਫਿਰ ਜਾਨੋਂ ਮਾਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਨੇ ਨਵਾਬਗੰਜ ਦੇ ਰਹਿਣ ਵਾਲੇ ਵਕੀਲ ਰੋਹਿਤ ਕੁਮਾਰ ਯਾਦਵ ਉਰਫ਼ ਰਾਹੁਲ ਯਾਦਵ ਅਤੇ ਉਸ ਦੇ ਭਰਾ ਪ੍ਰਸ਼ਾਂਤ ਖ਼ਿਲਾਫ਼ ਸ਼ਿਵਕੁਟੀ ਥਾਣੇ ’ਚ ਮੁਕਦਮਾ ਦਰਜ ਕਰਵਾਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪ੍ਰਤਾਪਗੜ੍ਹ ਜ਼ਿਲ੍ਹੇ ਦੇ ਮਾਂਧਾਤਾ ਥਾਣਾ ਖੇਤਰ ਦੀ ਰਹਿਣ ਵਾਲੀ ਇੱਕ ਮੁਟਿਆਰ ਤੇਲੀਅਰਗੰਜ ’ਚ ਕਿਰਾਏ 'ਤੇ ਕਮਰਾ ਲੈ ਕੇ ਰਹਿੰਦੀ ਹੈ। ਉਸ ਦਾ ਕਹਿਣਾ ਹੈ ਕਿ ਨਿੱਜੀ ਕੰਮ ਦੇ ਸਿਲਸਿਲੇ ’ਚ ਕਰੀਬ ਇੱਕ ਸਾਲ ਪਹਿਲਾਂ ਰੋਹਿਤ ਕੁਮਾਰ ਯਾਦਵ ਉਰਫ਼ ਰਾਹੁਲ ਯਾਦਵ ਪੁੱਤਰ ਸੁਰੇਸ਼ ਕੁਮਾਰ ਯਾਦਵ, ਨਿਵਾਸੀ ਮਟਿਆਰੀ, ਲਾਲਗੋਪਾਲਗੰਜ, ਨਵਾਬਗੰਜ (ਪ੍ਰਯਾਗਰਾਜ) ਨਾਲ ਚੌਰਾਸੀ ਖੰਭਾ ਜ਼ਿਲ੍ਹਾ ਕਚਹਿਰੀ ’ਚ ਮੁਲਾਕਾਤ ਹੋਈ ਸੀ।
ਰੋਹਿਤ ਨੇ ਆਪ ਨੂੰ ਵਕੀਲ ਦੱਸ ਕੇ ਮਦਦ ਕਰਨ ਦਾ ਭਰੋਸਾ ਦਿੱਤਾ। ਮੋਬਾਈਲ ਨੰਬਰ ਲਿਆ ਅਤੇ ਕੰਮ ਦੇ ਸਿਲਸਿਲੇ ’ਚ ਗੱਲਬਾਤ ਕਰਨ ਲੱਗਾ। ਇਸੇ ਦੌਰਾਨ ਉਹ ਤੇਲੀਅਰਗੰਜ ਵਾਲੇ ਕਮਰੇ 'ਚ ਵੀ ਆਉਣ-ਜਾਣ ਲੱਗ ਪਿਆ।
ਦੋਸ਼ ਹੈ ਕਿ ਇੱਕ ਦਿਨ ਰੋਹਿਤ ਉਰਫ਼ ਰਾਹੁਲ ਯਾਦਵ ਸ਼ਾਮ ਨੂੰ ਕਮਰੇ 'ਤੇ ਆਇਆ ਅਤੇ ਨਾਲ ਕੁਝ ਖਾਣ ਦਾ ਸਾਮਾਨ ਤੇ ਕੋਲਡ ਡਰਿੰਕ ਲੈ ਕੇ ਆਇਆ ਸੀ। ਉਸ ਵਿੱਚ ਕੁਝ ਨਸ਼ੀਲਾ ਪਦਾਰਥ ਮਿਲਾ ਕੇ ਪਿਲਾ ਦਿੱਤਾ, ਜਿਸ ਨਾਲ ਉਹ ਬੇਹੋਸ਼ ਹੋ ਗਈ ਤਾਂ ਰੋਹਿਤ ਉਰਫ਼ ਰਾਹੁਲ ਯਾਦਵ ਨੇ ਬੇਸੁਧੀ ਦੀ ਹਾਲਤ ’ਚ ਜਬਰ-ਜਨਾਹ ਕੀਤਾ।
ਹੋਸ਼ ਆਉਣ 'ਤੇ ਜਦੋਂ ਜਬਰ-ਜਨਾਹ ਬਾਰੇ ਪੁੱਛਿਆ ਤਾਂ ਰੋਹਿਤ ਨੇ ਆਪਣੀ ਗ਼ਲਤੀ ਮੰਨਦਿਆਂ ਕਿਹਾ ਕਿ ਉਹ ਉਸ ਨੂੰ ਬਹੁਤ ਪਿਆਰ ਅਤੇ ਪਸੰਦ ਕਰਦਾ ਹੈ ਅਤੇ ਅੱਜ ਹੀ ਵਿਆਹ ਕਰੇਗਾ... ਇਹ ਕਹਿ ਕੇ ਪੂਜਾ ਘਰ 'ਚ ਪਏ ਸੰਦੂਰ ਨਾਲ ਉਸ ਦੀ ਮਾਂਗ ਭਰ ਦਿੱਤੀ। ਫਿਰ ਉਸ ਰਾਤ ਦੋ ਵਾਰ ਹੋਰ ਸਰੀਰਕ ਸੰਬੰਧ ਬਣਾਏ। ਉਸ ਤੋਂ ਬਾਅਦ ਉਹ ਲਗਾਤਾਰ ਕਮਰੇ 'ਤੇ ਆਉਂਦਾ ਰਹਿੰਦਾ ਸੀ।
ਦੋਸ਼ੀ ਰੋਹਿਤ ਨੇ ਕਿਹਾ ਕਿ ਜਲਦ ਹੀ ਆਪਣੇ ਪਰਿਵਾਰ ਨਾਲ ਮਿਲਵਾਏਗਾ। ਪੀੜਤਾ ਦੋ ਵਾਰ ਗਰਭਵਤੀ ਹੋਈ ਪਰ ਉਸ ਨੇ ਕਿਹਾ ਕਿ ਅਜੇ ਬੱਚਾ ਨਹੀਂ ਚਾਹੀਦਾ। ਇਹ ਕਹਿ ਕੇ ਜ਼ਬਰਦਸਤੀ ਦਵਾਈ ਖੁਆ ਕੇ ਗਰਭਪਾਤ ਕਰਵਾ ਦਿੱਤਾ, ਜਿਸ ਨਾਲ ਉਸ ਦੀ ਤਬੀਅਤ ਕਾਫ਼ੀ ਖ਼ਰਾਬ ਹੋ ਗਈ ਅਤੇ ਘਰਦਿਆਂ ਨੇ ਉਸ ਦਾ ਇਲਾਜ ਕਰਵਾਇਆ।
ਮੁਟਿਆਰ ਦਾ ਦੋਸ਼ ਹੈ ਕਿ ਇਸੇ ਦੌਰਾਨ ਸੂਚਨਾ ਮਿਲੀ ਕਿ ਰੋਹਿਤ ਉਰਫ਼ ਰਾਹੁਲ ਯਾਦਵ ਦਾ ਵਿਆਹ 25 ਨਵੰਬਰ ਨੂੰ ਕਿਸੇ ਹੋਰ ਲੜਕੀ ਨਾਲ ਤੈਅ ਹੋ ਗਿਆ ਹੈ। ਕਈ ਵਾਰ ਉਸ ਤੋਂ ਪੁੱਛਿਆ ਪਰ ਉਹ ਝੂਠ ਬੋਲਦਾ ਰਿਹਾ। ਜਦੋਂ ਉਸ ਨਾਲ ਘਰ ਚੱਲਣ ਦੀ ਜ਼ਿੱਦ ਕਰਨ ਲੱਗੀ ਤਾਂ ਰੋਹਿਤ ਉਸ ਕੋਲ ਆਉਣ ਤੋਂ ਕਤਰਾਉਣ ਲੱਗਾ ਅਤੇ ਫ਼ੋਨ 'ਤੇ ਵੀ ਗੱਲ ਘੱਟ ਕਰ ਦਿੱਤੀ।
ਗੱਲ ਹੁੰਦੀ ਤਾਂ ਕਹਿੰਦਾ ਕਿ ਉਸ ਦਾ ਵਿਆਹ ਕਿਤੇ ਹੋਰ ਤੈਅ ਹੋ ਰਿਹਾ ਹੈ। ਉਸ ਦੇ ਘਰ ਵਾਲੇ ਇਸ ਵਿਆਹ ਨੂੰ ਸਵੀਕਾਰ ਨਹੀਂ ਕਰ ਰਹੇ, ਇਸ ਲਈ ਹੁਣ ਉਸ ਨੂੰ ਭੁੱਲ ਜਾਵੇ ਅਤੇ ਉਹ ਕੋਈ ਸੰਬੰਧ ਨਹੀਂ ਰੱਖਣਾ ਚਾਹੁੰਦਾ। ਦੋਸ਼ ਹੈ ਕਿ ਰੋਹਿਤ ਨੇ ਕਮਰੇ ਵਿੱਚ ਆ ਕੇ ਅੰਦਰੋਂ ਬੰਦ ਕਰ ਕੇ ਕਈ ਵਾਰ ਲੱਤਾਂ-ਮੁੱਕਿਆਂ ਨਾਲ ਕੁੱਟਮਾਰ ਕੀਤੀ। 22 ਜੂਨ ਦੀ ਸ਼ਾਮ ਕਰੀਬ ਚਾਰ ਵਜੇ ਰੋਹਿਤ ਆਪਣੇ ਸਕੇ ਭਰਾ ਪ੍ਰਸ਼ਾਂਤ ਯਾਦਵ ਨੂੰ ਲੈ ਕੇ ਕਮਰੇ 'ਤੇ ਆਇਆ।
ਉਸ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਪ੍ਰਸ਼ਾਂਤ ਨੇ ਪਹਿਲਾਂ ਬਹੁਤ ਪਿਆਰ ਨਾਲ ਭਾਬੀ-ਭਾਬੀ ਕਹਿ ਕੇ ਪਿਆਰੀਆਂ ਗੱਲਾਂ ਕੀਤੀਆਂ ਅਤੇ ਕਮਰੇ ਵਿੱਚ ਬੈਠ ਗਿਆ। ਦੋਵਾਂ ਭਰਾਵਾਂ ਨੇ ਗੱਲਬਾਤ ਕਰਨ ਦੇ ਬਹਾਨੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ ਅਤੇ ਜਾਨੋਂ ਮਾਰਨ ਲਈ ਕੁੱਟਮਾਰ 'ਤੇ ਉਤਾਰੂ ਹੋ ਗਏ। ਮੁਟਿਆਰ ਦਾ ਦੋਸ਼ ਹੈ ਕਿ ਪ੍ਰਸ਼ਾਂਤ ਨੇ ਗਲਾ ਘੁੱਟ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਕਮਰੇ ਤੋਂ ਬਾਹਰ ਭੱਜੀ ਅਤੇ ਗੁਆਂਢੀਆਂ ਨੂੰ ਮਦਦ ਲਈ ਆਵਾਜ਼ਾਂ ਮਾਰੀਆਂ। ਲੋਕਾਂ ਨੂੰ ਆਉਂਦੇ ਦੇਖ ਕੇ ਰੋਹਿਤ ਅਤੇ ਪ੍ਰਸ਼ਾਂਤ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ।