ਸਿਆਸੀ ਜਗਤ 'ਚ ਸੋਗ ਦੀ ਲਹਿਰ : 38 ਏਕੜ ਜ਼ਮੀਨ ਨੂੰ ਲੈ ਕੇ ਦਿਨ-ਦਿਹਾੜੇ ਕਾਂਗਰਸ ਆਗੂ ਦਾ ਕਤਲ, ਇਲਾਕੇ ' ਫੈਲੀ ਸਨਸਨੀ
38 ਏਕੜ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਮੰਗਲਵਾਰ ਸਵੇਰੇ ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਲਵਪ੍ਰੀਤ ਸਿੰਘ ਦੀ ਕੁਹਾੜੀ ਅਤੇ ਲਾਠੀਆਂ-ਡਾਂਗਾਂ ਨਾਲ ਹਮਲਾ ਕਰਕੇ ਹੱਤਿਆ ਕਰ ਦਿੱਤੀ ਗਈ। ਹਮਲੇ ਵਿੱਚ ਉਨ੍ਹਾਂ ਦੇ ਪਿਤਾ ਨਾਜ਼ਮ ਸਿੰਘ ਵੀ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਕਮਿਊਨਿਟੀ ਹੈਲਥ ਸੈਂਟਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
Publish Date: Wed, 04 Nov 2026 11:14 AM (IST)
Updated Date: Wed, 04 Nov 2026 11:16 AM (IST)
ਨੈਸ਼ਨਲ ਡੈਸਕ, ਨਵੀਂ ਦਿੱਲੀ - ਸਿਰਸਾ ਦੇ ਕਾਲਾਂਵਾਲੀ ਵਿੱਚ 38 ਏਕੜ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਮੰਗਲਵਾਰ ਸਵੇਰੇ ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਲਵਪ੍ਰੀਤ ਸਿੰਘ ਦੀ ਕੁਹਾੜੀ ਅਤੇ ਲਾਠੀਆਂ-ਡਾਂਗਾਂ ਨਾਲ ਹਮਲਾ ਕਰਕੇ ਹੱਤਿਆ ਕਰ ਦਿੱਤੀ ਗਈ। ਹਮਲੇ ਵਿੱਚ ਉਨ੍ਹਾਂ ਦੇ ਪਿਤਾ ਨਾਜ਼ਮ ਸਿੰਘ ਵੀ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਕਮਿਊਨਿਟੀ ਹੈਲਥ ਸੈਂਟਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਪੁਲਿਸ ਨੇ ਮ੍ਰਿਤਕ ਦੇ ਮਤਰੇਏ ਭਰਾ ਸਮੇਤ ਹੋਰ ਲੋਕਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ। ਦੇਰ ਰਾਤ ਤੱਕ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਸੀ। ਜਾਂਚ ਅਧਿਕਾਰੀ ਦੇਵੀਲਾਲ ਅਨੁਸਾਰ, ਕਾਲਾਂਵਾਲੀ ਕਮਿਊਨਿਟੀ ਹੈਲਥ ਸੈਂਟਰ ਵਿੱਚ ਇਲਾਜ ਅਧੀਨ ਨਾਜ਼ਮ ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਨ੍ਹਾਂ ਨੇ ਦੋ ਵਿਆਹ ਕੀਤੇ ਸਨ।
ਪਹਿਲੀ ਪਤਨੀ ਤੋਂ ਇੱਕ ਪੁੱਤਰ ਗੁਰਲਾਲ ਅਤੇ ਇੱਕ ਧੀ ਹੈ, ਜਦਕਿ ਦੂਜੀ ਪਤਨੀ ਤੋਂ ਲਵਪ੍ਰੀਤ ਇਕਲੌਤਾ ਪੁੱਤਰ ਸੀ। ਦੋਵਾਂ ਭਰਾਵਾਂ ਵਿਚਾਲੇ 38 ਏਕੜ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਇਸੇ ਕਾਰਨ ਗੁਰਲਾਲ ਕਰੀਬ ਅੱਠ ਮਹੀਨੇ ਪਹਿਲਾਂ ਲਵਪ੍ਰੀਤ ਤੋਂ ਵੱਖ ਹੋ ਗਿਆ ਸੀ। ਕੁਝ ਦਿਨ ਪਹਿਲਾਂ ਵੀ ਦੋਵਾਂ ਧਿਰਾਂ ਵਿਚਾਲੇ ਝਗੜਾ ਹੋਇਆ ਸੀ।
ਨਾਜ਼ਮ ਸਿੰਘ ਮੁਤਾਬਕ, ਮੰਗਲਵਾਰ ਸਵੇਰੇ ਉਹ ਅਤੇ ਲਵਪ੍ਰੀਤ ਖੇਤ ਤੋਂ ਘਰ ਵਾਪਸ ਆ ਰਹੇ ਸਨ। ਇਸੇ ਦੌਰਾਨ ਗੁਰਲਾਲ ਆਪਣੇ ਜਾਣਕਾਰਾਂ ਨਾਲ ਉੱਥੇ ਪਹੁੰਚਿਆ ਅਤੇ ਉਨ੍ਹਾਂ 'ਤੇ ਕੁਹਾੜੀ ਤੇ ਲਾਠੀਆਂ-ਡਾਂਗਾਂ ਨਾਲ ਹਮਲਾ ਕਰ ਦਿੱਤਾ। ਰਾਹਗੀਰ ਦੋਵਾਂ ਨੂੰ ਕਾਲਾਂਵਾਲੀ ਕਮਿਊਨਿਟੀ ਹੈਲਥ ਸੈਂਟਰ ਲੈ ਗਏ।
ਸੂਚਨਾ ਮਿਲਣ 'ਤੇ ਪਰਿਵਾਰਕ ਮੈਂਬਰ ਵੀ ਹਸਪਤਾਲ ਪਹੁੰਚ ਗਏ। ਲਵਪ੍ਰੀਤ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਜ਼ਿਲ੍ਹਾ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਲਵਪ੍ਰੀਤ ਨੇ ਜਤਾਇਆ ਸੀ ਜਾਨ ਨੂੰ ਖ਼ਤਰਾ ਹੋਣ ਦਾ ਖ਼ਦਸ਼ਾ ਲਵਪ੍ਰੀਤ ਦੇ ਸਾਲੇ ਹੈਪੀ ਸਿੰਘ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਜੀਜਾ ਲਵਪ੍ਰੀਤ ਨੇ ਕਰੀਬ ਦੋ ਮਹੀਨੇ ਪਹਿਲਾਂ ਕਾਲਾਂਵਾਲੀ ਦੇ ਡੀਐੱਸਪੀ ਅਤੇ ਥਾਣਾ ਇੰਚਾਰਜ ਨੂੰ ਸ਼ਿਕਾਇਤ ਦੇ ਕੇ ਗੁਰਲਾਲ ਦਾ ਲਾਇਸੈਂਸੀ ਹਥਿਆਰ ਜਮ੍ਹਾਂ ਕਰਵਾਉਣ ਦੀ ਮੰਗ ਕੀਤੀ ਸੀ।
ਲਵਪ੍ਰੀਤ ਨੇ ਆਪਣੀ ਜਾਨ ਨੂੰ ਖ਼ਤਰਾ ਹੋਣ ਦਾ ਖ਼ਦਸ਼ਾ ਵੀ ਜਤਾਇਆ ਸੀ। ਲਵਪ੍ਰੀਤ ਦਾ ਵਿਆਹ ਚਾਰ ਸਾਲ ਪਹਿਲਾਂ ਹੋਇਆ ਸੀ। ਉਨ੍ਹਾਂ ਦਾ ਤਿੰਨ ਸਾਲ ਦਾ ਇੱਕ ਪੁੱਤਰ ਹੈ। ਉਨ੍ਹਾਂ ਦੇ ਦਾਦਾ ਮੀਤ ਸਿੰਘ ਪਿੰਡ ਦੇ ਤਿੰਨ ਵਾਰ ਸਰਪੰਚ ਰਹਿ ਚੁੱਕੇ ਹਨ। ਪੁਲਿਸ ਨੇ ਗੁਰਲਾਲ ਸਿੰਘ ਸਮੇਤ ਹੋਰਾਂ ਖ਼ਿਲਾਫ਼ ਐੱਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।