- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੱਕ ਵਾਰ ਉਨ੍ਹਾਂ ਦਾ ਜਨਮਦਿਨ ਮਨਾਉਣ ਉਨ੍ਹਾਂ ਦੇ ਕੁਝ ਵਿਦਿਆਰਥੀ ਉਨ੍ਹਾਂ ਕੋਲ ਪਹੁੰਚੇ। ਤਦ ਉਨ੍ਹਾਂ ਕਿਹਾ ਕਿ ਮੇਰੇ ਜਨਮਦਿਨ ਨੂੰ ਵੱਖਰੇ ਤੌਰ ’ਤੇ ਮਨਾਉਣ ਦੀ ਬਜਾਏ, ਇਸ ਦਿਨ ਨੂੰ ਦੇਸ਼ ਭਰ ਦੇ ਅਧਿਆਪਕਾਂ ਦੇ ਸਨਮਾਨ ਲਈ ਸਮਰਪਿਤ ਕੀਤਾ ਜਾਵੇ

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : 5 ਸਤੰਬਰ ਨੂੰ ਪੂਰਾ ਭਾਰਤ ਬੜੇ ਉਤਸ਼ਾਹ ਨਾਲ ਅਧਿਆਪਕ ਦਿਵਸ ਮਨਾਉਂਦਾ ਹੈ। ਇਹ ਦਿਨ ਹਰ ਅਧਿਆਪਕ ਤੇ ਵਿਦਿਆਰਥੀ ਲਈ ਖਾਸ ਹੁੰਦਾ ਹੈ। ਸਕੂਲਾਂ ਤੇ ਕਾਲਜਾਂ ’ਚ ਇਸ ਦਿਨ ਖਾਸ ਪ੍ਰੋਗਰਾਮ ਕੀਤੇ ਜਾਂਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦਿਨ ਨੂੰ ਦੇਸ਼ ਦੇ ਦੂਜੇ ਰਾਸ਼ਟਰਪਤੀ ਦੇ ਜਨਮਦਿਨ ਮੌਕੇ ’ਤੇ ਹੀ ਕਿਉਂ ਮਨਾਇਆ ਜਾਂਦਾ ਹੈ?
ਭਾਰਤ ਦੇ ਪਹਿਲੇ ਉਪ-ਰਾਸ਼ਟਰਪਤੀ ਤੇ ਦੂਜੇ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮਦਿਨ ਨੂੰ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ। ਡਾ. ਰਾਧਾਕ੍ਰਿਸ਼ਨਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਅਧਿਆਪਕ ਕੀਤੀ ਸੀ। ਆਪਣੀ ਸਾਦਗੀ ਤੇ ਬੁੱਧੀਮਾਨੀ ਲਈ ਜਾਣੇ ਜਾਂਦੇ ਡਾ. ਰਾਧਾਕ੍ਰਿਸ਼ਨਨ ਅਧਿਆਪਕਾਂ ਨੂੰ ਦੇਸ਼ ਦਾ ਮਾਰਗਦਰਸ਼ਕ ਮੰਨਦੇ ਸਨ। ਆਓ ਅਧਿਆਪਕ ਦਿਵਸ ਦੇ ਇਸ ਮੌਕੇ ’ਤੇ ਉਨ੍ਹਾਂ ਦੇ ਜੀਵਨ ਬਾਰੇ ਜਾਣੀਏ।
ਕਿਹੋ ਜਿਹਾ ਸੀ ਸ਼ੁਰੂਆਤੀ ਜੀਵਨ?
ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦਾ ਜਨਮ 5 ਸਤੰਬਰ 1888 ਨੂੰ ਤਾਮਿਲਨਾਡੂ ਦੇ ਤਿਰੁਤਨੀ ਪਿੰਡ ’ਚ ਇੱਕ ਸਾਧਾਰਨ ਬ੍ਰਾਹਮਣ ਪਰਿਵਾਰ ’ਚ ਹੋਇਆ ਸੀ। ਪਰਿਵਾਰ ਦੀ ਆਰਥਿਕ ਹਾਲਤ ਕਮਜ਼ੋਰ ਹੋਣ ਕਾਰਨ ਉਨ੍ਹਾਂ ਦਾ ਬਚਪਨ ਕਾਫ਼ੀ ਸੰਘਰਸ਼ਾਂ ’ਚ ਬੀਤਿਆ। ਡਾ. ਰਾਧਾਕ੍ਰਿਸ਼ਨਨ ਨੂੰ ਬਚਪਨ ਤੋਂ ਹੀ ਪੜ੍ਹਾਈ-ਲਿਖਾਈ ਦਾ ਕਾਫ਼ੀ ਸ਼ੌਕ ਸੀ। ਉਨ੍ਹਾਂ ਨੇ ਸਕਾਲਰਸ਼ਿਪਸ ਦੀ ਮਦਦ ਨਾਲ ਆਪਣੀ ਸਿੱਖਿਆ ਪੂਰੀ ਕੀਤੀ ਤੇ ਮਦਰਾਸ ਕ੍ਰਿਸਚਿਅਨ ਕਾਲਜ ਤੋਂ ਫ਼ਿਲਾਸਫ਼ੀ ’ਚ ਐੱਮਏ ਦੀ ਡਿਗਰੀ ਹਾਸਲ ਕੀਤੀ।
ਇੱਕ ਮਹਾਨ ਅਧਿਆਪਕ ਤੇ ਦਾਰਸ਼ਨਿਕ
ਸਿੱਖਿਆ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਨੇ ਇੱਕ ਅਧਿਆਪਕ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਮੈਸੂਰ ਯੂਨੀਵਰਸਿਟੀ ਤੇ ਕਲਕੱਤਾ ਯੂਨੀਵਰਸਿਟੀ ’ਚ ਬਤੌਰ ਪ੍ਰੋਫੈਸਰ ਕੰਮ ਕੀਤਾ। ਉਹ ਸਿਰਫ਼ ਇੱਕ ਅਧਿਆਪਕ ਨਹੀਂ ਸਨ, ਸਗੋਂ ਇੱਕ ਦਾਰਸ਼ਨਿਕ ਵੀ ਸਨ। ਉਨ੍ਹਾਂ ਦੇ ਪੜ੍ਹਾਉਣ ਦਾ ਤਰੀਕਾ ਏਨਾ ਵਧੀਆ ਸੀ ਕਿ ਵਿਦਿਆਰਥੀ ਉਨ੍ਹਾਂ ਦੇ ਲੈਕਚਰ ਸੁਣਨ ਲਈ ਦੂਰ-ਦੂਰ ਤੋਂ ਆਉਂਦੇ ਸਨ। ਉਨ੍ਹਾਂ ਨੇ ਆਕਸਫੋਰਡ ਯੂਨੀਵਰਸਿਟੀ ’ਚ ਵੀ ਬਤੌਰ ਪ੍ਰੋਫੈਸਰ ਕੰਮ ਕੀਤਾ ਤੇ ਪੱਛਮੀ ਦੁਨੀਆ ਦੇ ਸਾਹਮਣੇ ਭਾਰਤ ਦੇ ਦਰਸ਼ਨ ਸ਼ਾਸਤਰ ਨੂੰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ।
ਰਾਜਨੀਤੀ ’ਚ ਅਹਿਮ ਭੂਮਿਕਾ
ਦੇਸ਼ ਦੀ ਆਜ਼ਾਦੀ ਤੋਂ ਬਾਅਦ ਡਾ. ਰਾਧਾਕ੍ਰਿਸ਼ਨਨ ਨੇ ਕੂਟਨੀਤੀ ਤੇ ਰਾਜਨੀਤੀ ’ਚ ਵੀ ਅਹਿਮ ਯੋਗਦਾਨ ਦਿੱਤਾ। ਸਾਲ 1949-52 ਤੱਕ, ਉਹ ਸੋਵੀਅਤ ਸੰਘ ’ਚ ਭਾਰਤ ਦੇ ਰਾਜਦੂਤ ਰਹੇ, ਜਿੱਥੇ ਉਨ੍ਹਾਂ ਨੇ ਭਾਰਤ ਦੇ ਸਬੰਧਾਂ ਨੂੰ ਮਜ਼ਬੂਤ ਬਣਾਉਣ ਲਈ ਕੰਮ ਕੀਤਾ। 1952 ’ਚ ਉਹ ਭਾਰਤ ਦੇ ਪਹਿਲੇ ਉਪ-ਰਾਸ਼ਟਰਪਤੀ ਬਣੇ ਤੇ ਸਾਲ 1962 ’ਚ ਦੇਸ਼ ਦੇ ਦੂਜੇ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਿਆ। ਸਾਲ 1954 ’ਚ ਉਨ੍ਹਾਂ ਨੂੰ ਭਾਰਤ ਦੇ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ।
5 ਸਤੰਬਰ ਨੂੰ ਅਧਿਆਪਕ ਦਿਵਸ ਕਿਉਂ ਮਨਾਇਆ ਜਾਂਦਾ ਹੈ?
ਡਾ. ਰਾਧਾਕ੍ਰਿਸ਼ਨਨ ਨਾਲ ਜੁੜੀ ਇੱਕ ਕਹਾਣੀ ਹੈ ਕਿ ਇੱਕ ਵਾਰ ਉਨ੍ਹਾਂ ਦਾ ਜਨਮਦਿਨ ਮਨਾਉਣ ਉਨ੍ਹਾਂ ਦੇ ਕੁਝ ਵਿਦਿਆਰਥੀ ਉਨ੍ਹਾਂ ਕੋਲ ਪਹੁੰਚੇ। ਤਦ ਉਨ੍ਹਾਂ ਕਿਹਾ ਕਿ ਮੇਰੇ ਜਨਮਦਿਨ ਨੂੰ ਵੱਖਰੇ ਤੌਰ ’ਤੇ ਮਨਾਉਣ ਦੀ ਬਜਾਏ, ਇਸ ਦਿਨ ਨੂੰ ਦੇਸ਼ ਭਰ ਦੇ ਅਧਿਆਪਕਾਂ ਦੇ ਸਨਮਾਨ ਲਈ ਸਮਰਪਿਤ ਕੀਤਾ ਜਾਵੇ, ਤਾਂ ਮੇਰੇ ਲਈ ਬਹੁਤ ਮਾਣ ਤੇ ਖੁਸ਼ੀ ਦੀ ਗੱਲ ਹੋਵੇਗੀ। ਉਨ੍ਹਾਂ ਦੇ ਇਸੇ ਵਿਚਾਰ ਦੇ ਸਨਮਾਨ ’ਚ ਹਰ ਸਾਲ ਅਧਿਆਪਕ ਦਿਵਸ ਮਨਾਉਣ ਦੀ ਸ਼ੁਰੂਆਤ ਹੋਈ।