CJP ਪ੍ਰਦਰਸ਼ਨ ’ਚ ਬੱਚੇ 'ਤੇ ਹਮਲੇ ਦੇ ਮਾਮਲੇ 'ਚ SC ਸਖ਼ਤ, ਪੁੱਛਿਆ- ਹਿੰਸਾ ਕਰਨ ਵਾਲੇ ਸ਼ਰੇਆਮ ਕਿਵੇਂ ਘੁੰਮ ਰਹੇ ਹਨ? ਜਸਟਿਸ ਜੋਏਮਾਲਿਆ ਬਾਗਚੀ ਅਤੇ ਜਸਟਿਸ ਵੀ. ਮੋਹਨਾ ਦੀ ਬੈਂਚ ਨੇ ਉੱਤਰ ਪ੍ਰਦੇਸ਼ ਅਤੇ ਦਿੱਲੀ ਤੋਂ ਐੱਫ.ਆਈ.ਆਰ. (FIR), ਨਾਬਾਲਗ ਅਤੇ ਉਸ ਦੇ ਪਰਿਵਾਰ ਦੀ ਸੁਰੱਖਿਆ ਦੇ ਇੰਤਜ਼ਾਮਾਂ ਅਤੇ ਕੁੱਟਮਾਰ ਤੇ ਡਰਾਉਣ-ਧਮਕਾਉਣ ’ਚ ਕਥਿਤ ਤੌਰ 'ਤੇ ਸ਼ਾਮਲ ਲੋਕਾਂ ਖ਼ਿਲਾਫ਼ ਕੀਤੀ ਗਈ ਕਾਰਵਾਈ ਬਾਰੇ ਜ਼ਬਾਨੀ ਸਟੇਟਸ ਰਿਪੋਰਟ ਮੰਗੀ।
Publish Date: Thu, 10 Sep 2026 03:57 PM (IST)
Updated Date: Thu, 10 Sep 2026 03:58 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਵਿਰੋਧ ਪ੍ਰਦਰਸ਼ਨਾਂ ਨਾਲ ਜੁੜੀ ਇੱਕ 14 ਸਾਲਾ ਲੜਕੀ ਨੂੰ ਡਰਾਉਣ-ਧਮਕਾਉਣ ਅਤੇ ਉਸਦੇ ਘਰ 'ਤੇ ਪੱਥਰ ਸੁੱਟਣ ਦੇ ਦੋਸ਼ਾਂ ਦਾ ਗੰਭੀਰ ਨੋਟਿਸ ਲਿਆ।
ਮੁੱਖ ਜੱਜ (CJI) ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਨਾਬਾਲਗ ਨੂੰ ਡਰਾਉਣ-ਧਮਕਾਉਣ ਦੇ ਦੋਸ਼ਾਂ ਨੂੰ ਹਲਕੇ ’ਚ ਨਹੀਂ ਲਿਆ ਜਾ ਸਕਦਾ। ਬੈਂਚ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਿਸੇ ਵੀ ਵਿਅਕਤੀ ਨੂੰ ਅਪਰਾਧਿਕ ਕਾਰਵਾਈ ਅੱਗੇ ਵਧਾਉਣ ਲਈ ਪੀੜਤ ਜਾਂ ਉਸ ਦੇ ਪਰਿਵਾਰ ਨੂੰ ਡਰਾਉਣ-ਧਮਕਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।
ਸੁਪਰੀਮ ਕੋਰਟ ਨੇ ਮੰਗੀ ਸਟੇਟਸ ਰਿਪੋਰਟ ਜਸਟਿਸ ਜੋਏਮਾਲਿਆ ਬਾਗਚੀ ਅਤੇ ਜਸਟਿਸ ਵੀ. ਮੋਹਨਾ ਦੀ ਬੈਂਚ ਨੇ ਉੱਤਰ ਪ੍ਰਦੇਸ਼ ਅਤੇ ਦਿੱਲੀ ਤੋਂ ਐੱਫ.ਆਈ.ਆਰ. (FIR), ਨਾਬਾਲਗ ਅਤੇ ਉਸ ਦੇ ਪਰਿਵਾਰ ਦੀ ਸੁਰੱਖਿਆ ਦੇ ਇੰਤਜ਼ਾਮਾਂ ਅਤੇ ਕੁੱਟਮਾਰ ਤੇ ਡਰਾਉਣ-ਧਮਕਾਉਣ ’ਚ ਕਥਿਤ ਤੌਰ 'ਤੇ ਸ਼ਾਮਲ ਲੋਕਾਂ ਖ਼ਿਲਾਫ਼ ਕੀਤੀ ਗਈ ਕਾਰਵਾਈ ਬਾਰੇ ਜ਼ਬਾਨੀ ਸਟੇਟਸ ਰਿਪੋਰਟ ਮੰਗੀ।
ਬੈਂਚ ਨੇ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਲੜਕੀ ਦੀ ਐੱਫ.ਆਈ.ਆਰ. 'ਤੇ ਉਚਿਤ ਕਾਰਵਾਈ ਹੋਵੇ ਅਤੇ ਉਸ ਨੂੰ ਪੂਰੀ ਸੁਰੱਖਿਆ ਦਿੱਤੀ ਜਾਵੇ।
ਕੀ ਹੈ ਮਾਮਲਾ? ਇਹ ਮਾਮਲਾ ਵਿਦਿਆਰਥੀਆਂ ਦੇ ਵਿਰੋਧ-ਪ੍ਰਦਰਸ਼ਨ ਨਾਲ ਜੁੜੀ ਸੁਣਵਾਈ ਦੌਰਾਨ ਅਦਾਲਤ ਦੇ ਸਾਹਮਣੇ ਆਇਆ ਜਦੋਂ ਇੱਕ ਵਕੀਲ ਨੇ 14 ਸਾਲਾ ਲੜਕੀ ਦੀਆਂ ਚਿੰਤਾਵਾਂ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਇੱਕ ਵਿਅਕਤੀ ਨੇ ਵੀਡੀਓ ’ਚ ਫ਼ੋਕੀ ਸ਼ਾਨ ਦਿਖਾਉਂਦੇ ਹੋਏ ਦਾਅਵਾ ਕੀਤਾ ਸੀ ਕਿ ਉਸ ਨੇ ਸੀ.ਜੇ.ਪੀ. ਦੇ ਵਿਰੋਧ-ਪ੍ਰਦਰਸ਼ਨ ਦੌਰਾਨ ਲੜਕੀ ਦੇ ਪਿਤਾ 'ਤੇ ਹਮਲਾ ਕੀਤਾ ਸੀ। ਉਸ ਵਿਅਕਤੀ ਸੁਤੰਤਰ ਭਾਰਦਵਾਜ ਨੂੰ ਬਾਅਦ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਹਿਰਾਸਤ ਵਿੱਚ ਭੇਜ ਦਿੱਤਾ ਗਿਆ।
ਬਿਨਾਂ ਕਿਸੇ ਦਾ ਨਾਂ ਲਏ ਵਕੀਲ ਨੇ ਕਿਹਾ, "ਇੱਕ ਵਿਅਕਤੀ ਨੇ ਵੀਡੀਓ ਵਿੱਚ ਸ਼ੇਖੀ ਮਾਰਦਿਆਂ ਮੰਨਿਆ ਹੈ ਕਿ ਉਸ ਨੇ ਇਹ ਕੰਮ ਕੀਤਾ ਹੈ। ਉਸ ਦੇ ਨਾਲ ਮੌਜੂਦ ਲੋਕਾਂ 'ਤੇ ਕਾਰਵਾਈ ਕਰਨ ਦੀ ਬਜਾਏ ਉਸ ਬੱਚੀ ਦੇ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਇਹ ਇਸ ਅਦਾਲਤ ਦੇ ਹੁਕਮਾਂ ਦੇ ਖ਼ਿਲਾਫ਼ ਹੈ। ਅਸੀਂ ਚਾਹੁੰਦੇ ਹਾਂ ਕਿ ਯੂ.ਪੀ. ਸਰਕਾਰ ਅਤੇ ਦਿੱਲੀ ਦੀ ਐੱਨ.ਸੀ.ਟੀ. ਸਰਕਾਰ ਇਸ 'ਤੇ ਜਵਾਬ ਦੇਵੇ।"
ਉਨ੍ਹਾਂ ਅੱਗੇ ਕਿਹਾ, "ਉਸ ਦੀ ਐੱਫ.ਆਈ.ਆਰ. ਪਾਰਲੀਮੈਂਟ ਸਟ੍ਰੀਟ ਪੁਲਿਸ ਸਟੇਸ਼ਨ ਵਿੱਚ ਦਰਜ ਹੈ। ਅਸੀਂ ਵੀਡੀਓ ਸਬੂਤ ਦੇ ਸਕਦੇ ਹਾਂ ਕਿ ਉਸ ਦੇ ਘਰ 'ਤੇ ਪੱਥਰੁੱਬਾਜ਼ੀ ਕੀਤੀ ਗਈ ਸੀ। ਕਮੇਟੀ ਦੀ ਜਾਂਚ ਵਿੱਚ ਸਮਾਂ ਲੱਗੇਗਾ। ਜੇਕਰ ਉਸ ਬੱਚੀ ਨਾਲ ਕੋਈ ਅਣਹੋਣੀ ਹੁੰਦੀ ਹੈ ਤਾਂ ਅਸੀਂ ਚੀਜ਼ਾਂ ਨੂੰ ਠੀਕ ਨਹੀਂ ਕਰ ਸਕਾਂਗੇ।"
ਸੀ.ਜੇ.ਆਈ. ਨੇ ਕੀ ਕਿਹਾ?
ਦੋਸ਼ਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਸੀ.ਜੇ.ਆਈ. ਨੇ ਕਿਹਾ, "ਜੇਕਰ ਅਜਿਹੇ ਅਸਮਾਜਿਕ ਅਨਸਰ ਹਨ ਜਿਨ੍ਹਾਂ ਨੇ ਬੱਚੀ ਦੇ ਖ਼ਿਲਾਫ਼ ਹਿੰਸਾ ਕੀਤੀ ਹੈ ਅਤੇ ਉਹ ਸ਼ਰੇਆਮ ਘੁੰਮ ਰਹੇ ਹਨ ਤੇ ਬੱਚੀ ਨੂੰ ਡਰਾਉਣ-ਧਮਕਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਤਾਂ ਇਹ ਇੱਕ ਗੰਭੀਰ ਗੱਲ ਹੋ ਸਕਦੀ ਹੈ। ਇਹ ਮਾਮਲਾ ਜਾਇਜ਼ ਹੈ। ਇਸ 'ਤੇ ਕੋਈ ਦੋ ਰਾਇ ਨਹੀਂ ਹੋ ਸਕਦੀ।"
ਸਾਲਿਸਟਰ ਜਨਰਲ ਨਾਲ ਗੱਲ ਕਰਦਿਆਂ ਸੀ.ਜੇ.ਆਈ. ਨੇ ਕਿਹਾ, "ਬੱਚਾ ਤਾਂ ਬੱਚਾ ਹੀ ਹੁੰਦਾ ਹੈ। ਬੱਚੇ ਦੀ ਸੁਰੱਖਿਆ ਲਈ ਕੁਝ ਉਪਾਅ ਕੀਤੇ ਜਾ ਸਕਦੇ ਹਨ। ਸਥਾਨਕ ਪੁਲਿਸ ਇਸ ਘਟਨਾ ਨੂੰ ਇੱਕ ਵੱਖਰੇ ਮਾਮਲੇ ਵਜੋਂ ਵੇਖ ਸਕਦੀ ਹੈ।"
ਐੱਸ.ਜੀ. ਮਹਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਬੱਚੀ ਦੀ ਸੋਸ਼ਲ ਮੀਡੀਆ ਪੋਸਟ ਤੋਂ ਇਸ ਮਾਮਲੇ ਬਾਰੇ ਪਤਾ ਲੱਗਾ ਸੀ। ਵਕੀਲ ਨੇ ਦੱਸਿਆ ਕਿ ਅਜਿਹੇ ਵੀਡੀਓ ਹਨ ਜਿਨ੍ਹਾਂ ਵਿੱਚ ਚਾਰ ਪੁਲਿਸ ਕਰਮਚਾਰੀ ਉਨ੍ਹਾਂ ਅਨਸਰਾਂ ਨਾਲ ਦਿਖਾਈ ਦੇ ਰਹੇ ਹਨ ਜਿਨ੍ਹਾਂ ਨੇ ਪ੍ਰਦਰਸ਼ਨਕਾਰੀਆਂ 'ਤੇ ਹਮਲਾ ਕੀਤਾ ਸੀ ਅਤੇ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।
ਜਸਟਿਸ ਜੋਏਮਾਲਿਆ ਬਾਗਚੀ ਨੇ ਐੱਸ.ਜੀ. ਨੂੰ ਕਿਹਾ, "ਅਸੀਂ ਚਾਹੁੰਦੇ ਹਾਂ ਕਿ ਉਸ ਐੱਫ.ਆਈ.ਆਰ. 'ਤੇ ਤੁਰੰਤ ਐਕਸ਼ਨ ਲਿਆ ਜਾਵੇ ਅਤੇ ਯੂ.ਪੀ. ਪੁਲਿਸ ਪੀੜਤ ਅਤੇ ਪਰਿਵਾਰ ਨੂੰ ਪੁਲਿਸ ਸੁਰੱਖਿਆ ਦੇਵੇ। ਜਾਂਚ ਪਾਰਲੀਮੈਂਟ ਸਟ੍ਰੀਟ ਪੀ.ਐੱਸ. ਕਰੇ।"