ਸੌਰਭ ਰਾਜਪੂਤ ਕਤਲ ਕਾਂਡ: ਮੁਸਕਾਨ ਤੇ ਪ੍ਰੇਮੀ ਸਾਹਿਲ ਨੂੰ ਅਦਾਲਤ ਨੇ ਸੁਣਾਈ ਮੌਤ ਦੀ ਸਜ਼ਾ
ਮੇਰਠ ਦੇ ਚਰਚਿਤ ਸੌਰਭ ਰਾਜਪੂਤ ਕਤਲ ਕਾਂਡ ’ਚ ਜ਼ਿਲ੍ਹਾ ਜੱਜ ਅਰਵਿੰਦ ਕੁਮਾਰ ਮਿਸ਼ਰਾ ਦੀ ਅਦਾਲਤ ਨੇ ਸਾਹਿਲ ਤੇ ਮੁਸਕਾਨ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਦੋਵਾਂ ਨੇ ਸੌਰਭ ਦਾ ਕਤਲ ਕਰਕੇ ਉਸ ਦੀ ਲਾਸ਼ ਦੇ ਟੁਕੜੇ ਕਰ ਦਿੱਤੇ ਸਨ ਤੇ ਫਿਰ ਸੀਮਿੰਟ ਨਾਲ ਭਰੇ ਡਰੰਮ ’ਚ ਲੁਕਾ ਦਿੱਤੇ ਸਨ।
Publish Date: Wed, 14 Oct 2026 04:41 PM (IST)
Updated Date: Wed, 14 Oct 2026 04:43 PM (IST)
ਜਾਗਰਣ ਸੰਵਾਦਦਾਤਾ, ਮੇਰਠ। ਚਰਚਿਤ ਸੌਰਭ ਰਾਜਪੂਤ ਕਤਲ ਕਾਂਡ ’ਚ ਅੱਜ ਜ਼ਿਲ੍ਹਾ ਜੱਜ ਅਰਵਿੰਦ ਕੁਮਾਰ ਮਿਸ਼ਰਾ ਦੀ ਅਦਾਲਤ ਨੇ ਸਾਹਿਲ ਤੇ ਮੁਸਕਾਨ ਦੇ ਗੁਨਾਹਾਂ ਬਾਰੇ ਫ਼ੈਸਲਾ ਸੁਣਾਇਆ। ਬੁੱਧਵਾਰ ਨੂੰ ਅਦਾਲਤ ਨੇ ਦੋਵਾਂ ਨੂੰ ਮੌਤ ਦੀ ਸਜ਼ਾ ਸੁਣਾਈ। ਸੁਰੱਖਿਆ ਦੇ ਮੱਦੇਨਜ਼ਰ ਦੋਵੇਂ ਮੁਲਜ਼ਮ ਜੇਲ੍ਹ ਤੋਂ ਆਨਲਾਈਨ ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ’ਚ ਸ਼ਾਮਲ ਹੋਏ। ਸੌਰਭ ਦੀ ਮਾਂ ਰੇਣੂ ਤੇ ਭਰਾ ਬਬਲੂ ਨੇ ਅਦਾਲਤ ਤੋਂ ਦੋਵਾਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਸੀ।
ਬ੍ਰਹਮਪੁਰੀ ਦੇ ਇੰਦਰਾਨਗਰ ਵਾਸੀ ਸੌਰਭ ਰਾਜਪੂਤ ਨੇ 2016 ’ਚ ਗੌਰੀਪੁਰਾ ਦੀ ਰਹਿਣ ਵਾਲੀ ਮੁਸਕਾਨ ਰਸਤੋਗੀ ਨਾਲ ਪ੍ਰੇਮ ਵਿਆਹ ਕੀਤਾ ਸੀ। 2019 ’ਚ ਪਰਿਵਾਰਕ ਵਿਵਾਦ ਤੋਂ ਬਾਅਦ ਦੋਵੇਂ ਵੱਖ ਹੋ ਗਏ ਸਨ। ਉਸੇ ਸਾਲ ਮੁਸਕਾਨ ਨੇ ਧੀ ਪੀਹੂ ਨੂੰ ਜਨਮ ਦਿੱਤਾ, ਜੋ ਹੁਣ ਆਪਣੇ ਨਾਨਾ-ਨਾਨੀ ਕੋਲ ਰਹਿੰਦੀ ਹੈ। ਇਸੇ ਦੌਰਾਨ ਮੁਸਕਾਨ ਦੀ ਮੁਲਾਕਾਤ ਸਕੂਲ ਦੇ ਸਹਿਪਾਠੀ ਤੇ ਇੰਦਰਾਨਗਰ ਵਾਸੀ ਸਾਹਿਲ ਸ਼ੁਕਲਾ ਨਾਲ ਸ਼ਾਪਰਿਕਸ ਮਾਲ ’ਚ ਹੋਈ। ਸੌਰਭ ਦੇ ਵਿਦੇਸ਼ ਜਾਣ ਤੋਂ ਬਾਅਦ ਮੁਸਕਾਨ ਤੇ ਸਾਹਿਲ ਇੱਕ-ਦੂਜੇ ਦੇ ਕਰੀਬ ਆ ਗਏ। ਸੌਰਭ ਦੇ ਵਾਪਸ ਪਰਤਣ ਤੋਂ ਬਾਅਦ 24 ਫਰਵਰੀ 2025 ਨੂੰ ਦੋਵਾਂ ਨੇ ਉਸ ਦੇ ਕਤਲ ਦੀ ਯੋਜਨਾ ਬਣਾਈ।
3 ਮਾਰਚ ਦੀ ਰਾਤ ਨੂੰ ਦੋਵਾਂ ਨੇ ਸੌਰਭ ਨੂੰ ਸਬਜ਼ੀ ’ਚ ਨਸ਼ੀਲਾ ਤਰਲ ਪਦਾਰਥ ਮਿਲਾ ਕੇ ਦਿੱਤਾ। ਇਸ ਤੋਂ ਬਾਅਦ ਚਾਕੂ ਨਾਲ ਉਸ ਦੇ ਦਿਲ ਤੇ ਗਰਦਨ ’ਤੇ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ। ਉਨ੍ਹਾਂ ਨੇ ਲਾਸ਼ ਦੇ ਚਾਰ ਟੁਕੜੇ ਕਰਕੇ ਨੀਲੇ ਡਰੰਮ ’ਚ ਰੱਖੇ ਤੇ ਉਸ ’ਚ ਸੀਮਿੰਟ ਭਰ ਦਿੱਤਾ। ਇਸ ਤੋਂ ਬਾਅਦ ਦੋਵੇਂ ਹਿਮਾਚਲ ਘੁੰਮਣ ਚਲੇ ਗਏ। 17 ਮਾਰਚ ਨੂੰ ਵਾਪਸ ਪਰਤਣ ਤੋਂ ਬਾਅਦ 18 ਮਾਰਚ ਨੂੰ ਇਸ ਘਟਨਾ ਦਾ ਪਰਦਾਫਾਸ਼ ਹੋਇਆ। ਪੁਲਿਸ ਨੇ 19 ਮਾਰਚ ਨੂੰ ਸਾਹਿਲ ਤੇ ਮੁਸਕਾਨ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ।
ਦੋਵਾਂ ਦੀ ਨਿਸ਼ਾਨਦੇਹੀ ’ਤੇ ਪੁਲਿਸ ਨੇ ਡਰੰਮ ’ਚੋਂ ਸੌਰਭ ਦੀ ਲਾਸ਼ ਬਰਾਮਦ ਕੀਤੀ। ਪੁਲਿਸ ਨੇ ਮਾਮਲੇ ’ਚ ਦੋਸ਼ ਪੱਤਰ ਦਾਖ਼ਲ ਕੀਤਾ। ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋਣ ਤੋਂ 577 ਦਿਨਾਂ ਬਾਅਦ, 30 ਸਤੰਬਰ ਨੂੰ ਅਦਾਲਤ ਨੇ ਦੋਵਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਜ਼ਿਲ੍ਹਾ ਸਰਕਾਰੀ ਵਕੀਲ (ਡੀਜੀਸੀ) ਕੇਕੇ ਚੌਬੇ ਨੇ ਕਿਹਾ ਸੀ ਕਿ ਪੁਖ਼ਤਾ ਸਬੂਤਾਂ ਦੇ ਆਧਾਰ ’ਤੇ ਦੋਵਾਂ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਜਾਵੇਗੀ। ਬੁੱਧਵਾਰ ਨੂੰ ਜ਼ਿਲ੍ਹਾ ਜੱਜ ਦੇ ਸਾਹਮਣੇ ਦੋਵਾਂ ਮੁਲਜ਼ਮਾਂ ਦੀ ਆਨਲਾਈਨ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਹੋਈ। ਅਦਾਲਤ ਨੇ ਸੁਣਵਾਈ ਤੋਂ ਬਾਅਦ ਦੋਵਾਂ ਨੂੰ ਮੌਤ ਦੀ ਸਜ਼ਾ ਸੁਣਾਈ।