- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਿਤੇਸ਼ ਨੇ ਦੱਸਿਆ ਕਿ ਉਹ ਆਵਾਜ਼ ਟੂਟੀ ਤੋਂ ਤੇਜ਼ ਪਾਣੀ ਦੀ ਧਾਰ ਵਗਣ ਵਰਗੀ ਸੀ। ਪਹਿਲਾਂ ਉਨ੍ਹਾਂ ਨੂੰ ਲੱਗਿਆ ਕਿ ਇਹ ਆਮ ਗੱਲ ਹੈ, ਪਰ ਕੁਝ ਹੀ ਪਲਾਂ ’ਚ ਉਹ ਆਵਾਜ਼ ਬਹੁਤ ਤੇਜ਼ ਤੇ ਭਿਆਨਕ ਹੁੰਦੀ ਗਈ।

ਸ਼ਸ਼ੀ ਠਾਕੁਰ, ਨਵੀਂ ਦਿੱਲੀ : ਸਤਿਆ ਨਿਕੇਤਨ ਹਾਦਸੇ ’ਚ ਜ਼ਖ਼ਮੀ ਵਿਦਿਆਰਥੀ ਨਿਤੇਸ਼ ਛਿਬ ਨੂੰ ਏਮਜ਼ ਦੇ ਟਰੌਮਾ ਸੈਂਟਰ ’ਚ ਦਾਖ਼ਲ ਕਰਵਾਇਆ ਗਿਆ ਹੈ। ਨਿਤੇਸ਼ ਦੇ ਨਾਲ ਉਸਦੇ ਦੋਸਤ ਨੀਰਜ ਬਾਵਾ ਨੂੰ ਵੀ ਮਲਬੇ ’ਚੋਂ ਬਾਹਰ ਕੱਢਿਆ ਗਿਆ ਸੀ। ਦੋਵਾਂ ਨੂੰ ਇੱਥੇ ਦਾਖ਼ਲ ਕਰਵਾਇਆ ਗਿਆ ਹੈ। ਨੀਰਜ ਦੀ ਹਾਲਤ ਬੇਹੱਦ ਗੰਭੀਰ ਦੱਸੀ ਜਾ ਰਹੀ ਹੈ। ਨਿਤੇਸ਼ ਹੁਣ ਗੱਲ ਕਰਨ ਦੀ ਸਥਿਤੀ ’ਚ ਹਨ। ਉਨ੍ਹਾਂ ਨੇ ਜਾਗਰਣ ਸੰਵਾਦਦਾਤਾ ਨਾਲ ਆਪਣੀ ਆਪਬੀਤੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਐਤਵਾਰ ਦੁਪਹਿਰ ਉਹ ਖਾਣਾ ਖਾ ਰਹੇ ਸਨ। ਇਸੇ ਦੌਰਾਨ ਉਨ੍ਹਾਂ ਨੂੰ ਅਜੀਬ ਤਰ੍ਹਾਂ ਦੀਆਂ ਆਵਾਜ਼ਾਂ ਸੁਣਾਈ ਦੇਣ ਲੱਗੀਆਂ।
ਪਹਿਲਾਂ ਆਮ, ਫਿਰ ਭਿਆਨਕ ਹੁੰਦੀ ਗਈ ਉਹ ਆਵਾਜ਼
ਨਿਤੇਸ਼ ਨੇ ਦੱਸਿਆ ਕਿ ਉਹ ਆਵਾਜ਼ ਟੂਟੀ ਤੋਂ ਤੇਜ਼ ਪਾਣੀ ਦੀ ਧਾਰ ਵਗਣ ਵਰਗੀ ਸੀ। ਪਹਿਲਾਂ ਉਨ੍ਹਾਂ ਨੂੰ ਲੱਗਿਆ ਕਿ ਇਹ ਆਮ ਗੱਲ ਹੈ, ਪਰ ਕੁਝ ਹੀ ਪਲਾਂ ’ਚ ਉਹ ਆਵਾਜ਼ ਬਹੁਤ ਤੇਜ਼ ਤੇ ਭਿਆਨਕ ਹੁੰਦੀ ਗਈ। ਉਨ੍ਹਾਂ ਨੇ ਤੁਰੰਤ ਖਾਣਾ ਛੱਡ ਦਿੱਤਾ ਤੇ ਆਪਣੇ ਦੋਸਤ ਨੀਰਜ ਦੇ ਕਮਰੇ ’ਚ ਚਲੇ ਗਏ। ਦੋਵਾਂ ਨੂੰ ਕਿਸੇ ਅਣਹੋਣੀ ਦਾ ਅਹਿਸਾਸ ਹੋਇਆ ਤਾਂ ਉਹ ਪੌੜ੍ਹੀਆਂ ਵੱਲ ਦੌੜੇ, ਪਰ ਉਹ ਹੇਠਾਂ ਪਹੁੰਚ ਸਕਦੇ, ਇਸ ਤੋਂ ਪਹਿਲਾਂ ਹੀ ਇਮਾਰਤ ਅਚਾਨਕ ਢਹਿ ਗਈ। ਇਸ ਹਾਦਸੇ ’ਚ ਦੋਵੇਂ ਮਲਬੇ ਹੇਠਾਂ ਦੱਬ ਗਏ।
ਜੰਮੂ ਦੇ ਰਹਿਣ ਵਾਲੇ ਹਨ ਨਿਤੇਸ਼
19 ਸਾਲਾ ਨਿਤੇਸ਼ ਜੰਮੂ ਦੇ ਰਾਏਪੁਰ ਦਾ ਰਹਿਣ ਵਾਲਾ ਹੈ, ਜਦਕਿ ਨੀਰਜ ਬਾਵਾ ਕਠੂਆ ਦਾ ਰਹਿਣ ਵਾਲਾ ਹੈ। ਨਿਤੇਸ਼ ਦੇ ਵੱਡੇ ਭਰਾ ਰੋਹਿਤ ਨੇ ਦੱਸਿਆ ਕਿ ਉਸਦਾ ਛੋਟਾ ਭਰਾ ਦਿੱਲੀ ਯੂਨੀਵਰਸਿਟੀ ’ਚ ਬੀ.ਕਾਮ ਦੂਜੇ ਸਾਲ ਦਾ ਵਿਦਿਆਰਥੀ ਹੈ। ਹਾਦਸੇ ਤੋਂ ਬਾਅਦ ਨਿਤੇਸ਼ ਲਗਭਗ ਤਿੰਨ ਘੰਟਿਆਂ ਤੱਕ ਮਲਬੇ ਹੇਠਾਂ ਦੱਬਿਆ ਰਿਹਾ ਤੇ ਲੋਕਾਂ ਨੂੰ ਬਚਾਉਣ ਲਈ ਆਵਾਜ਼ਾਂ ਮਾਰਦਾ ਰਿਹਾ। ਰਾਹਤ ਤੇ ਬਚਾਅ ਕਾਰਜ ’ਚ ਲੱਗੇ ਲੋਕਾਂ ਨੇ ਤਿੰਨ ਘੰਟਿਆਂ ਬਾਅਦ ਨਿਤੇਸ਼ ਨੂੰ ਮਲਬੇ ’ਚੋਂ ਬਾਹਰ ਕੱਢਿਆ ਤੇ ਹਸਪਤਾਲ ਪਹੁੰਚਾਇਆ। ਹੁਣ ਹਸਪਤਾਲ ਦੇ ਬਾਹਰ ਉਸਦਾ ਪਰਿਵਾਰ ਉਸਦੀ ਸਲਾਮਤੀ ਦੀ ਖ਼ਬਰ ਦੀ ਉਡੀਕ ਕਰ ਰਿਹਾ ਹੈ। ਉਸਦੇ ਭਰਾ ਦੀ ਚਿੰਤਾ ਸਿਰਫ਼ ਇੱਕ ਹੀ ਹੈ—ਜੇ ਨਿਤੇਸ਼ ਨੂੰ ਕੁਝ ਹੋ ਗਿਆ ਤਾਂ ਉਸਦੇ ਪਰਿਵਾਰ ਦਾ ਕੀ ਹੋਵੇਗਾ?
ਇੱਕ ਦਿਨ ਪਹਿਲਾਂ ਹੀ ਇੱਥੇ ਆ ਕੇ ਰਹਿਣ ਲੱਗਾ ਸੀ ਨੀਰਜ
ਹਾਦਸੇ ’ਚ ਜ਼ਖ਼ਮੀ ਐੱਨਐੱਸਯੂਆਈ ਕਾਰਕੁਨ ਨੀਰਜ ਬਾਵਾ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ। ਉਸਦੇ ਦੋਸਤ ਰਵੀ ਨੇ ਦੱਸਿਆ ਕਿ ਨੀਰਜ ਹਾਦਸੇ ਤੋਂ ਸਿਰਫ਼ ਇੱਕ ਦਿਨ ਪਹਿਲਾਂ ਹੀ ਪੀਜੀ ’ਚ ਰਹਿਣ ਲਈ ਆਇਆ ਸੀ। ਇਸ ਤੋਂ ਪਹਿਲਾਂ ਉਹ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਆਪਣੇ ਇੱਕ ਦੋਸਤ ਦੇ ਘਰ ਰਹਿ ਰਿਹਾ ਸੀ। ਕੁਝ ਦਿਨ ਪਹਿਲਾਂ ਹੀ ਉਸਨੇ ਨਵਾਂ ਟਿਕਾਣਾ ਲੱਭਿਆ ਸੀ ਤੇ ਹਾਦਸੇ ਤੋਂ ਇੱਕ ਦਿਨ ਪਹਿਲਾਂ ਉੱਥੇ ਰਹਿਣ ਆਇਆ ਸੀ। ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਨਵਾਂ ਟਿਕਾਣਾ ਉਸਦੀ ਜ਼ਿੰਦਗੀ ਨੂੰ ਹੀ ਖ਼ਤਰੇ ’ਚ ਪਾ ਦੇਵੇਗਾ।