ਰਾਜਸਥਾਨ ’ਚ ਰੇਤ ਦਾ ਤੂਫ਼ਾਨ, ਦੁਪਹਿਰੇ ਹੀ ਦਿਸਿਆ ਰਾਤ ਵਰਗਾ ਨਜ਼ਾਰਾ; ਜ਼ਬਰਦਸਤ ਗਰਮੀ ਤੋਂ ਮਿਲੀ ਰਾਹਤ
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਧੂੜ ਦਾ ਗੁਬਾਰ 80-100 ਫੁੱਟ ਉੱਚਾ ਸੀ। ਹਾਲਾਂਕਿ ਤੂਫ਼ਾਨ ਦੀ ਉਚਾਈ ਦਾ ਅਧਿਕਾਰਤ ਅੰਕੜਾ ਸਾਹਮਣੇ ਨਹੀਂ ਆਇਆ। ਇਸ ਦੌਰਾਨ ਬਹੁਤ ਸਾਰੇ ਦਰੱਖ਼ਤ ਉੱਖੜ ਗਏ ਤੇ ਬਿਜਲੀ ਦੇ ਖੰਭੇ ਟੁੱਟ ਗਏ। ਫ਼ਿਲਹਾਲ ਕਿਸੇ ਜਾਨੀ ਨੁਕਸਾਨ ਦੀ ਜਾਣਕਾਰੀ ਨਹੀਂ ਹੈ।
Publish Date: Sat, 30 May 2026 09:42 PM (IST)
Updated Date: Sat, 30 May 2026 09:45 PM (IST)
ਜਾਸ, ਜੈਪੁਰ : ਰਾਜਸਥਾਨ ਵਿਚ ਸ਼ਨਿਚਰਵਾਰ ਦੁਪਹਿਰੇ ਕੁਦਰਤ ਦਾ ਇਕ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਪੱਛਮੀ ਗੜਬੜੀ ਕਾਰਨ ਪਾਕਿਸਤਾਨ ਤੋਂ ਉੱਠੀ ਧੂੜ ਭਰੀ ਹਨੇਰੀ ਤੇ ਵਿਸ਼ਾਲ ਰੇਤ ਦੇ ਤੂਫ਼ਾਨ ਨੇ ਦੇਖਦੇ ਹੀ ਦੇਖਦੇ ਸ਼੍ਰੀਗੰਗਾਨਗਰ, ਹਨੂੰਮਾਨਗੜ੍ਹ, ਚੁਰੂ, ਬੀਕਾਨੇਰ, ਨਾਗੌਰ, ਫਲੌਦੀ, ਡੀਡਵਾਨਾ-ਕੁਚਾਮਨ, ਸੀਕਰ, ਅਲਵਰ, ਜੈਪੁਰ ਤੱਕ ਦੇ ਇਲਾਕੇ ਨੂੰ ਆਪਣੇ ਘੇਰੇ ਵਿਚ ਲੈ ਲਿਆ ਜਿਸ ਕਾਰਨ ਦੁਪਹਿਰ ਦੇ 2 ਵਜੇ ਹੀ ਰਾਤ ਵਰਗਾ ਨਜ਼ਾਰਾ ਬਣ ਗਿਆ। ਇਸ ਖ਼ਤਰਨਾਕ ਤੂਫ਼ਾਨ ਕਾਰਨ ਦਿਸਣ ਹੱਦ ਲਗਪਗ ਜ਼ੀਰੋ ਦੇ ਨੇੜੇ ਪੁੱਜ ਗਈ। ਸੜਕਾਂ ’ਤੇ ਚੱਲ ਰਹੀਆਂ ਗੱਡੀਆਂ ਦੀ ਰਫ਼ਤਾਰ ਵੀ ਰੁਕ ਗਈ। ਇਸ ਦੌਰਾਨ ਹਾਲਾਤ ਇੰਨੇ ਭਿਆਨਕ ਸਨ ਕਿ ਕੁਝ ਮੀਟਰ ਦੂਰ ਵੀ ਦੇਖ ਸਕਣਾ ਲਗਪਗ ਅਸੰਭਵ ਹੋ ਗਿਆ ਸੀ ਜਿਸ ਕਾਰਨ ਡਰਾਈਵਰਾਂ ਨੂੰ ਦੁਪਹਿਰ ਵਿਚ ਆਪਣੀਆਂ ਗੱਡੀਆਂ ਦੀ ਲਾਈਟ ਜਲਾਉਣੀ ਪਈ। ਜਾਣਕਾਰੀ ਮੁਤਾਬਕ, ਤੂਫ਼ਾਨ ਕਾਰਨ ਲਗਪਗ 200 ਵਰਗ ਕਿਲੋਮੀਟਰ ਦਾ ਖੇਤਰ ਪ੍ਰਭਾਵਿਤ ਹੋਇਆ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਧੂੜ ਦਾ ਗੁਬਾਰ 80-100 ਫੁੱਟ ਉੱਚਾ ਸੀ। ਹਾਲਾਂਕਿ ਤੂਫ਼ਾਨ ਦੀ ਉਚਾਈ ਦਾ ਅਧਿਕਾਰਤ ਅੰਕੜਾ ਸਾਹਮਣੇ ਨਹੀਂ ਆਇਆ। ਇਸ ਦੌਰਾਨ ਬਹੁਤ ਸਾਰੇ ਦਰੱਖ਼ਤ ਉੱਖੜ ਗਏ ਤੇ ਬਿਜਲੀ ਦੇ ਖੰਭੇ ਟੁੱਟ ਗਏ। ਫ਼ਿਲਹਾਲ ਕਿਸੇ ਜਾਨੀ ਨੁਕਸਾਨ ਦੀ ਜਾਣਕਾਰੀ ਨਹੀਂ ਹੈ। ਦਰਅਸਲ ਪਾਕਿਸਤਾਨ ਤੋਂ ਉੱਠੇ ਤੂਫ਼ਾਨ ਦਾ ਅਸਰ ਰਾਜਸਥਾਨ ਦੇ ਸਰਹੱਦੀ ਜ਼ਿਲ੍ਹਿਆਂ ’ਤੇ ਜ਼ਿਆਦਾ ਹੋਇਆ।
ਮੌਸਮ ਵਿਭਾਗ ਮੁਤਾਬਕ, ਭਾਰਤ ਵਿਚ ਰੇਤ ਦੇ ਬਵੰਡਰ ਦੀ ਸ਼ੁਰੂਆਤ ਪਾਕਿਸਤਾਨ ਨਾਲ ਲੱਗਦੇ ਸ਼੍ਰੀਗੰਗਾਨਗਰ ਤੇ ਹਨੂੰਮਾਨਗੜ੍ਹ ਜ਼ਿਲ੍ਹਿਆਂ ਤੋਂ ਹੋਈ। ਇਸ ਦੌਰਾਨ 65 ਤੋਂ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਧੂੜ ਭਰੀਆਂ ਹਵਾਵਾਂ ਦਾ ਦੌਰ ਚੱਲਿਆ। ਰਾਜਸਥਾਨ ਵਿਚ ਮੌਸਮ ਦਾ ਇਹ ਬਦਲਿਆ ਹੋਇਆ ਮਿਜ਼ਾਜ ਹੁਣ ਰੁਕਣ ਵਾਲਾ ਨਹੀਂ। ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਅਗਲੇ ਚਾਰ ਤੋਂ ਪੰਜ ਦਿਨਾਂ ਤੱਕ ਹਨੇਰੀ-ਤੂਫ਼ਾਨ ਅਤੇ ਬਾਰਿਸ਼ ਦੀਆਂ ਗਤੀਵਿਧੀਆਂ ਜਾਰੀ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ ਇਸ ਰੇਤ ਦੇ ਤੂਫ਼ਾਨ ਨੇ ਜਨਜੀਵਨ ਕਾਫ਼ੀ ਪ੍ਰਭਾਵਿਤ ਕੀਤਾ ਹੈ ਪਰ ਪਿਛਲੇ ਕਈ ਦਿਨਾਂ ਤੋਂ ਰਿਕਾਰਡ ਤੋੜ ਗਰਮੀ ਦਾ ਸਾਹਮਣਾ ਕਰ ਰਹੇ ਰਾਜਸਥਾਨ ਦੇ ਲੋਕਾਂ ਨੂੰ ਇਸ ਤੋਂ ਵੱਡੀ ਰਾਹਤ ਮਿਲੀ ਹੈ। ਬਵੰਡਰ ਕਾਰਨ ਹੁਣ ਸੂਬੇ ਦੇ ਬਹੁਤ ਸਾਰੇ ਜ਼ਿਲ੍ਹਿਆਂ ਵਿਚ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ ਤੋਂ ਹੇਠਾਂ ਆ ਜਾਵੇਗਾ। ਮੌਸਮ ਵਿਭਾਗ ਨੇ ਅੱਠ ਜ਼ਿਲ੍ਹਿਆਂ ਵਿਚ ਬਾਰਿਸ਼ ਦਾ ਰੈੱਡ ਅਲਰਟ ਤੇ ਸੱਤ ਜ਼ਿਲ੍ਹਿਆਂ ਵਿਚ ਆਰੇਂਜ ਅਲਰਟ ਜਾਰੀ ਕੀਤਾ ਸੀ।