ਡਾਲਰ ਮੁਕਾਬਲੇ ਰੁਪਏ ਦੀ ਜ਼ਬਰਦਸਤ ਵਾਪਸੀ, 95.75 ਦੇ ਪੱਧਰ 'ਤੇ ਪਹੁੰਚਿਆ ਰੁਪਇਆ; ਜਾਣੋ ਪੂਰੀ ਡਿਟੇਲ
ਰੁਪਏ ਦੀ ਗਿਰਾਵਟ ਰੋਕਣ ਲਈ ਆਰਬੀਆਈ ਨੇ ਪਿਛਲੇ ਸ਼ਨਿੱਚਰਵਾਰ ਨੂੰ ਕਈ ਉਪਾਵਾਂ ਦਾ ਐਲਾਨ ਕੀਤਾ ਸੀ। ਇਸ ਤਹਿਤ ਸੋਮਵਾਰ ਨੂੰ ਤਿੰਨ ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਨੂੰ ਸਿੱਧੇ ਡਾਲਰ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਵਿੰਡੋ ਸ਼ੁਰੂ ਕੀਤੀ ਗਈ
Publish Date: Tue, 13 Oct 2026 10:26 AM (IST)
Updated Date: Tue, 13 Oct 2026 10:31 AM (IST)
ਜਾਗਰਣ ਬਿਊਰੋ, ਨਵੀਂ ਦਿੱਲੀ : ਡਾਲਰ ਦੇ ਮੁਕਾਬਲੇ ਰੁਪਏ ’ਚ ਲਗਾਤਾਰ ਆ ਰਹੀ ਗਿਰਾਵਟ ਨੂੰ ਰੋਕਣ ਲਈ ਆਰਬੀਆਈ ਵੱਲੋਂ ਹਾਲ ਹੀ ’ਚ ਚੁੱਕੇ ਗਏ ਕਦਮਾਂ ਦਾ ਅਸਰ ਦਿਖਾਈ ਦੇਣ ਲੱਗਾ ਹੈ। ਸੋਮਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਏ ’ਚ 96 ਪੈਸੇ ਦੀ ਮਜ਼ਬੂਤੀ ਦਰਜ ਕੀਤੀ ਗਈ ਅਤੇ ਇਹ 95.75 ਦੇ ਪੱਧਰ ’ਤੇ ਬੰਦ ਹੋਇਆ। ਪਿਛਲੇ ਸ਼ੁੱਕਰਵਾਰ ਨੂੰ ਇਕ ਡਾਲਰ ਦੀ ਕੀਮਤ 96.96 ਰੁਪਏ ਤੱਕ ਪਹੁੰਚ ਗਈ ਸੀ। ਸਾਲ 2026 ’ਚ ਡਾਲਰ ਦੇ ਮੁਕਾਬਲੇ ਰੁਪਏ ਦੇ ਮੁੱਲ ’ਚ ਸੱਤ ਫ਼ੀਸਦ ਦੀ ਗਿਰਾਵਟ ਆਈ ਹੈ, ਜਿਸ ਕਾਰਨ ਦਰਾਮਦ ਕੀਤੀਆਂ ਜਾਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਆਲਮੀ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ਵਧਣ ਨਾਲ ਰੁਪਏ ’ਤੇ ਦਬਾਅ ਪੈਂਦਾ ਹੈ, ਕਿਉਂਕਿ ਕੱਚਾ ਤੇਲ ਖ਼ਰੀਦਣ ਲਈ ਵਧੇਰੇ ਡਾਲਰ ਖ਼ਰਚ ਕਰਨੇ ਪੈਂਦੇ ਹਨ।
ਰੁਪਏ ਦੀ ਗਿਰਾਵਟ ਰੋਕਣ ਲਈ ਆਰਬੀਆਈ ਨੇ ਪਿਛਲੇ ਸ਼ਨਿੱਚਰਵਾਰ ਨੂੰ ਕਈ ਉਪਾਵਾਂ ਦਾ ਐਲਾਨ ਕੀਤਾ ਸੀ। ਇਸ ਤਹਿਤ ਸੋਮਵਾਰ ਨੂੰ ਤਿੰਨ ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਨੂੰ ਸਿੱਧੇ ਡਾਲਰ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਵਿੰਡੋ ਸ਼ੁਰੂ ਕੀਤੀ ਗਈ। ਇਸ ਤੋਂ ਇਲਾਵਾ ਆਰਬੀਆਈ ਨੇ ਬੈਂਕਾਂ ਨੂੰ ਪਹਿਲਾਂ ਦੇ ਮੁਕਾਬਲੇ ਵਧੇਰੇ ਵਿਦੇਸ਼ੀ ਮੁਦਰਾ ਜੋਖ਼ਮ ਲਈ ਰਿਜ਼ਰਵ ਰੱਖਣ ਵਾਸਤੇ ਕਿਹਾ ਹੈ। ਇਸ ਦੇ ਨਾਲ ਹੀ ਬੈਂਕਾਂ ਲਈ ਨਕਦੀ ਰਿਜ਼ਰਵ ਅਨੁਪਾਤ ਨੂੰ 99 ਫ਼ੀਸਦ ਤੋਂ ਘਟਾ ਕੇ 90 ਫ਼ੀਸਦ ਕਰ ਦਿੱਤਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਆਰਬੀਆਈ ਦੇ ਇਨ੍ਹਾਂ ਕਦਮਾਂ ਨਾਲ ਫ਼ਿਲਹਾਲ ਰੁਪਏ ’ਚ ਮਜ਼ਬੂਤੀ ਦਿਖਾਈ ਦੇ ਰਹੀ ਹੈ ਪਰ ਇਸ ਨੂੰ ਸਥਾਈ ਤੌਰ ’ਤੇ ਮਜ਼ਬੂਤ ਕਰਨ ਲਈ ਵਿਦੇਸ਼ੀ ਸੰਸਥਾਗਤ ਨਿਵੇਸ਼ ਵਧਾਉਣਾ ਪਵੇਗਾ।
ਅੰਤਰਬੈਂਕ ਵਿਦੇਸ਼ੀ ਮੁਦਰਾ ਵਟਾਂਦਰਾ ਬਾਜ਼ਾਰ ’ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਇਆ 95.61 ਦੇ ਪੱਧਰ ’ਤੇ ਖੁੱਲ੍ਹਿਆ। ਦਿਨ ਭਰ ਦੇ ਕਾਰੋਬਾਰ ਦੌਰਾਨ ਇਹ 95.57 ਦੇ ਉੱਚ ਪੱਧਰ ਅਤੇ 95.96 ਦੇ ਹੇਠਲੇ ਪੱਧਰ ਤੱਕ ਪਹੁੰਚਿਆ। ਅੰਤ ’ਚ ਇਹ 95.75 ਦੇ ਪੱਧਰ ’ਤੇ ਬੰਦ ਹੋਇਆ। ਦੋ ਅਪ੍ਰੈਲ ਤੋਂ ਬਾਅਦ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਇਕ ਰੋਜ਼ਾ ਤੇਜ਼ੀ ਹੈ। ਆਲਮੀ ਤੇਲ ਮਾਪਦੰਡ ਬ੍ਰੈਂਟ ਕਰੂਡ ਦੀ ਕੀਮਤ 105.8 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ ਹੈ।