- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੰਗਾ ’ਚ ਡਾਲਫਿਨ ਦੀ ਵੱਧ ਰਹੀ ਗਿਣਤੀ ਇਸ ਗੱਲ ਦਾ ਸੰਕੇਤ ਹੈ ਕਿ ਦਰਿਆ ਦਾ ਪਾਣੀ ਸਾਫ਼ ਤੇ ਪ੍ਰਦੂਸ਼ਣ-ਮੁਕਤ ਹੋ ਰਿਹਾ ਹੈ। ਹਸਤਿਨਾਪੁਰ ਵਨਜੀਵ ਵਿਹਾਰ ’ਚ ਗੰਗੇਈ ਡਾਲਫਿਨ ਦੀ ਗਿਣਤੀ ’ਚ ਵਾਧਾ ਦਰਜ ਕੀਤਾ ਗਿਆ ਹੈ, ਜੋ ‘ਮੇਰੀ ਗੰਗਾ ਮੇਰੀ ਡਾਲਫਿਨ’ ਪ੍ਰਾਜੈਕਟ ਤੇ ਸੰਭਾਲ ਦੇ ਯਤਨਾਂ ਦੀ ਸਫ਼ਲਤਾ ਨੂੰ ਦਰਸਾਉਂਦਾ ਹੈ।

ਸਚਿਨ ਗੋਇਲ, ਮੇਰਠ : ਗੰਗਾ ਸਿਰਫ਼ ਆਸਥਾ ਦੀ ਵਾਹਕ ਹੀ ਨਹੀਂ, ਸਗੋਂ ਜੈਵ-ਵਿਭਿੰਨਤਾ ਦੀ ਵੀ ਇੱਕ ਸਮਰੱਥ ਵਿਰਾਸਤ ਹੈ। ਹਸਤਿਨਾਪੁਰ ਵਨਜੀਵ ਵਿਹਾਰ ’ਚ ਜਦੋਂ ਗੰਗਾ ਦੀ ਨਿਰਮਲ ਧਾਰਾ ਦੇ ਵਿਚਕਾਰ ਰਾਸ਼ਟਰੀ ਜਲਜੀਵ ਗੰਗੇਈ ਡਾਲਫਿਨ ਛਾਲਾਂ ਮਾਰਦੀ ਹੈ ਤਾਂ ਪੂਰੇ ਸੈਂਚੁਰੀ ਖੇਤਰ ਦੀ ਸੁੰਦਰਤਾ ਹੋਰ ਵੀ ਨਿਖਰ ਜਾਂਦੀ ਹੈ। ਕਿਸੇ ਦਰਿਆ ’ਚ ਡਾਲਫਿਨ ਦਾ ਪਾਇਆ ਜਾਣਾ ਉਸ ਦੇ ਪਾਣੀ ਦੇ ਸਾਫ਼ ਤੇ ਪ੍ਰਦੂਸ਼ਣ-ਮੁਕਤ ਹੋਣ ਦਾ ਜੀਵੰਤ ਸਬੂਤ ਮੰਨਿਆ ਜਾਂਦਾ ਹੈ। ਹਸਤਿਨਾਪੁਰ ਸੈਂਚੁਰੀ ’ਚ ਗੰਗਾ ਦੀਆਂ ਲਹਿਰਾਂ ’ਤੇ ਛਾਲਾਂ ਮਾਰਦੀਆਂ ਡਾਲਫਿਨਾਂ, ਕੰਢੇ ’ਤੇ ਧੁੱਪ ਸੇਕਦੇ ਘੜਿਆਲ, ਦੁਰਲੱਭ ਪ੍ਰਜਾਤੀਆਂ ਦੇ ਕੱਛੂਏ ਤੇ ਤੈਰਦੀਆਂ ਮੱਛੀਆਂ ਇਸ ਪੂਰੇ ਵਾਤਾਵਰਣਕ ਤੰਤਰ ’ਚ ਨਵੀਂ ਜ਼ਿੰਦਗੀ ਭਰ ਰਹੀਆਂ ਹਨ। ਬਿਜਨੌਰ ਬੈਰਾਜ ਤੋਂ ਨਰੌਰਾ ਬੈਰਾਜ ਦੇ ਵਿਚਕਾਰਲਾ ਗੰਗਾ ਖੇਤਰ ਇਨ੍ਹਾਂ ਸੰਕਟਗ੍ਰਸਤ ਜਲਜੀਵਾਂ ਲਈ ਸਭ ਤੋਂ ਸੁਰੱਖਿਅਤ ਤੇ ਅਨੁਕੂਲ ਕੁਦਰਤੀ ਵਾਸ-ਸਥਾਨ ਸਾਬਤ ਹੋ ਰਿਹਾ ਹੈ।
ਇਸ ਖੇਤਰ ਨੂੰ ਵਿਕਸਿਤ ਕਰਨ ਤੇ ਸੰਵਾਰਨ ਲਈ ਵਣ ਵਿਭਾਗ ਤੇ ਵਿਸ਼ਵ ਪ੍ਰਕ੍ਰਿਤੀ ਨਿਧੀ ਦੇ ਸਾਂਝੇ ਉਪਰਾਲੇ ਨਾਲ ‘ਮੇਰੀ ਗੰਗਾ ਮੇਰੀ ਡਾਲਫਿਨ’ ਪ੍ਰਾਜੈਕਟ ਚਲਾਇਆ ਜਾ ਰਿਹਾ ਹੈ। ਵਿਸ਼ਵ ਪ੍ਰਕ੍ਰਿਤੀ ਨਿਧੀ ਦੇ ਸੀਨੀਅਰ ਪ੍ਰਾਜੈਕਟ ਅਧਿਕਾਰੀ ਡਾ. ਅਮਾਨ ਖਾਨ ਨੇ ਦੱਸਿਆ ਕਿ ਹਰਿਦੁਆਰ ਦੇ ਭੀਮਗੋੜਾ ਤੋਂ ਬਿਜਨੌਰ ਬੈਰਾਜ ਦੇ ਵਿਚਕਾਰ ਡਾਲਫਿਨ ਦੀ ਮੌਜੂਦਗੀ ਘਟੀ ਹੈ, ਪਰ ਬਿਜਨੌਰ ਤੋਂ ਨਰੌਰਾ ਬੈਰਾਜ ਦੇ ਵਿਚਕਾਰ ਡਾਲਫਿਨ ਦੀ ਗਿਣਤੀ ’ਚ ਵਾਧਾ ਦਰਜ ਕੀਤਾ ਗਿਆ ਹੈ। ਇਹ ਖੇਤਰ ਪੱਛਮੀ ਉੱਤਰ ਪ੍ਰਦੇਸ਼ ’ਚ ਡਾਲਫਿਨ ਲਈ ਸਭ ਤੋਂ ਸੁਰੱਖਿਅਤ ਸਥਾਨ ਹੈ ਤੇ ਗੰਗਾ ਦੇ ਵਾਤਾਵਰਣਕ ਤੰਤਰ ਲਈ ਬੇਹੱਦ ਮਹੱਤਵਪੂਰਨ ਹੈ।
ਇਨਸਾਨ ਵਾਂਗ ਫੇਫੜਿਆਂ ਰਾਹੀਂ ਸਾਹ ਲੈਂਦੀ ਹੈ ਡਾਲਫਿਨ
ਡਾਲਫਿਨ ਕੋਈ ਆਮ ਮੱਛੀ ਨਹੀਂ, ਸਗੋਂ ਇੱਕ ਥਣਧਾਰੀ ਜੀਵ ਹੈ, ਜੋ ਇਨਸਾਨ ਵਾਂਗ ਫੇਫੜਿਆਂ ਰਾਹੀਂ ਸਾਹ ਲੈਂਦੀ ਹੈ। ਇਹ ਜੀਵ ਦੋ ਤੋਂ ਤਿੰਨ ਸਾਲਾਂ ਦੇ ਅੰਤਰਾਲ ’ਤੇ ਸਿਰਫ਼ ਇੱਕ ਬੱਚੇ ਨੂੰ ਜਨਮ ਦਿੰਦੀ ਹੈ। ਜਨਮ ਸਮੇਂ ਇਸ ਦਾ ਬੱਚਾ ਲਗਭਗ 70 ਸੈਂਟੀਮੀਟਰ ਲੰਬਾ ਤੇ ਸਾਢੇ ਸੱਤ ਕਿਲੋਗ੍ਰਾਮ ਵਜ਼ਨ ਦਾ ਹੁੰਦਾ ਹੈ। ਮਾਦਾ ਡਾਲਫਿਨ ਆਪਣੇ ਬੱਚੇ ਦਾ ਪੂਰੀ ਮਮਤਾ ਨਾਲ ਪਾਲਣ-ਪੋਸ਼ਣ ਕਰਦੀ ਹੈ ਤੇ ਉਸ ਨੂੰ ਦੁੱਧ ਪਿਲਾਉਂਦੀ ਹੈ। ਪਹਿਲਾਂ ਕੀਤੇ ਗਏ ਸਰਵੇਖਣਾਂ ਦੇ ਅੰਕੜੇ ਇਸ ਗੱਲ ਦਾ ਸਬੂਤ ਹਨ ਕਿ ਬਿਜਨੌਰ ਤੋਂ ਨਰੌਰਾ ਖੇਤਰ ’ਚ ਡਾਲਫਿਨ ਦਾ ਪਰਿਵਾਰ ਲਗਾਤਾਰ ਵਧ ਰਿਹਾ ਹੈ। ਹਸਤਿਨਾਪੁਰ ਸੈਂਚੁਰੀ ’ਚ ਡਾਲਫਿਨ ਦੀ ਵੱਧ ਰਹੀ ਗਿਣਤੀ ਨਾ ਸਿਰਫ਼ ਗੰਗਾ ਸਫ਼ਾਈ ਮੁਹਿੰਮ ਦੀ ਸਫ਼ਲਤਾ ਨੂੰ ਦਰਸਾਉਂਦੀ ਹੈ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਇੱਕ ਸ਼ੁਭ ਸੰਕੇਤ ਹੈ।
ਸਾਲ ਦਰਜ ਡਾਲਫਿਨਾਂ ਦੀ ਗਿਣਤੀ
2015 22
2016 30
2017 32
2018 33
2019 35
2020 41
ਉੱਤਰ ਪ੍ਰਦੇਸ਼ ਦੀਆਂ ਨਦੀਆਂ ’ਚ ਸਭ ਤੋਂ ਵੱਧ ਡਾਲਫਿਨ
ਸਾਲ 2020 ’ਚ ਆਜ਼ਾਦੀ ਦਿਵਸ ਮੌਕੇ ਲਾਲ ਕਿਲ੍ਹੇ ਦੀ ਪ੍ਰਾਚੀਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪ੍ਰਾਜੈਕਟ ਡਾਲਫਿਨ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਦੇਸ਼ ਦੀਆਂ ਸਾਰੀਆਂ ਨਦੀਆਂ ’ਚ ਸਰਵੇਖਣ ਕਰਵਾਇਆ ਗਿਆ। ਸਾਲ 2024 ਦੇ ਸਰਵੇਖਣ ਦੀ ਅੰਤਿਮ ਰਿਪੋਰਟ ਮਾਰਚ 2025 ’ਚ ਪ੍ਰਧਾਨ ਮੰਤਰੀ ਵੱਲੋਂ ਜਾਰੀ ਕੀਤੀ ਗਈ। ਇਸ ’ਚ ਅੱਠ ਰਾਜਾਂ ਦੀਆਂ 28 ਨਦੀਆਂ ’ਚ 8,500 ਕਿਲੋਮੀਟਰ ਤੋਂ ਵੱਧ ਖੇਤਰ ਦਾ 3,150 ਦਿਨਾਂ ਤੱਕ ਗਹਿਰਾ ਸਰਵੇਖਣ ਕੀਤਾ ਗਿਆ ਤੇ ਕੁੱਲ 6,327 ਦਰਿਆਈ ਡਾਲਫਿਨ ਦਰਜ ਕੀਤੀਆਂ ਗਈਆਂ।
ਇਨ੍ਹਾਂ ’ਚ ਉੱਤਰ ਪ੍ਰਦੇਸ਼ 2,397 ਡਾਲਫਿਨਾਂ ਨਾਲ ਦੇਸ਼ ’ਚ ਪਹਿਲੇ ਸਥਾਨ ’ਤੇ ਰਿਹਾ। ਬਿਹਾਰ ’ਚ 2,220, ਪੱਛਮੀ ਬੰਗਾਲ ’ਚ 815 ਤੇ ਅਸਾਮ ’ਚ 635 ਡਾਲਫਿਨਾਂ ਮਿਲੀਆਂ।
ਸਮਰਾਟ ਅਸ਼ੋਕ ਨੇ ਜਾਰੀ ਕੀਤਾ ਸੀ ਸੰਭਾਲ ਲਈ ਪਹਿਲਾ ਹੁਕਮ
ਜੰਗਲੀ ਜੀਵਾਂ ਦੀ ਸੰਭਾਲ ਲਈ ਪਹਿਲਾ ਰਾਜ ਹੁਕਮ ਈਸਾ ਪੂਰਵ 232 ’ਚ ਮਗਧ ਦੇ ਸਮਰਾਟ ਅਸ਼ੋਕ ਨੇ ਆਪਣੇ ਪੰਜਵੇਂ ਸ਼ਿਲਾਲੇਖ ’ਚ ਜਾਰੀ ਕੀਤਾ ਸੀ। ਇਸ ਰਾਜ ਹੁਕਮ ’ਚ ਜਿਨ੍ਹਾਂ ਜੀਵਾਂ ਦੀ ਸੰਭਾਲ ਦਾ ਜ਼ਿਕਰ ਕੀਤਾ ਗਿਆ ਸੀ, ਉਨ੍ਹਾਂ ’ਚ ਗੰਗੇਈ ਡਾਲਫਿਨ ਵੀ ਸ਼ਾਮਲ ਸੀ। ਸੰਭਵ ਤੌਰ ’ਤੇ ਦੁਨੀਆ ’ਚ ਜੰਗਲੀ ਤੇ ਜਲਜੀਵਾਂ ਦੀ ਸੰਭਾਲ ਲਈ ਜਾਰੀ ਕੀਤਾ ਗਿਆ ਇਹ ਪਹਿਲਾ ਰਾਜ ਹੁਕਮ ਸੀ।
ਇਸ ਸ਼ਿਲਾਲੇਖ ’ਚ ਸਮਰਾਟ ਅਸ਼ੋਕ ਨੇ ਕਈ ਤਰ੍ਹਾਂ ਦੇ ਪਸ਼ੂ-ਪੰਛੀਆਂ ਤੇ ਜਲਜੀਵਾਂ ਦੀ ਹੱਤਿਆ ’ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਸੀ। ਇਸ ’ਚ ਸਪਸ਼ਟ ਤੌਰ ’ਤੇ ਉਨ੍ਹਾਂ ਜੀਵਾਂ ਦੀ ਸੂਚੀ ਦਿੱਤੀ ਗਈ ਸੀ ਜਿਨ੍ਹਾਂ ਨੂੰ ਮਾਰਿਆ ਨਹੀਂ ਜਾ ਸਕਦਾ ਸੀ। ਇਸ ਨੂੰ ਜੰਗਲੀ ਜੀਵਾਂ ਤੇ ਜਲਜੀਵਾਂ ਦੀ ਸੰਭਾਲ ਦੇ ਇਤਿਹਾਸ ’ਚ ਇੱਕ ਮੀਲ ਪੱਥਰ ਮੰਨਿਆ ਜਾਂਦਾ ਹੈ।
ਡਾਲਫਿਨ ਨਾਲ ਜੁੜੇ ਦਿਲਚਸਪ ਤੱਥ
ਵਣ ਖੇਤਰ ਅਧਿਕਾਰੀ ਖੁਸ਼ਬੂ ਉਪਾਧਿਆਏ ਨੇ ਦੱਸਿਆ ਕਿ ਸਾਲ 2012 ਤੋਂ ਇੱਥੇ ਡਾਲਫਿਨ ਦੀ ਸੰਭਾਲ ਦਾ ਕੰਮ ਚੱਲ ਰਿਹਾ ਹੈ। ਦੋ ਵਾਰ ਸੂਬਾ ਪੱਧਰੀ ਸਰਵੇਖਣ ਵੀ ਕਰਵਾਇਆ ਜਾ ਚੁੱਕਾ ਹੈ। ਹਸਤਿਨਾਪੁਰ ਖੇਤਰ ’ਚ ਡਾਲਫਿਨ ਦੀ ਚੰਗੀ ਗਿਣਤੀ ਹੋਣਾ ਮਾਣ ਵਾਲੀ ਗੱਲ ਹੈ।
ਪ੍ਰਧਾਨ ਮੰਤਰੀ ਦੇ ਪ੍ਰਾਜੈਕਟ ਨਾਲ ਡਾਲਫਿਨ ਦੀ ਸੰਭਾਲ ਤੇ ਵਿਕਾਸ ਨੂੰ ਹੋਰ ਉਤਸ਼ਾਹ ਮਿਲੇਗਾ। ਦਰਿਆ ’ਚ ਡਾਲਫਿਨ ਦਾ ਮਿਲਣਾ ਸਾਫ਼ ਪਾਣੀ ਦਾ ਵੀ ਸੰਕੇਤ ਮੰਨਿਆ ਜਾਂਦਾ ਹੈ। ਗੰਗੇਈ ਡਾਲਫਿਨ ਯਾਨੀ ਸੂੰਸ ਜਿੱਥੇ ਪਾਈ ਜਾਂਦੀ ਹੈ, ਉੱਥੇ ਦੇ ਪਾਣੀ ਨੂੰ ਆਮ ਤੌਰ ’ਤੇ ਕਾਫ਼ੀ ਸਾਫ਼ ਮੰਨਿਆ ਜਾਂਦਾ ਹੈ।