ਪਹਿਲਾਂ ਹਨੂਮਾਨ ਚਾਲੀਸਾ ਦਾ ਪਾਠ ਕੀਤਾ, ਫਿਰ ਟਰੇਨ ਅੱਗੇ ਛਾਲ ਮਾਰੀ: ਸੇਵਾਮੁਕਤ ਬੈਂਕ ਮੈਨੇਜਰ ਨੇ ਕੀਤੀ ਖੁਦਕੁਸ਼ੀ
ਅਯੁੱਧਿਆ ’ਚ ਇੱਕ ਸੇਵਾਮੁਕਤ ਬੈਂਕ ਮੈਨੇਜਰ ਨੇ ਡਿਪ੍ਰੈਸ਼ਨ ਕਾਰਨ ਇੰਟਰਸਿਟੀ ਐਕਸਪ੍ਰੈੱਸ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।
Publish Date: Wed, 23 Sep 2026 03:57 PM (IST)
Updated Date: Wed, 23 Sep 2026 04:00 PM (IST)
ਸੰਵਾਦ ਸੂਤਰ, ਅਯੁੱਧਿਆ : ਡਿਪ੍ਰੈਸ਼ਨ ਤੋਂ ਪੀੜਤ ਸੇਵਾਮੁਕਤ ਬੈਂਕ ਮੈਨੇਜਰ ਨੇ ਟਰੇਨ ਅੱਗੇ ਆ ਕੇ ਆਪਣੀ ਜਾਨ ਦੇ ਦਿੱਤੀ। ਗੋਸਾਈਂਗੰਜ ਦੇ ਪ੍ਰਭਾਰੀ ਨਿਰੀਖਕ ਅਭਿਮਨਿਊ ਸ਼ੁਕਲਾ ਨੇ ਦੱਸਿਆ ਕਿ ਈਸ਼ਾਪੁਰ ਪਿੰਡ ਦੇ ਰਹਿਣ ਵਾਲੇ ਅਨਿਰੁੱਧ ਮੁਨੀ ਪਾਂਡੇ ਬੈਂਕ ਮੈਨੇਜਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਉਹ ਆਪਣੇ ਪਰਿਵਾਰ ਨਾਲ ਘਰ ਬਣਵਾ ਕੇ ਗੋਸਾਈਂਗੰਜ ਨੇੜੇ ਨਗਹਰਾ ’ਚ ਰਹਿੰਦੇ ਸਨ। ਇੱਕ ਚਸ਼ਮਦੀਦ ਨੇ ਪੁਲਿਸ ਨੂੰ ਦੱਸਿਆ ਕਿ ਮੰਗਲਵਾਰ ਸਵੇਰੇ ਟੰਡੌਲੀ ਰੇਲਵੇ ਕ੍ਰਾਸਿੰਗ ਨੇੜੇ ਪਾਂਡੇ ਨੇ ਆਪਣੀ ਬਾਈਕ ਖੜ੍ਹੀ ਕਰਕੇ ਉਸ ਨੂੰ ਲਾਕ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਹਨੂਮਾਨ ਚਾਲੀਸਾ ਦਾ ਪਾਠ ਕੀਤਾ ਤੇ ਫਿਰ ਇੰਟਰਸਿਟੀ ਐਕਸਪ੍ਰੈੱਸ ਅੱਗੇ ਛਾਲ ਮਾਰ ਦਿੱਤੀ। ਉਨ੍ਹਾਂ ਦੀ ਬਾਈਕ ਨੇੜਿਓਂ ਹਨੂਮਾਨ ਚਾਲੀਸਾ ਦੀ ਇੱਕ ਪ੍ਰਤੀ ਵੀ ਮਿਲੀ ਹੈ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਪਰਿਵਾਰ ’ਚ ਮਾਤਮ ਛਾ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਅਨਿਰੁੱਧ ਮੁਨੀ ਪਾਂਡੇ ਦਾ ਪਰਿਵਾਰ ਈਸ਼ਾਪੁਰ ਪਿੰਡ ਦੇ ਸਭ ਤੋਂ ਖੁਸ਼ਹਾਲ ਤੇ ਸਾਂਝੇ ਪਰਿਵਾਰਾਂ ’ਚੋਂ ਇੱਕ ਹੈ। ਤਿੰਨ ਭਰਾਵਾਂ ’ਚੋਂ ਦੂਜੇ ਨੰਬਰ 'ਤੇ ਰਹਿਣ ਵਾਲੇ ਅਨਿਰੁੱਧ ਮੁਨੀ ਸੇਵਾਕਾਲ ਦੌਰਾਨ ਵੀ ਕਾਫ਼ੀ ਲੋਕਪ੍ਰਿਯ ਰਹੇ। ਉਹ ਆਧਿਆਤਮਿਕਤਾ, ਪੂਜਾ-ਪਾਠ, ਭਜਨ ਤੇ ਕੀਰਤਨ ’ਚ ਜ਼ਿਆਦਾ ਸਮਾਂ ਬਿਤਾਉਂਦੇ ਸਨ। ਉਨ੍ਹਾਂ ਦਾ ਵੱਡਾ ਪੁੱਤਰ ਵਿਵੇਕਾਨੰਦ ਪ੍ਰਵਕਤਾ ਹੈ, ਜਦਕਿ ਛੋਟਾ ਪੁੱਤਰ ਏਅਰਫੋਰਸ ’ਚ ਆਡੀਟਰ ਹੈ। ਮ੍ਰਿਤਕ ਦੇ ਛੋਟੇ ਭਰਾ ਵਸ਼ਿਸ਼ਠ ਮੁਨੀ ਉਨਾਓ ’ਚ ਪ੍ਰਿੰਸੀਪਲ ਹਨ ਤੇ ਵੱਡੇ ਭਰਾ ਰਾਮ ਮੁਨੀ ਅਧਿਆਪਕ ਦੇ ਅਹੁਦੇ ਤੋਂ ਸੇਵਾਮੁਕਤ ਹਨ।
ਉਨ੍ਹਾਂ ਦਾ ਇੱਕ ਭਤੀਜਾ ਨਾਰਕੋਟਿਕਸ ਵਿਭਾਗ ’ਚ ਇੰਸਪੈਕਟਰ ਹੈ। ਪਰਿਵਾਰ ਸਾਂਝਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਇੱਕ ਬਹੁਤ ਹੀ ਆਦਰਸ਼ ਪਰਿਵਾਰ ਹੈ। ਲਗਭਗ ਡੇਢ ਸਾਲ ਪਹਿਲਾਂ ਪਤਨੀ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ ਨੀਂਦ ਨਾ ਆਉਣ ਵਰਗੀ ਸਮੱਸਿਆ ਹੋ ਗਈ ਸੀ ਤੇ ਉਹ ਡਿਪ੍ਰੈਸ਼ਨ ’ਚ ਚਲੇ ਗਏ ਸਨ। ਪਿੰਡ ਦੇ ਸਾਬਕਾ ਸਰਪੰਚ ਬੱਬਨ ਪਾਂਡੇ ਨੇ ਦੱਸਿਆ ਕਿ ਕਰੀਬ ਦਸ ਦਿਨ ਪਹਿਲਾਂ ਉਨ੍ਹਾਂ ਨੇ ਬਿਜਲੀ ਦੀ ਤਾਰ ਫੜ ਲਈ ਸੀ। ਪਰਿਵਾਰਕ ਮੈਂਬਰ ਉਨ੍ਹਾਂ ਨੂੰ ਇਲਾਜ ਲਈ ਲੈ ਗਏ ਸਨ। ਉਨ੍ਹਾਂ ਦਾ ਵੱਡਾ ਪੁੱਤਰ ਡੂੰਘੇ ਸਦਮੇ ’ਚ ਹੈ ਤੇ ਬੇਹੋਸ਼ੀ ਦੀ ਹਾਲਤ ’ਚ ਦੱਸਿਆ ਜਾ ਰਿਹਾ ਹੈ।