'100 ਵਾਰ ਝੂਠ ਬੋਲਣ ਨਾਲ ਸੱਚ ਨਹੀਂ ਬਦਲਦਾ', ਜੇਪੀ ਨੱਡਾ ਦਾ ਰਾਹੁਲ ਗਾਂਧੀ ’ਤੇ ਪਲਟਵਾਰ; SIR ਵਿਵਾਦ ’ਤੇ ਸੰਸਦ ’ਚ ਛਿੜੀ ਜ਼ਬਰਦਸਤ ਜੰਗ
ਚੋਣ ਕਮਿਸ਼ਨ ਦੇ ਵਿਵਾਦ ਨੂੰ ਲੈ ਕੇ ਕੇਂਦਰੀ ਮੰਤਰੀ ਜੇਪੀ ਨੱਡਾ ਨੇ ਸੋਮਵਾਰ ਨੂੰ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤੇ ਹੋਰ ਵਿਰੋਧੀ ਨੇਤਾਵਾਂ 'ਤੇ ਨਿਸ਼ਾਨਾ ਸਾਧਿਆ।
Publish Date: Mon, 28 Sep 2026 03:57 PM (IST)
Updated Date: Mon, 28 Sep 2026 03:59 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਵੋਟਰ ਸੂਚੀ ਦੀ ਐਸਆਈਆਰ ਤੇ ਚੋਣ ਕਮਿਸ਼ਨ ਦੇ ਕੰਮਕਾਜ ਨੂੰ ਲੈ ਕੇ ਸੱਤਾਧਾਰੀ ਧਿਰ ਤੇ ਵਿਰੋਧੀ ਧਿਰ ਵਿਚਾਲੇ ਸਿਆਸੀ ਘਮਾਸਾਨ ਤੇਜ਼ ਹੋ ਗਿਆ ਹੈ। ਕੇਂਦਰੀ ਮੰਤਰੀ ਜੇਪੀ ਨੱਡਾ ਨੇ ਸੋਮਵਾਰ ਨੂੰ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤੇ ਹੋਰ ਵਿਰੋਧੀ ਨੇਤਾਵਾਂ 'ਤੇ ਜ਼ੋਰਦਾਰ ਹਮਲਾ ਕੀਤਾ। ਦੂਜੇ ਪਾਸੇ, ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਕੇਂਦਰੀ ਮੰਤਰੀ ਜੇਪੀ ਨੱਡਾ ਨੇ ਰਾਹੁਲ ਗਾਂਧੀ ’ਤੇ ਸਿੱਧਾ ਹਮਲਾ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਧਿਆਨ ਨਾਲ ਸੁਣਨ—ਕਿਸੇ ਝੂਠ ਨੂੰ ਸੌ ਵਾਰ ਦੁਹਰਾਉਣ ਨਾਲ ਉਹ ਸੱਚ ਨਹੀਂ ਬਣ ਜਾਂਦਾ। ਸੱਚ ਨੂੰ ਹਰਾਇਆ ਨਹੀਂ ਜਾ ਸਕਦਾ।
ਨੱਡਾ ਨੇ ਰਾਹੁਲ ਗਾਂਧੀ ਤੋਂ ਇਲਾਵਾ ਅਰਵਿੰਦ ਕੇਜਰੀਵਾਲ, ਅਖਿਲੇਸ਼ ਯਾਦਵ ਤੇ ਮਮਤਾ ਬੈਨਰਜੀ 'ਤੇ ਦੇਸ਼ ਦੀਆਂ ਖੁਦਮੁਖਤਿਆਰ ਤੇ ਸੰਵਿਧਾਨਕ ਸੰਸਥਾਵਾਂ ਨੂੰ ਬਦਨਾਮ ਕਰਨ ਤੇ ਕਮਜ਼ੋਰ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ 'ਟੂਲਕਿਟ ਮਾਨਸਿਕਤਾ' ਨਾਲ ਕੰਮ ਕਰ ਰਹੀ ਹੈ, ਜਿਸ ਦਾ ਮਕਸਦ ਸਿਰਫ਼ ਦੋਸ਼ ਲਗਾਉਣਾ, ਮਾਹੌਲ ਖਰਾਬ ਕਰਨਾ ਤੇ ਫਿਰ ਭੱਜ ਜਾਣਾ ਹੈ।
ਵਿਰੋਧੀ ਧਿਰ 'ਤੇ ਦੇਸ਼ ’ਚ ਭੰਬਲਭੂਸਾ ਫੈਲਾਉਣ ਦਾ ਦੋਸ਼ ਨੱਡਾ ਨੇ ਕਿਹਾ ਕਿ ਅੱਜ ਜਦੋਂ 140 ਕਰੋੜ ਨਾਗਰਿਕ 'ਵਿਕਸਿਤ ਭਾਰਤ' ਦੇ ਸੰਕਲਪ ਨੂੰ ਪੂਰਾ ਕਰਨ ’ਚ ਜੁਟੇ ਹੋਏ ਹਨ, ਤਾਂ ਵਿਰੋਧੀ ਧਿਰ ਦਾ ਇੰਡੀਆ ਗਠਜੋੜ ਨਿਰਾਸ਼ ਤੇ ਹਤਾਸ਼ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਨੀਤੀ ਤੇ ਵਿਜ਼ਨ ਦੀ ਘਾਟ ਕਾਰਨ ਵਿਰੋਧੀ ਧਿਰ ਦੇਸ਼ ’ਚ ਅਰਾਜਕਤਾ ਤੇ ਭੰਬਲਭੂਸੇ ਦੀ ਸਥਿਤੀ ਪੈਦਾ ਕਰਨ ਲਈ ਨਵੇਂ-ਨਵੇਂ ਤਰੀਕੇ ਅਪਣਾ ਰਹੀ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਸਾਰੇ ਤੱਥ ਸਪੱਸ਼ਟ ਕਰਨ ਦੇ ਬਾਵਜੂਦ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਲਈ ਸੱਤਾ ਜਨਤਾ ਦੀ ਸੇਵਾ ਦਾ ਸਾਧਨ ਹੈ, ਜਦਕਿ ਵਿਰੋਧੀ ਧਿਰ ਸਿਰਫ਼ ਪਰਿਵਾਰਵਾਦ ਤੇ ਨਿੱਜੀ ਹਿੱਤਾਂ ਲਈ ਸੱਤਾ ਚਾਹੁੰਦੀ ਹੈ।
ਮੱਲਿਕਾਰਜੁਨ ਖੜਗੇ ਨੇ ਮੁੱਖ ਚੋਣ ਕਮਿਸ਼ਨਰ ਦੇ ਅਸਤੀਫ਼ੇ ਦੀ ਮੰਗ ਕੀਤੀ ਦੂਜੇ ਪਾਸੇ, ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ 'ਤੇ ਭਾਜਪਾ ਦੀ ਵਿਚਾਰਧਾਰਾ ਨੂੰ ਅੱਗੇ ਵਧਾਉਣ ਦਾ ਦੋਸ਼ ਲਗਾਉਂਦਿਆਂ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ। ਖੜਗੇ ਨੇ ਦਾਅਵਾ ਕੀਤਾ ਕਿ ਕੇਰਲ ਦੇ ਸਾਬਕਾ ਮੁੱਖ ਸਕੱਤਰ ਨੇ ਵੀ ਕਿਹਾ ਹੈ ਕਿ ਮੁੱਖ ਚੋਣ ਕਮਿਸ਼ਨਰ ਨੇ ਉਨ੍ਹਾਂ ਨੂੰ ਚੋਣ ਲੜਨ ਲਈ ਕਿਹਾ ਸੀ। ਖੜਗੇ ਨੇ ਕਿਹਾ ਕਿ ਸਿਖਰਲੇ ਅਹੁਦੇ ’ਤੇ ਬੈਠਾ ਵਿਅਕਤੀ ਭਾਜਪਾ ਵਰਕਰ ਵਾਂਗ ਕੰਮ ਕਰ ਰਿਹਾ ਹੈ ਤੇ ਜੇਕਰ ਉਨ੍ਹਾਂ ’ਚ ਥੋੜ੍ਹੀ ਵੀ ਨੈਤਿਕਤਾ ਹੈ ਤਾਂ ਉਨ੍ਹਾਂ ਨੂੰ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਸ ਮੁੱਦੇ 'ਤੇ ਚਰਚਾ ਲਈ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾਈ ਗਈ ਹੈ, ਕਿਉਂਕਿ ਇਹ ਮਾਮਲਾ ਲੋਕਤੰਤਰ ਤੇ ਦੇਸ਼ ਦੀ ਹੋਂਦ ਨਾਲ ਜੁੜਿਆ ਹੋਇਆ ਹੈ।
ਇਹ ਪੂਰਾ ਸਿਆਸੀ ਵਿਵਾਦ ਚੋਣ ਕਮਿਸ਼ਨ ਵੱਲੋਂ ਕਰਵਾਈ ਜਾ ਰਹੀ ਵੋਟਰ ਸੂਚੀ ਦੀ ਐਸਆਈਆਰ (Special Intensive Revision) ਨੂੰ ਲੈ ਕੇ ਸ਼ੁਰੂ ਹੋਇਆ। ਰਾਹੁਲ ਗਾਂਧੀ ਨੇ ਹਾਲੀਆ ਚੋਣਾਂ ’ਚ ਧਾਂਦਲੀ ਦੇ ਦੋਸ਼ ਲਗਾਏ ਤੇ ਮੁੱਖ ਚੋਣ ਕਮਿਸ਼ਨਰ 'ਤੇ ਚੋਣਾਂ ’ਚ 'ਮੈਚ ਫਿਕਸਿੰਗ' ਦਾ ਦੋਸ਼ ਲਗਾਉਂਦਿਆਂ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ। ਵਿਰੋਧੀ ਪਾਰਟੀਆਂ ਨੇ ਇੱਕ ਮੀਡੀਆ ਰਿਪੋਰਟ ਦਾ ਵੀ ਹਵਾਲਾ ਦਿੱਤਾ, ਜਿਸ ’ਚ ਦਾਅਵਾ ਕੀਤਾ ਗਿਆ ਸੀ ਕਿ ਚੋਣ ਕਮਿਸ਼ਨਰ ਸੁਖਬੀਰ ਸਿੰਘ ਸੰਧੂ ਤੇ ਵਿਵੇਕ ਜੋਸ਼ੀ ਨੇ ਪਿਛਲੇ 10 ਮਹੀਨਿਆਂ ਦੌਰਾਨ ਐਸਆਈਆਰ ਤੇ ਹੋਰ ਚੋਣੀ ਮੁੱਦਿਆਂ 'ਤੇ ਕਈ ਵਾਰ ਸਵਾਲ ਉਠਾਏ ਸਨ।
ਚੋਣ ਕਮਿਸ਼ਨ ਦੀ ਸਫ਼ਾਈ ਵਿਵਾਦ ਵਿਚਕਾਰ ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਪ੍ਰਕਿਰਿਆ ਦੇ ਡਰਾਫਟ ਪੱਧਰ 'ਤੇ ਸੁਝਾਅ ਜਾਂ ਸਵਾਲ ਉਠਾਉਣਾ ਆਮ ਪ੍ਰਸ਼ਾਸਨਿਕ ਪ੍ਰਕਿਰਿਆ ਦਾ ਹਿੱਸਾ ਹੈ। ਕਮਿਸ਼ਨ ਨੇ ਇਸ ਗੱਲ ਨੂੰ ਰੱਦ ਕੀਤਾ ਕਿ ਇਹ ਮਤਭੇਦ ਅੰਤਿਮ ਫ਼ੈਸਲਿਆਂ ਦੇ ਖ਼ਿਲਾਫ਼ ਕਿਸੇ ਅੰਦਰੂਨੀ ਵਿਰੋਧ ਨੂੰ ਦਰਸਾਉਂਦੇ ਹਨ। ਚੋਣ ਕਮਿਸ਼ਨ ਦੇ ਅਨੁਸਾਰ, ਐਸਆਈਆਰ ਸਮੇਤ ਸਾਰੇ ਫ਼ੈਸਲੇ ਤਿੰਨਾਂ ਚੋਣ ਕਮਿਸ਼ਨਰਾਂ ਦੀ ਸਹਿਮਤੀ ਤੇ ਮਨਜ਼ੂਰੀ ਨਾਲ ਹੀ ਲਏ ਗਏ ਹਨ।
ਕਾਂਗਰਸ, ਟੀਐਮਸੀ, ਸੀਪੀਆਈ, ਸੀਪੀਐਮ ਤੇ ਸ਼ਿਵਸੈਨਾ (ਯੂਬੀਟੀ) ਸਮੇਤ ਕਈ ਵਿਰੋਧੀ ਪਾਰਟੀਆਂ ਚੋਣ ਕਮਿਸ਼ਨ ਦੇ ਖ਼ਿਲਾਫ਼ ਇਕੱਠੀਆਂ ਹੋ ਗਈਆਂ ਹਨ। ਇਸ ਪੂਰੇ ਘਟਨਾਕ੍ਰਮ ਤੇ ਚੋਣ ਕਮਿਸ਼ਨ ਦੇ ਕੰਮਕਾਜ ਨੂੰ ਲੈ ਕੇ ਅਗਲੀ ਰਣਨੀਤੀ ਤੈਅ ਕਰਨ ਲਈ 30 ਸਤੰਬਰ ਨੂੰ ਇੰਡੀਆ ਗਠਜੋੜ ਦੀ ਮੀਟਿੰਗ ਹੋਣ ਦੀ ਸੰਭਾਵਨਾ ਹੈ।