ਸਾਧੂ ਦੇ ਭੇਸ ’ਚ ਲੁਕ ਕੇ ਰਹਿੰਦਾ ਸੀ ਜਬਰ-ਜਨਾਹ ਦਾ ਮੁਲਜ਼ਮ, ਪੁਲਿਸ ਮੁਕਾਬਲੇ ’ਚ ਗ੍ਰਿਫ਼ਤਾਰ; ਲੱਤ ’ਚ ਲੱਗੀ ਗੋਲੀ
ਦੋਸ਼ ਹੈ ਕਿ ਸੋਮਵਾਰ ਨੂੰ ਖੇਤ ’ਚ ਖੇਡ ਕੇ ਘਰ ਵਾਪਸ ਆ ਰਹੀ ਨੌਂ ਸਾਲ ਦੀ ਬੱਚੀ ਨੂੰ ਉਸ ਨੇ ਆਸ਼ਰਮ ਨੇੜੇ ਫੜ ਲਿਆ ਤੇ ਖੇਤ ’ਚ ਲੈ ਜਾ ਕੇ ਉਸ ਨਾਲ ਜਬਰ-ਜਨਾਹ ਕੀਤਾ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਬੱਚੀ ਦੇ ਪਿਤਾ ਨੇ ਬੁੱਧਵਾਰ ਨੂੰ ਬਲਰਈ ਥਾਣੇ ’ਚ ਮਾਮਲਾ ਦਰਜ ਕਰਵਾਇਆ ਸੀ।
Publish Date: Sat, 12 Sep 2026 03:11 PM (IST)
Updated Date: Sat, 12 Sep 2026 03:14 PM (IST)
ਜਾਗਰਣ ਸੰਵਾਦਦਾਤਾ, ਇਟਾਵਾ : ਨੌਂ ਸਾਲ ਦੀ ਬੱਚੀ ਨਾਲ ਜਬਰ-ਜਨਾਹ ਦੇ ਦੋਸ਼ ’ਚ ਲੋੜੀਂਦੇ ਸਾਧੂ ਦੇ ਭੇਸ ’ਚ ਰਹਿ ਰਹੇ ਮੁਲਜ਼ਮ ਨੂੰ ਪੁਲਿਸ ਨੇ ਸ਼ੁੱਕਰਵਾਰ ਦੇਰ ਰਾਤ ਪੀਹਰਪੁਰਾ ਪਿੰਡ ਦੀ ਨਹਿਰ ਝਾਲ ਨੇੜੇ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ। ਪੁਲਿਸ ਮੁਤਾਬਕ ਘੇਰਾਬੰਦੀ ਦੌਰਾਨ ਮੁਲਜ਼ਮ ਨੇ ਦੇਸੀ ਕੱਟੇ ਨਾਲ ਪੁਲਿਸ ਟੀਮ ’ਤੇ ਗੋਲੀ ਚਲਾਈ ਤੇ ਭੱਜਣ ਦੀ ਕੋਸ਼ਿਸ਼ ਕੀਤੀ। ਜਵਾਬੀ ਕਾਰਵਾਈ ’ਚ ਉਸ ਦੀ ਸੱਜੀ ਲੱਤ ’ਚ ਗੋਲੀ ਲੱਗ ਗਈ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਪੁਲਿਸ ਨੇ ਉਸ ਨੂੰ ਇਲਾਜ ਲਈ ਹਸਪਤਾਲ ’ਚ ਦਾਖ਼ਲ ਕਰਵਾਇਆ ਹੈ।
ਪੁਲਿਸ ਅਨੁਸਾਰ ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਗੜ੍ਹੀ ਰਾਮਧਨ ਵਾਸੀ ਅਜਬ ਸਿੰਘ ਵਜੋਂ ਹੋਈ ਹੈ। ਉਹ ਸਾਧੂ ਦੇ ਭੇਸ ’ਚ ਰਹਿੰਦਾ ਸੀ। ਦੋਸ਼ ਹੈ ਕਿ ਸੋਮਵਾਰ ਨੂੰ ਖੇਤ ’ਚ ਖੇਡ ਕੇ ਘਰ ਵਾਪਸ ਆ ਰਹੀ ਨੌਂ ਸਾਲ ਦੀ ਬੱਚੀ ਨੂੰ ਉਸ ਨੇ ਆਸ਼ਰਮ ਨੇੜੇ ਫੜ ਲਿਆ ਤੇ ਖੇਤ ’ਚ ਲੈ ਜਾ ਕੇ ਉਸ ਨਾਲ ਜਬਰ-ਜਨਾਹ ਕੀਤਾ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਬੱਚੀ ਦੇ ਪਿਤਾ ਨੇ ਬੁੱਧਵਾਰ ਨੂੰ ਬਲਰਈ ਥਾਣੇ ’ਚ ਮਾਮਲਾ ਦਰਜ ਕਰਵਾਇਆ ਸੀ।
ਇਸ ਤੋਂ ਬਾਅਦ ਐੱਸਐੱਸਪੀ ਦੇ ਨਿਰਦੇਸ਼ ’ਤੇ ਪੁਲਿਸ ਦੀਆਂ ਕਈ ਟੀਮਾਂ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਲਗਾਈਆਂ ਗਈਆਂ ਸਨ। ਘਟਨਾ ਤੋਂ ਬਾਅਦ ਫੋਰੈਂਸਿਕ ਟੀਮ ਨੇ ਘਟਨਾ ਸਥਾਨ ਦਾ ਮੁਆਇਨਾ ਕਰਕੇ ਸਬੂਤ ਇਕੱਠੇ ਕੀਤੇ ਸਨ। ਬੱਚੀ ਦਾ ਮੈਡੀਕਲ ਟੈਸਟ ਵੀ ਕਰਵਾਇਆ ਗਿਆ ਸੀ।
ਥਾਣਾ ਮੁਖੀ ’ਤੇ ਚਲਾਈ ਗੋਲੀ, ਵਾਲ-ਵਾਲ ਬਚੇ
ਪੁਲਿਸ ਮੁਤਾਬਕ ਸ਼ੁੱਕਰਵਾਰ ਦੇਰ ਸ਼ਾਮ ਟੀਮ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਪੀਹਰਪੁਰਾ ਨਹਿਰ ਝਾਲ ਨੇੜੇ ਕਿਤੇ ਭੱਜਣ ਦੀ ਤਾਕ ’ਚ ਖੜ੍ਹਾ ਹੈ। ਸੀਓ ਜਸਵੰਤਨਗਰ ਆਯੂਸ਼ੀ ਸਿੰਘ, ਬਲਰਈ ਥਾਣਾ ਮੁਖੀ ਆਲੋਕ ਕੁਮਾਰ ਤੇ ਵਧਪੁਰਾ ਥਾਣਾ ਮੁਖੀ ਕ੍ਰਿਪਾਲ ਸਿੰਘ ਦੀ ਟੀਮ ਮੌਕੇ ’ਤੇ ਪਹੁੰਚੀ ਤੇ ਘੇਰਾਬੰਦੀ ਕਰ ਲਈ।
ਪੁਲਿਸ ਨੇ ਜਦੋਂ ਮੁਲਜ਼ਮ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਦੇਸੀ ਕੱਟੇ ਨਾਲ ਪੁਲਿਸ ਟੀਮ ’ਤੇ ਜਾਨੋਂ ਮਾਰਨ ਦੀ ਨੀਅਤ ਨਾਲ ਗੋਲੀ ਚਲਾ ਦਿੱਤੀ। ਗੋਲੀਬਾਰੀ ’ਚ ਥਾਣਾ ਮੁਖੀ ਕ੍ਰਿਪਾਲ ਸਿੰਘ ਵਾਲ-ਵਾਲ ਬਚ ਗਏ।
ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਭੱਜਦੇ ਸਮੇਂ ਮੁਲਜ਼ਮ ਦੀ ਸੱਜੀ ਲੱਤ ’ਚ ਗੋਲੀ ਲੱਗ ਗਈ। ਇਸ ਤੋਂ ਬਾਅਦ ਉਸ ਨੂੰ ਕਾਬੂ ਕਰ ਲਿਆ ਗਿਆ। ਉਸ ਦੇ ਕਬਜ਼ੇ ’ਚੋਂ ਦੇਸੀ ਕੱਟਾ ਤੇ ਕਾਰਤੂਸ ਬਰਾਮਦ ਕੀਤੇ ਗਏ ਹਨ। ਜ਼ਖ਼ਮੀ ਹੋਣ ਕਾਰਨ ਉਸ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ।
ਪੁਲਿਸ ਮੁਤਾਬਕ ਅਜਬ ਸਿੰਘ ਖ਼ਿਲਾਫ਼ ਪਹਿਲਾਂ ਵੀ ਛੇੜਛਾੜ ਦਾ ਮਾਮਲਾ ਦਰਜ ਹੋ ਚੁੱਕਾ ਹੈ ਤੇ ਉਹ ਜੇਲ੍ਹ ਵੀ ਜਾ ਚੁੱਕਾ ਹੈ। ਪੁਲਿਸ ਉਸ ਦੇ ਅਪਰਾਧਿਕ ਪਿਛੋਕੜ ਦੀ ਜਾਣਕਾਰੀ ਇਕੱਠੀ ਕਰ ਰਹੀ ਹੈ।