ਅਯੁੱਧਿਆ ’ਚ ਰਾਮ ਵਨ ਗਮਨ ਮਾਰਗ ’ਤੇ ਯਾਦਾਂ ਦੇ ਸਤੰਭ, ਅੱਠ ਪੌਰਾਣਿਕ ਸਥਾਨਾਂ ’ਤੇ ਹੋਇਆ ਉਦਘਾਟਨ ਅਸ਼ੋਕ ਸਿੰਘਲ ਫਾਊਂਡੇਸ਼ਨ ਵੱਲੋਂ ਰਾਮ ਵਨ ਗਮਨ ਨਾਲ ਜੁੜੇ ਅੱਠ ਪ੍ਰਮੁੱਖ ਪੌਰਾਣਿਕ ਸਥਾਨਾਂ ’ਤੇ ਸਥਾਪਿਤ ਸ੍ਰੀਰਾਮ ਸਤੰਭਾਂ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਰਚੁਅਲ ਤੌਰ ’ਤੇ ਉਦਘਾਟਨ ਕੀਤਾ।
Publish Date: Mon, 28 Sep 2026 11:52 AM (IST)
Updated Date: Mon, 28 Sep 2026 11:58 AM (IST)
ਜਾਗਰਣ ਸੰਵਾਦਦਾਤਾ, ਅਯੁੱਧਿਆ : ਰਾਮ ਵਨ ਗਮਨ ਨਾਲ ਜੁੜੇ ਪ੍ਰਮੁੱਖ ਪੌਰਾਣਿਕ ਸਥਾਨਾਂ ’ਤੇ ਅਸ਼ੋਕ ਸਿੰਘਲ ਫਾਊਂਡੇਸ਼ਨ ਵੱਲੋਂ ਸਥਾਪਿਤ ਸ੍ਰੀਰਾਮ ਸਤੰਭਾਂ ’ਚੋਂ ਅੱਠ ਸਤੰਭਾਂ ਦਾ ਐਤਵਾਰ ਨੂੰ ਉਦਘਾਟਨ ਕੀਤਾ ਗਿਆ।ਸ੍ਰੀਰਾਮ ਸਤੰਭਾਂ ਦਾ ਉਦਘਾਟਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਰਚੁਅਲ ਤੌਰ ’ਤੇ ਕੀਤਾ। ਅਸ਼ੋਕ ਸਿੰਘਲ ਜਨਮ ਸ਼ਤਾਬਦੀ ਵਰ੍ਹੇ ਤਹਿਤ ਕਰਵਾਏ ਗਏ ਪ੍ਰੋਗਰਾਮਾਂ ’ਚ ਜਨ-ਪ੍ਰਤੀਨਿਧੀਆਂ ਸਮੇਤ ਸਥਾਨਕ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ।
ਭਰਤਕੁੰਡ ਸਥਿਤ ਹਨੂਮਾਨ-ਭਰਤ ਮਿਲਾਪ ਮੰਦਰ ’ਚ ਸਾਬਕਾ ਜ਼ਿਲ੍ਹਾ ਪ੍ਰਧਾਨ ਕਮਲਾਸ਼ੰਕਰ ਪਾਂਡੇ, ਜਟਾਕੁੰਡ-ਭਰਤਕੁੰਡ ’ਚ ਓਮ ਪ੍ਰਕਾਸ਼ ਸਿੰਘ, ਕਵਰਜਾ ਧਾਮ-ਭੈਰਵਪੁਰ ਟਿਕਰਾ ਰਾਮਨਗਰ ’ਚ ਸਥਾਨਕ ਲੋਕਾਂ, ਸੂਰਯਕੁੰਡ-ਰਾਮਪੁਰ ਭਗਨ ’ਚ ਬਲਾਕ ਪ੍ਰਮੁੱਖ ਦਿਨੇਸ਼ ਵਰਮਾ, ਤਮਸਾ ਤਟ-ਗੌਰਾ ਘਾਟ ’ਚ ਗੋਸਾਈਂਗੰਜ ਚੇਅਰਮੈਨ ਵਿਜੈ ਲਕਸ਼ਮੀ ਜਾਇਸਵਾਲ, ਤਾਹਡੀਹ ਤਮਸਾ ’ਚ ਵਿਧਾਇਕ ਰਾਮਚੰਦਰ ਯਾਦਵ ਤੇ ਬਲਾਕ ਪ੍ਰਮੁੱਖ ਫਯਾਰਾਮ ਵਰਮਾ, ਸ਼੍ਰਿੰਗੀ ਰਿਸ਼ੀ ਆਸ਼ਰਮ-ਮਹਬੂਬਗੰਜ ’ਚ ਭਾਜਪਾ ਦੇ ਖੇਤਰੀ ਉਪ ਪ੍ਰਧਾਨ ਅਵਧੇਸ਼ ਪਾਂਡੇ ‘ਬਾਦਲ’ ਤੇ ਸੀਤਾਕੁੰਡ-ਦਰਾਬਗੰਜ, ਬੀਕਾਪੁਰ ’ਚ ਸੰਜੀਵ ਸਿੰਘ ਦੀ ਮੌਜੂਦਗੀ ’ਚ ਸ੍ਰੀਰਾਮ ਸਤੰਭਾਂ ਦਾ ਉਦਘਾਟਨ ਕੀਤਾ ਗਿਆ।
ਰੁਦੌਲੀ ਵਿਧਾਇਕ ਰਾਮਚੰਦਰ ਯਾਦਵ ਨੇ ਦੱਸਿਆ ਕਿ ਇਨ੍ਹਾਂ ਸਥਾਨਾਂ ’ਤੇ ਸ੍ਰੀਰਾਮ ਸਤੰਭਾਂ ਦੀ ਸਥਾਪਨਾ ਨਾਲ ਉਨ੍ਹਾਂ ਦੇ ਧਾਰਮਿਕ ਤੇ ਇਤਿਹਾਸਕ ਮਹੱਤਵ ਨੂੰ ਨਵੀਂ ਪਛਾਣ ਮਿਲੇਗੀ। ਇਸ ਦੇ ਨਾਲ ਹੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਰਾਮ ਵਨ ਗਮਨ ਦੀ ਪਰੰਪਰਾ ਤੇ ਇਸ ਨਾਲ ਜੁੜੇ ਸਥਾਨਾਂ ਨਾਲ ਜਾਣੂ ਹੋਣ ਦਾ ਮੌਕਾ ਮਿਲੇਗਾ।
ਭਾਜਪਾ ਦੇ ਖੇਤਰੀ ਉਪ ਪ੍ਰਧਾਨ ਅਵਧੇਸ਼ ਪਾਂਡੇ ‘ਬਾਦਲ’ ਨੇ ਕਿਹਾ ਕਿ ਰਾਮ ਵਨ ਗਮਨ ਨਾਲ ਜੁੜੇ ਇਨ੍ਹਾਂ ਪੌਰਾਣਿਕ ਸਥਾਨਾਂ ਨੂੰ ਸ੍ਰੀਰਾਮ ਦੇ ਵਨਵਾਸ ਗਮਨ ਦੀ ਪਰੰਪਰਾ ਤੇ ਯਾਦਾਂ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਇਨ੍ਹਾਂ ਸਥਾਨਾਂ ’ਤੇ ਸ੍ਰੀਰਾਮ ਸਤੰਭਾਂ ਦੀ ਸਥਾਪਨਾ ਨਾਲ ਰਾਮ ਵਨ ਗਮਨ ਨਾਲ ਜੁੜੇ ਸਥਾਨਾਂ ਦੀ ਪਛਾਣ ਤੇ ਮਹੱਤਵ ਨੂੰ ਅੱਗੇ ਵਧਾਉਣ ’ਚ ਮਦਦ ਮਿਲੇਗੀ। ਵਿਹਿਪ ਦੇ ਵਿਭਾਗ ਮੰਤਰੀ ਧੀਰੇਸ਼ਵਰ ਵਰਮਾ ਨੇ ਦੱਸਿਆ ਕਿ ਦਸ਼ਰਥ ਮਹਲ, ਦਸ਼ਰਥ ਸਮਾਧੀ ਸਥਲ ਤੇ ਮਖੌੜਾ ਧਾਮ ’ਚ ਵੀ ਸ੍ਰੀਰਾਮ ਸਤੰਭ ਸਥਾਪਿਤ ਕੀਤੇ ਜਾ ਰਹੇ ਹਨ। ਇਨ੍ਹਾਂ ਤਿੰਨਾਂ ਸਥਾਨਾਂ ’ਤੇ ਇਸ ਸਮੇਂ ਨੀਂਹ ਦਾ ਕੰਮ ਚੱਲ ਰਿਹਾ ਹੈ। ਕੰਮ ਪੂਰਾ ਹੋਣ ਤੋਂ ਬਾਅਦ ਇਨ੍ਹਾਂ ਸਤੰਭਾਂ ਦਾ ਵੀ ਜਲਦ ਹੀ ਉਦਘਾਟਨ ਕੀਤਾ ਜਾਵੇਗਾ।