ਰਾਜਧਾਨੀ ਦਿੱਲੀ ਵਿੱਚ ਅਪ੍ਰੈਲ ਦਾ ਪਹਿਲਾ ਹਫ਼ਤਾ ਵੀ ਬਾਰਿਸ਼ ਦੇ ਨਾਲ ਹੀ ਬੀਤੇਗਾ। ਮੌਸਮ ਵਿਭਾਗ ਦੇ ਅਨੁਸਾਰ, ਸ਼ੁੱਕਰਵਾਰ ਤੋਂ ਦਿੱਲੀ ਵਿੱਚ ਬਾਰਿਸ਼ ਦਾ ਨਵਾਂ ਦੌਰ ਸ਼ੁਰੂ ਹੋ ਸਕਦਾ ਹੈ, ਜੋ ਪੂਰੇ ਵੀਕੈਂਡ ਤੱਕ ਜਾਰੀ ਰਹਿਣ ਦੀ ਉਮੀਦ ਹੈ। ਮੌਸਮ ਵਿਭਾਗ ਵੱਲੋਂ ਦਿੱਲੀ-ਐਨ.ਸੀ.ਆਰ. ਵਿੱਚ 3 ਅਤੇ 4 ਅਪ੍ਰੈਲ ਨੂੰ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਦੂਜੇ ਪਾਸੇ, ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਗੜੇਮਾਰੀ ਹੋਣ ਦਾ ਵੀ ਖ਼ਦਸ਼ਾ ਹੈ।

ਕਦੋਂ ਤੱਕ ਹੋਵੇਗੀ ਬਾਰਿਸ਼?
ਮੰਗਲਵਾਰ ਰਾਤ 11:30 ਵਜੇ ਤੋਂ ਬੁੱਧਵਾਰ ਤੜਕੇ 2:30 ਵਜੇ ਦੇ ਵਿਚਕਾਰ ਦਿੱਲੀ ਦੇ ਵੱਖ-ਵੱਖ ਹਿੱਸਿਆਂ ਵਿੱਚ ਮੀਂਹ ਦਰਜ ਕੀਤਾ ਗਿਆ। ਲੋਧੀ ਰੋਡ 'ਤੇ 6.4 ਮਿਲੀਮੀਟਰ, ਆਇਆ ਨਗਰ ਵਿੱਚ 6.8 ਮਿਲੀਮੀਟਰ ਅਤੇ ਰਿਜ ਖੇਤਰ ਵਿੱਚ 2.6 ਮਿਲੀਮੀਟਰ ਬਾਰਿਸ਼ ਹੋਈ।
ਸਕਾਈਮੇਟ ਵੇਦਰ ਦੇ ਉਪ-ਪ੍ਰਧਾਨ ਮਹੇਸ਼ ਪਲਾਵਤ ਅਨੁਸਾਰ, ਦੋ ਪੱਛਮੀ ਗੜਬੜੀਆਂ ਕਾਰਨ 8-9 ਅਪ੍ਰੈਲ ਤੱਕ ਰੁਕ-ਰੁਕ ਕੇ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਸ਼ਨੀਵਾਰ ਲਈ 'ਯੈਲੋ ਅਲਰਟ' ਜਾਰੀ ਕੀਤਾ ਹੈ।
30 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲਣਗੀਆਂ ਹਵਾਵਾਂ
ਇਸ ਦੌਰਾਨ ਗਰਜ-ਚਮਕ ਦੇ ਨਾਲ ਹਲਕੀ ਬਾਰਿਸ਼ ਅਤੇ 20 ਤੋਂ 30 ਕਿਲੋਮੀਟਰ ਪ੍ਰਤੀ ਘੰਟਾ (ਝੱਖੜ 40 ਕਿਲੋਮੀਟਰ ਤੱਕ) ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦਾ ਅਨੁਮਾਨ ਹੈ। ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 36°C ਅਤੇ ਘੱਟੋ-ਘੱਟ 19°C ਰਹਿਣ ਦੀ ਸੰਭਾਵਨਾ ਹੈ। ਐਤਵਾਰ-ਸੋਮਵਾਰ ਨੂੰ ਇਹ ਡਿੱਗ ਕੇ 33°C ਅਤੇ 19°C ਰਹਿ ਸਕਦਾ ਹੈ।
ਹਵਾ ਦੀ ਗੁਣਵੱਤਾ ਵਿੱਚ ਸੁਧਾਰ
ਬਾਰਿਸ਼ ਅਤੇ ਤੇਜ਼ ਹਵਾਵਾਂ ਕਾਰਨ ਦਿੱਲੀ ਦੀ ਹਵਾ ਦੇ ਮਿਆਰ ਵਿੱਚ ਕਾਫ਼ੀ ਸੁਧਾਰ ਹੋਇਆ ਹੈ। ਬੁੱਧਵਾਰ ਨੂੰ ਦਿੱਲੀ ਦਾ AQI 113 ਦਰਜ ਕੀਤਾ ਗਿਆ, ਜੋ ਮੰਗਲਵਾਰ ਨੂੰ 171 ਸੀ। ਮਾਹਿਰਾਂ ਦਾ ਮੰਨਣਾ ਹੈ ਕਿ ਅਗਲੇ ਕੁਝ ਦਿਨਾਂ ਤੱਕ ਹਵਾ ਦੀ ਸਥਿਤੀ 'ਦਰਮਿਆਨੀ' ਸ਼੍ਰੇਣੀ ਵਿੱਚ ਹੀ ਬਣੀ ਰਹੇਗੀ।