- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਗਸਤ ’ਚ ਕੁੱਲ 23.70 ਕਰੋੜ ਮਨੁੱਖੀ-ਦਿਵਸ ਰੁਜ਼ਗਾਰਾਂ ਦੀ ਸਿਰਜਣਾ ਹੋਈ। ਇਹ ਪਿਛਲੇ ਸਾਲ ਅਗਸਤ ਦੇ ਮੁਕਾਬਲੇ 92 ਫ਼ੀਸਦੀ ਵੱਧ ਹੈ। ਜੁਲਾਈ ਦੀ ਕਮੀ ਖੇਤੀਬਾੜੀ ਅਤੇ ਮੌਸਮੀ ਹਾਲਾਤ ਨਾਲ ਜੁੜੇ ਕਾਰਨਾਂ ਕਰ ਕੇ ਦੱਸੀ ਗਈ ਸੀ

ਅਰਵਿੰਦ ਸ਼ਰਮਾ, ਜਾਗਰਣ, ਨਵੀਂ ਦਿੱਲੀ : ਮਨਰੇਗਾ ਦੀ ਥਾਂ ਵਿਕਸਤ ‘ਭਾਰਤ-ਜੀ ਰਾਮ ਜੀ’ ਯੋਜਨਾ ਲਾਗੂ ਹੋਣ ਦੇ ਪਹਿਲੇ ਮਹੀਨੇ ਜੁਲਾਈ ’ਚ ਪੇਂਡੂ ਰੁਜ਼ਗਾਰ ’ਚ ਗਿਰਾਵਟ ਨੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਸਨ। ਪਰ ਇਕ ਮਹੀਨੇ ’ਚ ਹੀ ਤਸਵੀਰ ਬਦਲ ਗਈ। ਅਗਸਤ ’ਚ ਕੁੱਲ 23.70 ਕਰੋੜ ਮਨੁੱਖੀ-ਦਿਵਸ ਰੁਜ਼ਗਾਰਾਂ ਦੀ ਸਿਰਜਣਾ ਹੋਈ। ਇਹ ਪਿਛਲੇ ਸਾਲ ਅਗਸਤ ਦੇ ਮੁਕਾਬਲੇ 92 ਫ਼ੀਸਦੀ ਵੱਧ ਹੈ। ਜੁਲਾਈ ਦੀ ਕਮੀ ਖੇਤੀਬਾੜੀ ਅਤੇ ਮੌਸਮੀ ਹਾਲਾਤ ਨਾਲ ਜੁੜੇ ਕਾਰਨਾਂ ਕਰ ਕੇ ਦੱਸੀ ਗਈ ਸੀ, ਪਰ ਅਗਸਤ ’ਚ ਰੁਜ਼ਗਾਰ ਦੀ ਮੰਗ ਵਧਣ ਤੇ ਚੱਲ ਰਹੇ ਕੰਮਾਂ ਦੇ ਤੇਜ਼ੀ ਨਾਲ ਨਿਪਟਾਰੇ ਕਾਰਨ ਮਨੁੱਖੀ-ਦਿਵਸ ’ਚ ਵੱਡਾ ਉਛਾਲ ਆਇਆ। ਦੇਖਣਾ ਹੋਵੇਗਾ ਕਿ ਇਹੀ ਤੇਜ਼ੀ ਅੱਗੇ ਵੀ ਬਣੀ ਰਹਿੰਦੀ ਹੈ ਜਾਂ ਨਹੀਂ।
ਜੀ ਰਾਮ ਜੀ ਮੰਗ ਆਧਾਰਿਤ ਯੋਜਨਾ ਹੈ। ਜੁਲਾਈ ’ਚ ਖੇਤੀਬਾੜੀ ਦੇ ਕੰਮਾਂ ਦੀ ਜ਼ਿਆਦਾ ਭਰਮਾਰ ਸੀ, ਜਿਸ ਕਾਰਨ ਕਈ ਸੂਬਿਆਂ ’ਚ ਕੰਮ ਰੁਕਣ ਨਾਲ ਮੰਗ ਤੇ ਮਨੁੱਖੀ-ਦਿਵਸ ਘੱਟ ਹੋ ਗਏ ਸਨ। ਨਾਲ ਹੀ ਮੀਂਹ ਤੇ ਯੋਜਨਾ ਨੂੰ ਨਵੇਂ ਰੂਪ ’ਚ ਲਾਗੂ ਕਰਨ ਦੀ ਸ਼ੁਰੂਆਤੀ ਪ੍ਰਕਿਰਿਆ ਦਾ ਵੀ ਅਸਰ ਰਿਹਾ। ਹਾਲਾਂਕਿ ਜੁਲਾਈ ਦੀ ਗਿਰਾਵਟ ਨੂੰ ਸਿਰਫ਼ ਮੌਸਮ ਨਾਲ ਜੋੜ ਕੇ ਦੇਖਣਾ ਠੀਕ ਨਹੀਂ ਹੋਵੇਗਾ, ਕਿਉਂਕਿ ਨਵੀਂ ਵਿਵਸਥਾ ਦੇ ਸ਼ੁਰੂਆਤੀ ਸੰਚਾਲਨ ਦਾ ਅਸਰ ਵੀ ਉਸੇ ਦੌਰਾਨ ਦਿਖਾਈ ਦਿੱਤਾ ਸੀ।
ਅਗਸਤ ’ਚ ਸਥਿਤੀ ਬਦਲ ਗਈ। ਮੌਸਮ ’ਚ ਬਦਲਾਅ ਦੇ ਨਾਲ ਰੁਜ਼ਗਾਰ ਦੀ ਮੰਗ ਵੀ ਵਧੀ। ਪਹਿਲਾਂ ਤੋਂ ਮਨਜ਼ੂਰ ਤੇ ਚੱਲ ਰਹੇ ਕੰਮਾਂ ਦਾ ਤੇਜ਼ੀ ਨਾਲ ਨਿਪਟਾਰਾ ਵੀ ਹੋਇਆ। ਇਸ ਨਾਲ ਉਪਲਬਧ ਕੰਮ ਤੇ ਰੁਜ਼ਗਾਰ ਦੀ ਮੰਗ ਦਰਮਿਆਨ ਬਿਹਤਰ ਤਾਲਮੇਲ ਬਣਿਆ ਤੇ ਮਨੁੱਖੀ-ਦਿਵਸ ’ਚ ਤੇਜ਼ ਵਾਧਾ ਹੋਇਆ। ਇਸ ਦਾ ਅਸਰ ਕਈ ਸੂਬਿਆਂ ’ਚ ਦਿਖਿਆ। ਆਂਧਰਾ ਪ੍ਰਦੇਸ਼ ’ਚ ਅਗਸਤ ’ਚ ਪਿਛਲੇ ਸਾਲ ਨਾਲੋਂ 620 ਫ਼ੀਸਦੀ ਵੱਧ ਰੁਜ਼ਗਾਰ ਪੈਦਾ ਹੋਇਆ। ਰਾਜਸਥਾਨ ’ਚ 125 ਫ਼ੀਸਦੀ ਤੇ ਉੱਤਰ ਪ੍ਰਦੇਸ਼ ’ਚ 123 ਫ਼ੀਸਦੀ ਦਾ ਵਾਧਾ ਹੋਇਆ। ਉੱਤਰਾਖੰਡ ’ਚ 240 ਫ਼ੀਸਦੀ ਤੇ ਬਿਹਾਰ ’ਚ 140 ਫ਼ੀਸਦੀ ਵਾਧਾ ਹੋਇਆ। ਪੇਂਡੂ ਵਿਕਾਸ ਮੰਤਰਾਲੇ ਮੁਤਾਬਕ ਤੇਜ਼ੀ ਬਣਾਈ ਰੱਖਣ ਲਈ ਕੰਮ ਦੀ ਉਪਲਬਧਤਾ ਵਧਾਈ ਜਾ ਰਹੀ ਹੈ। ਕੰਮਾਂ ਦੀ ਵਿਭਿੰਨਤਾ ਵਧਾ ਕੇ 375 ਕਰ ਦਿੱਤੀ ਗਈ ਹੈ। ਕਰੀਬ 26 ਹਜ਼ਾਰ ਕਰੋੜ ਰੁਪਏ ਦੀ ਪਹਿਲੀ ਕਿਸ਼ਤ ਵਜੋਂ ‘ਮਦਰ ਸੈਂਕਸ਼ਨ’ ਵੀ ਦਿੱਤੀ ਗਈ ਹੈ। ਇਸ ਦਾ ਮਕਸਦ ਸੂਬਿਆਂ ਨੂੰ ਕੰਮ ਚਲਾਉਣ ਅਤੇ ਰੁਜ਼ਗਾਰ ਦੀ ਮੰਗ ਮੁਤਾਬਕ ਧਨ ਉਪਲਬਧ ਕਰਾਉਣਾ ਹੈ।
ਅਗਸਤ ’ਚ ਦੇਸ਼ ਭਰ ’ਚ 2.20 ਲੱਖ ਮਜ਼ਦੂਰਾਂ ਨੂੰ ਰੁਜ਼ਗਾਰ ਦੀ ਪੇਸ਼ਕਸ਼ ਕੀਤੀ ਗਈ ਤੇ 20 ਲੱਖ ਤੋਂ ਵੱਧ ਸਰਗਰਮ ਕਾਰਜ ਸਥਾਨ ਦਰਜ ਕੀਤੇ ਗਏ। ਸੂਬਿਆਂ ਨਾਲ ਨਿਯਮਤ ਸਮੀਖਿਆ, ਸਮੇਂ ਸਿਰ ਪੈਸੇ ਦੇਣ ਤੇ ਡਿਜੀਟਲ ਮਾਧਿਅਮ ਰਾਹੀਂ ਨਿਗਰਾਨੀ ਦੀ ਵਿਵਸਥਾ ਕੀਤੀ ਜਾ ਰਹੀ ਹੈ। ਇਸ ’ਚ ਕੰਮ ਦੀ ਪ੍ਰਗਤੀ, ਰੁਜ਼ਗਾਰ ਸਿਰਜਣਾ ਅਤੇ ਮਜ਼ਦੂਰੀ ਭੁਗਤਾਨ ’ਤੇ ਨਜ਼ਰ ਰੱਖੀ ਜਾ ਰਹੀ ਹੈ। ਹਾਲਾਂਕਿ ਸਰਕਾਰ ਅਗਸਤ ਦੇ ਨਤੀਜੇ ਨੂੰ ਸਥਾਈ ਮੰਨ ਕੇ ਨਹੀਂ ਚੱਲ ਰਹੀ ਹੈ। ਇਸ ਲਈ ਅੱਗੇ ਦੇ ਅੰਕੜੇ ਦੱਸਣਗੇ ਕਿ ਅਗਸਤ ਦਾ ਤੇਜ਼ ਵਾਧਾ ਵਿਵਸਥਾ ’ਚ ਸੁਧਾਰ ਦਾ ਸੰਕੇਤ ਹੈ ਜਾਂ ਫਿਰ ਇਹ ਮੰਗ ਅਤੇ ਮੌਸਮ ’ਚ ਆਏ ਅਸਥਾਈ ਬਦਲਾਅ ਦਾ ਨਤੀਜਾ ਹੈ।
ਸਿਖਰਲੇ ਅੱਠ ਸੂਬਿਆਂ ’ਚ ਅਗਸਤ 2025 ਦੀ ਤੁਲਨਾ ’ਚ ਅਗਸਤ 2026 ’ਚ ਰੁਜ਼ਗਾਰ ’ਚ ਵਾਧਾ
ਲੜੀਵਾਰ ਸੂਬਾ ਵਾਧਾ (ਫ਼ੀਸਦ) ਅਗਸਤ 2026 ’ਚ ਮਨੁੱਖੀ-ਦਿਵਸ
1 ਆਂਧਰਾ ਪ੍ਰਦੇਸ਼-620-378.90 ਲੱਖ
2 ਉੱਤਰਾਖੰਡ-240-14.58 ਲੱਖ
3 ਪੰਜਾਬ-217-26.98 ਲੱਖ
4 ਤੇਲੰਗਾਨਾ-217-99.19 ਲੱਖ
5 ਕਰਨਾਟਕ-209-121.51 ਲੱਖ
6 ਬਿਹਾਰ-140-107.43 ਲੱਖ
7 ਰਾਜਸਥਾਨ-125-317.18 ਲੱਖ
8 ਉੱਤਰ ਪ੍ਰਦੇਸ਼-123-264.11 ਲੱਖ
ਸਰੋਤ - ਪੇਂਡੂ ਵਿਕਾਸ ਮੰਤਰਾਲਾ।