ਪ੍ਰਦਰਸ਼ਨਕਾਰੀਆਂ 'ਤੇ ਪੁਲਿਸ ਦਾ ਕਹਿਰ: ਧੂਹ ਕੇ ਬੱਸਾਂ 'ਚ ਭਰਿਆ, ਕਵਰੇਜ ਕਰ ਰਹੇ ਪੱਤਰਕਾਰਾਂ ਨਾਲ ਵੀ ਕੀਤੀ ਕੁੱਟਮਾਰ
ਪ੍ਰਦਰਸ਼ਨਕਾਰੀ, ਜਿਨ੍ਹਾਂ ’ਚ ਵਿਦਿਆਰਥੀ, ਵਕੀਲ, ਕਾਰਕੁਨ ਅਤੇ ਸਿੱਖਿਆ ਸ਼ਾਸਤਰੀ ਸ਼ਾਮਲ ਸਨ, ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਵੱਲ ਮਾਰਚ ਕਰਨ ਲਈ ਇਕੱਠੇ ਹੋਏ। ਉਨ੍ਹਾਂ ਨੇ SIR ਨੂੰ ਰੱਦ ਕਰਨ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕੀਤੀ।
Publish Date: Tue, 13 Oct 2026 10:26 AM (IST)
Updated Date: Tue, 13 Oct 2026 10:28 AM (IST)
ਡਿਜੀਟਲ ਡੈਸਕ, ਬੈਂਗਲੁਰੂ। ਸੋਮਵਾਰ ਨੂੰ ਇੱਕ ਪਾਸੇ ਕਰਨਾਟਕ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਅਤੇ ਗ੍ਰਹਿ ਮੰਤਰੀ ਪ੍ਰਿਯਾਂਕ ਖੜਗੇ ਦਿੱਲੀ ਵਿੱਚ ਵੋਟਰ ਲਿਸਟ ਦੇ SIR (ਐੱਸ.ਆਈ.ਆਰ.) ਅਤੇ ਪ੍ਰਦਰਸ਼ਨਕਾਰੀਆਂ 'ਤੇ ਪੁਲਿਸ ਦੀ ਕਾਰਵਾਈ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਸਨ, ਉੱਥੇ ਹੀ ਦੂਜੇ ਪਾਸੇ ਬੈਂਗਲੁਰੂ ’ਚ ਪੁਲਿਸ ਨੇ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ’ਚ ਲਿਆ ਅਤੇ ਕਵਰੇਜ ਕਰ ਰਹੇ ਪੱਤਰਕਾਰਾਂ ਨਾਲ ਵੀ ਕੁੱਟਮਾਰ ਕੀਤੀ।
ਸਾਦੇ ਕੱਪੜਿਆਂ ’ਚ ਮੌਜੂਦ ਸਨ ਪੁਲਿਸ ਮੁਲਾਜ਼ਮ
ਸਾਦੇ ਕੱਪੜਿਆਂ ਵਿੱਚ ਪੁਲਿਸ ਵਾਲੇ SJP ਕਾਲਜ ਦੇ ਬਾਹਰ ਪ੍ਰਦਰਸ਼ਨਕਾਰੀਆਂ ਅਤੇ ਪੱਤਰਕਾਰਾਂ ਨਾਲ ਕੁੱਟਮਾਰ ਕਰਦੇ ਨਜ਼ਰ ਆਏ। SJP ਕਾਲਜ ਫ੍ਰੀਡਮ ਪਾਰਕ ਤੋਂ 1 ਕਿਲੋਮੀਟਰ ਦੇ ਘੇਰੇ ਵਿੱਚ ਹੈ ਅਤੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਦੇ ਠੀਕ ਸਾਹਮਣੇ ਹੈ।
ਪ੍ਰਦਰਸ਼ਨਕਾਰੀ, ਜਿਨ੍ਹਾਂ ’ਚ ਵਿਦਿਆਰਥੀ, ਵਕੀਲ, ਕਾਰਕੁਨ ਅਤੇ ਸਿੱਖਿਆ ਸ਼ਾਸਤਰੀ ਸ਼ਾਮਲ ਸਨ, ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਵੱਲ ਮਾਰਚ ਕਰਨ ਲਈ ਇਕੱਠੇ ਹੋਏ। ਉਨ੍ਹਾਂ ਨੇ SIR ਨੂੰ ਰੱਦ ਕਰਨ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕੀਤੀ।
ਮਹਿਲਾ ਪ੍ਰਦਰਸ਼ਨਕਾਰੀਆਂ ਦੇ ਕੱਪੜੇ ਖਿੱਚਦੇ ਦਿਖੇ ਪੁਲਿਸ ਵਾਲੇ
ਐਕਟੀਵਿਸਟ ਗਰੁੱਪ 'ਮਾਈ ਵੋਟ, ਮਾਈ ਰਾਈਟ' ਮੁਤਾਬਕ ਮਾਰਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ’ਚ ਲੈਣਾ ਸ਼ੁਰੂ ਕਰ ਦਿੱਤਾ। ਗਰੁੱਪ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਰਚ ਸ਼ੁਰੂ ਕਰਨ ਤੋਂ ਪਹਿਲਾਂ ਹੀ ਪੁਲਿਸ ਨੇ ਪਲੇਕਾਰਡ ਜ਼ਬਤ ਕਰ ਲਏ ਅਤੇ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਸਮੂਹ ਨੇ ਰਿਪੋਰਟ ਦਿੱਤੀ ਕਿ ਪ੍ਰਦਰਸ਼ਨਕਾਰੀਆਂ ਨੂੰ ਧੱਕਾ ਦਿੱਤਾ ਗਿਆ, ਘਸੀਟਿਆ ਗਿਆ ਅਤੇ ਜ਼ਬਰਦਸਤੀ ਬੱਸਾਂ ’ਚ ਲਿਜਾਇਆ ਗਿਆ। ਸਮੂਹ ਨੇ ਕਿਹਾ ਕਿ ਪੁਲਿਸ ਨੂੰ ਨੌਜਵਾਨ ਪ੍ਰਦਰਸ਼ਨਕਾਰੀਆਂ ਨੂੰ ਕੁੱਟਦੇ ਅਤੇ ਮਹਿਲਾ ਪ੍ਰਦਰਸ਼ਨਕਾਰੀਆਂ ਦੇ ਕੱਪੜੇ ਉਤਾਰਦੇ ਵੀ ਦੇਖਿਆ ਗਿਆ।
ਵਕੀਲ ਵਿਨੈ ਸ਼੍ਰੀਨਿਵਾਸ ਨੇ ਦੱਸਿਆ ਕਿ ਪੁਲਿਸ ਵਾਲਿਆਂ ਨੇ ਬਲ ਪ੍ਰਯੋਗ ਕੀਤਾ, ਸਾਡੇ ਵਿੱਚੋਂ ਕਈ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਅਤੇ ਬਾਅਦ ਵਿੱਚ CAR ਗ੍ਰਾਊਂਡਸ 'ਤੇ ਛੱਡ ਦਿੱਤਾ। 'ਆਲ ਇੰਡੀਆ ਲਾਇਰਜ਼ ਐਸੋਸੀਏਸ਼ਨ ਫਾਰ ਜਸਟਿਸ' ਦੇ ਨੈਸ਼ਨਲ ਜਨਰਲ ਸਕੱਤਰ ਕਲਿਫਟਨ ਰੋਜ਼ਾਰੀਓ ਨਾਲ ਵੀ ਕੁੱਟਮਾਰ ਕੀਤੀ ਗਈ।
ਪੱਤਰਕਾਰਾਂ ਨੂੰ ਬਣਾਇਆ ਗਿਆ ਨਿਸ਼ਾਨਾ
ਵਿਰੋਧ ਪ੍ਰਦਰਸ਼ਨ ਅਤੇ ਪੁਲਿਸ ਕਾਰਵਾਈ ਦੀ ਕਵਰੇਜ ਕਰ ਰਹੇ ਫੋਟੋ ਪੱਤਰਕਾਰਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਇੱਕ ਫੋਟੋ ਪੱਤਰਕਾਰ ਦੀ ਚਾਰ ਪੁਲਿਸ ਵਾਲਿਆਂ ਨੇ ਕੁੱਟਮਾਰ ਕੀਤੀ, ਜਦਕਿ ਤਿੰਨ ਹੋਰ ਪੱਤਰਕਾਰਾਂ ਨਾਲ ਬਦਸਲੂਕੀ ਕੀਤੀ ਗਈ।
ਘਟਨਾ ਦੀ ਕਵਰੇਜ ਕਰ ਰਹੇ ਇੱਕ ਫੋਟੋ ਪੱਤਰਕਾਰ ਨੇ ਦੱਸਿਆ ਕਿ ਪੁਲਿਸ ਨੇ ਵਿਦਿਆਰਥੀਆਂ ਦੇ ਇੱਕ ਸਮੂਹ ਨਾਲ ਕੁੱਟਮਾਰ ਕੀਤੀ ਅਤੇ ਜਦੋਂ ਪੱਤਰਕਾਰਾਂ ਨੇ ਇਸ ਕਾਰਵਾਈ ਨੂੰ ਰਿਕਾਰਡ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਇਤਰਾਜ਼ ਜਤਾਇਆ। ਜਦੋਂ ਰਿਕਾਰਡਿੰਗ ਜਾਰੀ ਰੱਖੀ ਗਈ ਤਾਂ ਇੱਕ ਅਧਿਕਾਰੀ ਨੇ ਫੁਟੇਜ ਡਿਲੀਟ ਕਰਨ ਲਈ ਕਿਹਾ।
ਪੱਤਰਕਾਰ ਨੇ ਕਿਹਾ ਕਿ ਜਦੋਂ ਪੁਲਿਸ ਵਾਲਿਆਂ ਨੇ ਮਹਿਲਾ ਪ੍ਰਦਰਸ਼ਨਕਾਰੀਆਂ ਦੀ ਹਿਰਾਸਤ ਨੂੰ ਰਿਕਾਰਡ ਕਰਨਾ ਜਾਰੀ ਰੱਖਿਆ ਤਾਂ ਉਨ੍ਹਾਂ ਨੇ ਇਤਰਾਜ਼ ਕੀਤਾ। ਇੱਕ ਫੋਟੋ ਪੱਤਰਕਾਰ ਨੂੰ ਧਮਕੀ ਦਿੱਤੀ ਗਈ ਅਤੇ ਕੁੱਟਿਆ ਗਿਆ, ਜਦੋਂ ਕਿ ਇੱਕ ਹੋਰ ਨੂੰ ਜ਼ਮੀਨ 'ਤੇ ਧੱਕ ਦਿੱਤਾ ਗਿਆ।
ਪੁਲਿਸ ਨੇ ਉਸ ਦਾ ਫ਼ੋਨ ਖੋਹ ਕੇ ਦੂਰ ਸੁੱਟ ਦਿੱਤਾ ਸੀ। ਉਸ ਨੇ ਦੱਸਿਆ ਕਿ ਉਸ ਦਾ ਕਾਲਰ ਖਿੱਚਿਆ ਗਿਆ, ਪਿੱਛੇ ਤੋਂ ਧੱਕਾ ਦਿੱਤਾ ਗਿਆ ਅਤੇ ਲੱਤ 'ਤੇ ਮਾਰਿਆ ਗਿਆ। ਇੱਕ ਅਧਿਕਾਰੀ ਨੇ ਉਸ ਨੂੰ ਜੇਲ੍ਹ ’ਚ ਡੱਕਣ ਦੀ ਧਮਕੀ ਵੀ ਦਿੱਤੀ।
ਪੱਤਰਕਾਰਾਂ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਦਰਸ਼ਨ ਵਾਲੀ ਥਾਂ 'ਤੇ ਮਹਿਲਾ ਪੁਲਿਸ ਕਰਮਚਾਰੀ ਘੱਟ ਸਨ ਅਤੇ ਮਰਦ ਅਧਿਕਾਰੀ ਹੀ ਪ੍ਰਦਰਸ਼ਨਕਾਰੀਆਂ ਨੂੰ ਸੰਭਾਲ ਰਹੇ ਸਨ।
ਵਿਦਿਆਰਥੀ ਕਿਉਂ ਕਰ ਰਹੇ ਸਨ ਪ੍ਰਦਰਸ਼ਨ?
ਇਹ ਵਿਰੋਧ ਪ੍ਰਦਰਸ਼ਨ ਦਿੱਲੀ ’ਚ SIR ਖ਼ਿਲਾਫ਼ ਪ੍ਰਦਰਸ਼ਨ ਕਰਨ ਵਾਲਿਆਂ 'ਤੇ ਪੁਲਿਸ ਦੀ ਕਾਰਵਾਈ ਦੀ ਨਿੰਦਾ ਕਰਨ ਲਈ ਆਯੋਜਿਤ ਕੀਤਾ ਗਿਆ ਸੀ। ਉੱਥੇ SIR ਨੂੰ ਰੱਦ ਕਰਨ ਅਤੇ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਹੋਏ ਪ੍ਰਦਰਸ਼ਨਾਂ ਦੌਰਾਨ ਐਕਟੀਵਿਸਟ, ਵਕੀਲ, ਵਿਦਿਆਰਥੀ ਅਤੇ ਪੱਤਰਕਾਰਾਂ ਨੂੰ ਹਿਰਾਸਤ ’ਚ ਲਿਆ ਗਿਆ ਸੀ।
ਬੈਂਗਲੁਰੂ ਦੀ ਕਾਰਵਾਈ ਦੀ ਸੋਸ਼ਲ ਮੀਡੀਆ 'ਤੇ ਆਲੋਚਨਾ
ਬੈਂਗਲੁਰੂ ਵਿੱਚ ਹੋਈਆਂ ਗ੍ਰਿਫ਼ਤਾਰੀਆਂ ਦੀ ਸੋਸ਼ਲ ਮੀਡੀਆ 'ਤੇ ਭਾਰੀ ਆਲੋਚਨਾ ਹੋਈ, ਕਈ ਲੋਕਾਂ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ।
ਅਸ਼ੋਕਾ ਯੂਨੀਵਰਸਿਟੀ ’ਚ ਰਾਈਟਿੰਗ ਦੀ ਐਸੋਸੀਏਟ ਪ੍ਰੋਫੈਸਰ ਅਰਪਿਤਾ ਦਾਸ ਨੇ X (ਟਵਿੱਟਰ) 'ਤੇ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਅਤੇ ਖੜਗੇ ਨੂੰ ਟੈਗ ਕਰਦੇ ਹੋਏ ਲਿਖਿਆ, 'ਬੈਂਗਲੁਰੂ ਵਿੱਚ SIR-ਵਿਰੋਧੀ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਣ ਗਈ ਮੇਰੀ ਧੀ ਅਤੇ ਉਸ ਦੀ ਦੋਸਤ ਨੂੰ ਹੁਣੇ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਕਾਂਗਰਸ ਸ਼ਾਸਤ ਰਾਜ ਵਿੱਚ ਅਜਿਹਾ ਕਿਉਂ ਹੋ ਰਿਹਾ ਹੈ, ਜਦਕਿ ਨੌਜਵਾਨ ਤੁਹਾਡੇ ਮਕਸਦ ਦੇ ਸਮਰਥਨ ਵਿੱਚ ਅੱਗੇ ਆ ਰਹੇ ਹਨ? ਕਿਰਪਾ ਕਰਕੇ ਜਵਾਬ ਦਿਓ।'
ਪੁਲਿਸ ਦੀ ਕਾਰਵਾਈ ਦੀ ਵੀਡੀਓ ਸ਼ੇਅਰ ਕਰਦੇ ਹੋਏ ਪ੍ਰਤੀਕ ਵਾਘਰੇ ਨੇ ਪ੍ਰਦਰਸ਼ਨਕਾਰੀਆਂ ਪ੍ਰਤੀ ਕਰਨਾਟਕ ਸਰਕਾਰ ਦੇ ਰਵੱਈਏ 'ਤੇ ਸਵਾਲ ਚੁੱਕੇ। ਉਨ੍ਹਾਂ ਨੇ ਖੜਗੇ ਨੂੰ ਟੈਗ ਕਰਦਿਆਂ ਲਿਖਿਆ, 'RSS ਖ਼ਿਲਾਫ਼ ਤੁਹਾਡੇ ਤਮਾਮ ਬਿਆਨਾਂ ਦੇ ਬਾਵਜੂਦ ਤੁਹਾਡੀ ਪੁਲਿਸ ਅਜਿਹੇ ਕੰਮ ਕਰ ਰਹੀ ਹੈ ਜਿਵੇਂ ਉਹ RSS ਨਾਲ ਜੁੜੀ ਕਿਸੇ ਸਿਆਸੀ ਪਾਰਟੀ ਵੱਲੋਂ ਚਲਾਈ ਜਾ ਰਹੀ ਹੋਵੇ।'
DCP ਅਕਸ਼ੇ ਐੱਮ. ਹਕਾਏ ਨੇ ਕਿਹਾ ਕਿ KR ਸਰਕਲ ਨੇੜੇ ਬਿਨਾਂ ਇਜਾਜ਼ਤ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੂੰ ਫ੍ਰੀਡਮ ਪਾਰਕ ਜਾਣ ਲਈ ਕਿਹਾ ਗਿਆ ਸੀ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਦੇਖਭਾਲ ਵਜੋਂ ਹਿਰਾਸਤ ਵਿੱਚ ਲਿਆ ਗਿਆ ਅਤੇ ਬਾਅਦ ਵਿੱਚ ਛੱਡ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਪੁਲਿਸ ਨੇ ਸੰਜਮ ਵਰਤਿਆ ਅਤੇ ਪੱਤਰਕਾਰਾਂ ਤੇ ਪੁਲਿਸ ਵਾਲਿਆਂ ਵਿਚਕਾਰ ਟਕਰਾਅ ਪੂਰੀ ਤਰ੍ਹਾਂ ਅਣਜਾਣੇ ਵਿੱਚ ਅਤੇ ਤਣਾਅਪੂਰਨ ਹਾਲਾਤਾਂ ਵਿੱਚ ਹੋਇਆ। ਬੈਂਗਲੁਰੂ ਸਿਟੀ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਾਈ ਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਸਿਰਫ਼ ਫ੍ਰੀਡਮ ਪਾਰਕ ਵਿੱਚ ਹੀ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ।